ਚੰਡੀਗੜ੍ਹ/ਡੇਰਾ ਬਾਬਾ ਨਾਨਕ : ਸਿੱਖਾਂ ਵਲੋਂ ਰੋਜ਼ਾਨਾ ਕੀਤੀ ਜਾਂਦੀ ਅਰਦਾਸ ਆਖਿਰ 7 ਦਹਾਕਿਆਂ ਬਾਅਦ ਪੂਰੀ ਹੋ ਗਈ ਹੈ। ਸ਼ਨੀਵਾਰ ਨੂੰ ਉਹ ਸਮਾਂ ਆਇਆ ਜਦੋਂ ਸੰਗਤ ਨੇ ਗੁਰੂ ਨਾਨਕ ਦੇਵ ਜੀ ਦੇ ਪ੍ਰਸਿੱਥ ਅਸਥਾਨ ਸ੍ਰੀ ਕਰਤਾਰਪੁਰ ਸਾਹਿਬ ਦੇ ਖੁੱਲ੍ਹੇ ਦਰਸ਼ਨ ਦੀਦਾਰ ਕੀਤੇ। ਇਸ ਲਾਂਘੇ ਦੇ ਖੁੱਲ੍ਹਣ ਵਿਚ ਦੋਵਾਂ ਦੇਸ਼ਾਂ ਦੀਆਂ ਸਰਕਾਰਾਂ ਵਿਚਾਲੇ ਤਿੰਨ ਪੜਾਵਾਂ ਦੀਆਂ ਉੱਚ ਪੱਧਰੀ ਮੀਟਿੰਗਾਂ ਹੋਈਆਂ। ਬਾਬਾ ਨਾਨਕ ਦੇ 550ਵੇਂ ਪ੍ਰਕਾਸ਼ ਪੁਰਬ ਦੇ ਮੱਦੇਨਜ਼ਰ ਭਾਰਤ ਅਤੇ ਪਾਕਿਸਤਾਨ ਵੱਲੋਂ ਨਵੰਬਰ 2018 ਵਿਚ ਆਪੋ-ਆਪਣੇ ਪਾਸੇ ਕਰਤਾਰਪੁਰ ਲਾਂਘੇ ਦਾ ਨਿਰਮਾਣ ਕਰਨ ਦਾ ਫ਼ੈਸਲਾ ਕੀਤਾ ਗਿਆ ਸੀ। ਕਰਤਾਰਪੁਰ ਲਾਂਘਾ ਖੋਲ੍ਹਣ ਬਾਰੇ ਪਹਿਲੇ ਪੜਾਅ ਦੀ ਗੱਲਬਾਤ ਪੁਲਵਾਮਾ ਅਤਿਵਾਦੀ ਹਮਲੇ ਤੋਂ ਇਕ ਮਹੀਨੇ ਬਾਅਦ ਅਟਾਰੀ-ਵਾਹਗਾ ਬਾਰਡਰ 'ਤੇ ਭਾਰਤ ਵਾਲੇ ਪਾਸੇ 14 ਮਾਰਚ 2019 ਨੂੰ ਕੀਤੀ ਗਈ ਸੀ।

ਅਟਾਰੀ-ਵਾਹਗਾ ਬਾਰਡਰ 'ਤੇ ਹੀ ਪਾਕਿਸਤਾਨ ਵਾਲੇ ਪਾਸੇ ਦੂਜੇ ਗੇੜ ਦੀ ਗੱਲਬਾਤ ਦੌਰਾਨ 14 ਜੁਲਾਈ ਨੂੰ ਪਾਕਿਸਤਾਨ ਵੱਲੋਂ ਪਾਸਪੋਰਟ ਨਾਲ ਰੋਜ਼ਾਨਾ 5 ਹਜ਼ਾਰ ਭਾਰਤੀ ਸ਼ਰਧਾਲੂਆਂ ਨੂੰ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨਾਂ ਸਬੰਧੀ ਸਹਿਮਤੀ ਦਿੱਤੀ ਗਈ। ਦੂਜੇ ਗੇੜ ਦੀ ਗੱਲਬਾਤ ਪਹਿਲਾਂ 2 ਅਪ੍ਰੈਲ ਨੂੰ ਹੋਣੀ ਸੀ ਪਰ ਭਾਰਤ ਨੇ ਖਾਲਿਸਤਾਨ ਪੱਖੀ ਆਗੂ ਗੋਪਾਲ ਸਿੰਘ ਚਾਵਲਾ ਦੀ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਪੀ. ਐੱਸ. ਜੀ. ਪੀ. ਸੀ.) 'ਚ ਮੌਜੂਦਗੀ ਦਾ ਹਵਾਲਾ ਦਿੰਦਿਆਂ ਰੱਦ ਕਰ ਦਿੱਤੀ ਸੀ। ਜਿਸ 'ਤੇ ਪਾਕਿਸਤਾਨ ਵੱਲੋਂ ਪੀ. ਐੱਸ. ਜੀ. ਪੀ. ਸੀ. ਦਾ 10 ਮੈਂਬਰੀ ਨਵਾਂ ਪੈਨਲ ਬਣਾ ਦਿੱਤਾ ਗਿਆ ਸੀ। ਗੱਲਬਾਤ ਦੌਰਾਨ ਭਾਰਤ ਵੱਲੋਂ ਸੌਂਪੇ ਡੋਜ਼ੀਅਰ 'ਚ ਇਸ ਬਾਰੇ ਇਤਰਾਜ਼ ਵੀ ਉਠਾਏ ਸਨ।

ਅਟਾਰੀ ਵਿਚ 4 ਸਤੰਬਰ ਹੋਈ ਵਿਚ ਹੋਈ ਸੰਯੁਕਤ ਸਕੱਤਰ ਪੱਧਰੀ ਤੀਜੇ ਗੇੜ ਦੀ ਗੱਲਬਾਤ 'ਚ ਪਾਕਿਸਤਾਨ ਦਾ 20 ਮੈਂਬਰੀ ਵਫ਼ਦ ਸ਼ਾਮਲ ਹੋਇਆ ਕਰਤਾਰਪੁਰ ਲਾਂਘੇ ਨੂੰ ਚਾਲੂ ਕਰਨ ਸਮਝੌਤੇ ਦਾ ਮਸੌਦਾ ਤਿਆਰ ਕੀਤਾ ਗਿਆ। ਇਸ ਮੌਕੇ ਪਾਕਿਸਤਾਨ ਨੇ 20 ਡਾਲਰ ਫ਼ੀਸ ਦੇ ਮੁੱਦੇ 'ਤੇ ਜ਼ੋਰ ਦਿੱਤਾ ਪਰ ਭਾਰਤ ਵੱਲੋਂ ਇਹ ਮੁਆਫ਼ ਕਰਨ ਦੀ ਅਪੀਲ ਕੀਤੀ ਗਈ। ਇਸ ਮਗਰੋਂ ਦੋਵਾਂ ਦੇਸ਼ਾਂ ਵੱਲੋਂ 24 ਅਕਤੂਬਰ ਨੂੰ 'ਜ਼ੀਰੋ ਪੁਆਇੰਟ' 'ਤੇ ਸਮਝੌਤੇ 'ਤੇ ਦਸਤਖ਼ਤ ਕੀਤੇ ਗਏ ਅਤੇ 9 ਨਵੰਬਰ ਨੂੰ ਲਾਂਘਾ ਚਾਲੂ ਕਰ ਦਿੱਤਾ ਗਿਆ।
ਅਬੋਹਰ: ਸਾਬਕਾ ਸਰਪੰਚ ਦੀ ਗੋਲੀ ਲੱਗਣ ਨਾਲ ਮੌਤ
NEXT STORY