ਚੰਡੀਗੜ੍ਹ, (ਭੁੱਲਰ)— ਪੰਜਾਬ ਦੇ 5178 ਸ਼੍ਰੇਣੀ ਵਾਲੇ ਅਧਿਆਪਕਾਂ ਨੇ ਆਪਣੀਆਂ ਸੇਵਾਵਾਂ ਰੈਗੂਲਰ ਕਰਵਾਉਣ ਲਈ ਸਰਕਾਰ ਦੇ ਰਵੱਈਏ ਖਿਲਾਫ਼ ਰੋਸ ਜਤਾਉਂਦਿਆਂ ਕਾਲੀ ਦੀਵਾਲੀ ਮਨਾਉਣ ਦਾ ਐਲਾਨ ਕੀਤਾ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਆਪਣੇ ਅੰਦੋਲਨ ਕਾਰਨ ਇਹ ਅਧਿਆਪਕ 7 ਵਾਰ ਕਾਲੀ ਦੀਵਾਲੀ ਮਨਾ ਚੁੱਕੇ ਹਨ। ਯੂਨੀਅਨ ਆਗੂਆਂ ਦਾ ਕਹਿਣਾ ਹੈ ਕਿ ਭਾਵੇਂ ਸੂਬਾ ਸਰਕਾਰ ਆਏ ਦਿਨ ਜਨਤਕ ਸਿੱਖਿਆ ਨੂੰ ਉੱਚਾ ਚੁੱਕਣ ਦੇ ਦਮਗਜੇ ਮਾਰ ਰਹੀ ਹੈ ਪਰ ਜ਼ਮੀਨੀ ਹਕੀਕਤ ਕੁੱਝ ਹੋਰ ਹੀ ਹੈ ਕਿਉਂਕਿ ਜਨਤਕ ਸਿੱਖਿਆ ਦਾ ਧੁਰਾ ਕੌਮ ਦਾ ਨਿਰਮਾਤਾ ਅਧਿਆਪਕ ਸਰਕਾਰਾਂ ਦੀਆਂ ਮਾੜੀਆਂ ਨੀਤੀਆਂ ਕਰਕੇ ਆਪਣੇ ਪਰਿਵਾਰ ਲਈ ਦੋ ਵਕਤ ਦੀ ਰੋਜ਼ੀ ਰੋਟੀ ਜੁਟਾਉਣ ਤੋਂ ਅਵਾਜ਼ਾਰ ਹੋ ਚੁੱਕਾ ਹੈ।
ਵਿਦਿਆਰਥੀਆਂ ਦਾ ਭਵਿੱਖ ਬਣਾਉਣ ਵਾਲੇ ਇਨ੍ਹਾਂ ਕਾਬਿਲ ਅਧਿਆਪਕਾਂ ਦਾ ਆਪਣਾ ਵਰਤਮਾਨ ਅਤੇ ਭਵਿੱਖ ਹਨੇਰੇ 'ਚ ਗੋਤੇ ਖਾ ਰਿਹਾ ਹੈ। 5178 ਅਧਿਆਪਕ ਸੰਵਿਧਾਨਿਕ ਪ੍ਰਕਿਰਿਆ ਤਹਿਤ ਨਵੰਬਰ 2014 'ਚ ਤਿੰਨ ਸਾਲ ਦੀ ਠੇਕਾ ਅਧਾਰਿਤ ਸੇਵਾ ਸਫਲਤਾਪੂਰਵਕ ਪੂਰੀ ਕਰਨ ਅਤੇ ਨਵੰਬਰ 2017 'ਚ ਪੂਰੇ ਤਨਖਾਹ ਸਕੇਲ 'ਤੇ ਰੈਗੂਲਰ ਕਰਨ ਦੀਆਂ ਲਿਖਤੀ ਸ਼ਰਤਾਂ ਤਹਿਤ ਮਹਿਜ 6000/-ਰੁਪਏ ਵਰਗੀ ਨਿਗੂਣੀ ਤਨਖਾਹ ਅਤੇ ਨਿਯੁਕਤ ਕੀਤੇ ਗਏ ਸਨ। ਮਜ਼ਦੂਰਾਂ ਤੋਂ ਵੀ ਘੱਟ ਤਨਖਾਹ 'ਤੇ ਉਸ ਸਮੇਂ ਅਧਿਆਪਕਾਂ ਨੇ ਇਸ ਆਸ 'ਤੇ ਜੁਆਇਨ ਕਰ ਲਿਆ ਕਿ ਤਿੰਨ ਸਾਲ ਬਾਅਦ ਉਨ੍ਹਾਂ ਦੀ ਜੂਨ ਸੁਧਰ ਜਾਵੇਗੀ ਪਰ ਮੌਜੂਦਾ ਸਰਕਾਰ ਨੇ ਵੀ ਲਾਰੇ ਲੱਪੇ ਲਾਉਂਦੇ ਹੋਏ ਸ਼ੋਸ਼ਣ ਦਾ ਦੌਰ ਜਾਰੀ ਰੱਖਿਆ। ਸ਼ੋਸ਼ਣ ਇਸ ਕਦਰ ਜਾਰੀ ਹੈ ਕਿ ਅਨੇਕਾਂ 5178 ਅਧਿਆਪਕਾਂ ਦੀ 6000/-ਰੁਪਏ ਤਨਖਾਹ ਵੀ ਪਿਛਲੇ 11 ਮਹੀਨਿਆਂ ਤੋਂ ਬੰਦ ਹੈ। 5178 ਅਧਿਆਪਕਾਂ ਨੂੰ ਰੈਗੂਲਰ ਕਰਨ ਸਬੰਧੀ ਸੂਬਾ ਸਰਕਾਰ ਨੇ ਸਿੱਖਿਆ ਵਿਭਾਗ ਦੇ ਡਾਇਰੈਕਟਰ ਰਾਹੀਂ 12 ਅਕਤੂਬਰ 2017 ਨੂੰ ਪੱਤਰ ਜਾਰੀ ਕਰਕੇ ਜ਼ਿਲਾ ਪੱਧਰ 'ਤੇ ਕਮੇਟੀਆਂ ਬਣਾ ਕੇ ਇਨ੍ਹਾਂ ਦੇ ਕੇਸ ਵੀ ਮੰਗਵਾਏ ਸਨ ਪਰ ਇੱਕ ਸਾਲ ਤੋਂ ਉੱਪਰ ਦਾ ਸਮਾਂ ਬੀਤ ਜਾਣ ਦੇ ਬਾਵਜੂਦ ਰੈਗੂਲਰ ਆਰਡਰਾਂ ਦੀ ਕੋਈ ਉੱਘ-ਸੁੱਘ ਨਹੀਂ ਹੈ।
ਹੋਰ ਵਧੀਆਂ ਬਾਦਲ ਪਰਿਵਾਰ ਦੀਆਂ ਮੁਸ਼ਕਲਾਂ, ਪੰਥਕ ਜਥੇਬੰਦੀਆਂ ਵਲੋਂ ਬਾਈਕਾਟ
NEXT STORY