ਜਲੰਧਰ(ਪੁਨੀਤ): ਤੇਜ਼ ਹਨੇਰੀ ਚੱਲਣ ਨਾਲ ਬੀਤੇ ਦਿਨੀਂ ਪਏ 19 ਹਜ਼ਾਰ ਤੋਂ ਵੱਧ ਫਾਲਟ ਵਿਭਾਗ ਤੇ ਖਪਤਕਾਰਾਂ ਲਈ ਹੁਣ ਵੀ ਪ੍ਰੇਸ਼ਾਨੀ ਦਾ ਸਬੱਬ ਬਣੇ ਰਹੇ। ਲਾਈਨਾਂ ਦੀ ਰਿਪੇਅਰ ਨੂੰ ਲੈ ਕੇ ਫੀਲਡ ਸਟਾਫ ਨੇ ਕਈ ਇਲਾਕਿਆਂ ਵਿਚ ਸਵੇਰ ਤੋਂ ਸ਼ਾਮ ਤੱਕ ਮੇਨਟੀਨੈਂਸ ਦਾ ਕੰਮ ਜਾਰੀ ਰੱਖਿਆ, ਜਿਸ ਕਾਰਨ ਵੱਖ-ਵੱਖ ਇਲਾਕਿਆਂ ਵਿਚ 6-7 ਘੰਟੇ ਬਿਜਲੀ ਬੰਦ ਰਹੀ। ਇਕ ਪਾਸੇ ਵਿਭਾਗੀ ਕਰਮਚਾਰੀ ਪੁਰਾਣੇ ਪਏ ਫਾਲਟ ਠੀਕ ਕਰਨ, ਦੂਜੀਆਂ ਲਾਈਨਾਂ ’ਤੇ ਪਾਇਆ ਲੋਡ ਵਾਪਸ ਪੁਰਾਣੀ ਲਾਈਨ ’ਤੇ ਪਾਉਣ ’ਤੇ ਕੰਮ ਕਰ ਰਹੇ ਹਨ, ਉਥੇ ਹੀ ਨਵੇਂ ਫਾਲਟ ਪੈਣ ਦੀਆਂ ਸ਼ਿਕਾਇਤਾਂ ਆਉਣ ਨਾਲ ਫੀਲਡ ਸਟਾਫ ਦਾ ਕੰਮ ਹੋਰ ਵੀ ਵਧ ਗਿਆ। ਅਧਿਕਾਰੀਆਂ ਦਾ ਕਹਿਣਾ ਹੈ ਕਿ ਜ਼ੋਨ ਦੇ ਕੁਝ ਸਰਕਲਾਂ ਵਿਚ ਪੈਂਦੀਆਂ ਡਵੀਜ਼ਨਾਂ ਦੇ ਏ. ਪੀ. ਫੀਡਰਾਂ ’ਤੇ ਕੰਮ ਬੁੱਧਵਾਰ ਨੂੰ ਵੀ ਕਰਵਾਇਆ ਜਾਵੇਗਾ।
ਇਹ ਵੀ ਪੜ੍ਹੋ- ਪੰਜਾਬ ਸਰਕਾਰ ਦੀ ਵੱਡੀ ਪ੍ਰਾਪਤੀ, ਰਜਿਸਟ੍ਰੇਸ਼ਨ ਅਤੇ ਸਟੈਂਪਾਂ ਤੋਂ ਆਮਦਨ 'ਚ 30 ਫ਼ੀਸਦੀ ਵਾਧੇ ਦਾ ਦਾਅਵਾ
ਜ਼ੋਨ ਵਿਚ ਬਿਜਲੀ ਸਬੰਧੀ 3500 ਦੇ ਲਗਭਗ ਸ਼ਿਕਾਇਤਾਂ ਪ੍ਰਾਪਤ ਹੋਈਆਂ, ਹਾਲਾਂਕਿ ਅਧਿਕਾਰੀਆਂ ਦਾ ਕਹਿਣਾ ਹੈ ਕਿ ਜਿਹੜੇ ਇਲਾਕਿਆਂ ਵਿਚ ਲਾਈਨਾਂ ਦੀ ਰਿਪੇਅਰ ਕਰਨ ਲਈ ਜਿੱਥੇ ਬਿਜਲੀ ਬੰਦ ਰੱਖੀ ਗਈ ਸੀ, ਉਸ ਇਲਾਕੇ ਦੇ ਖਪਤਕਾਰਾਂ ਵੱਲੋਂ ਵੀ ਬਿਜਲੀ ਦੀ ਖਰਾਬੀ ਦੀਆਂ ਸ਼ਿਕਾਇਤਾਂ ਕੀਤੀਆਂ ਜਾ ਰਹੀਆਂ ਸਨ ਅਤੇ ਲਾਈਨ ਚਲਾਉਣ ਤੋਂ ਬਾਅਦ ਸ਼ਿਕਾਇਤਾਂ ਤੁਰੰਤ ਹੱਲ ਹੋ ਗਈਆਂ।
ਫੀਲਡ ਸਟਾਫ ਦਾ ਕਹਿਣਾ ਹੈ ਕਿ ਹਨੇਰੀ ਕਾਰਨ ਕਈ ਲਾਈਨਾਂ ਵਿਚ ਖਰਾਬੀ ਆ ਚੁੱਕੀ ਸੀ ਪਰ ਬੀਤੇ ਦਿਨੀਂ ਉਨ੍ਹਾਂ ’ਤੇ ਕੰਮ ਪੂਰਾ ਨਹੀਂ ਹੋ ਸਕਿਆ ਸੀ, ਜਿਸ ਕਾਰਨ ਵਿਭਾਗ ਨੂੰ ਅੱਜ ਸਾਰਾ ਦਿਨ ਰਿਪੇਅਰ ਦੀ ਮੁਹਿੰਮ ਚਲਾਉਣੀ ਪਈ। ਉਥੇ ਹੀ, ਅਧਿਕਾਰੀਆਂ ਦਾ ਕਹਿਣਾ ਹੈ ਕਿ ਪਿਛਲੇ ਕਈ ਹਫਤਿਆਂ ਤੋਂ ਓਵਰਲੋਡ ਚੱਲ ਰਹੇ ਸਿਸਟਮ ਨੂੰ ਰਾਹਤ ਮਿਲੀ ਅਤੇ ਟਰਾਂਸਫਾਰਮਰ ਵਿਚ ਫਾਲਟ ਦੇ ਕੇਸ ਸੁਣਨ ਨੂੰ ਨਹੀਂ ਮਿਲੇ। ਵਿਭਾਗ ਵੱਲੋਂ ਮੁੱਖ ਰੂਪ ਵਿਚ ਲਾਈਨਾਂ ਦੀ ਮੁਰੰਮਤ ’ਤੇ ਫੋਕਸ ਕੀਤਾ ਗਿਆ। ਜ਼ੋਨ ਵਿਚ ਪੈਂਦੇ ਸੈਂਕੜੇ ਇਲਾਕਿਆਂ ਵਿਚ ਦਰੱਖਤਾਂ ਆਦਿ ਦੀਆਂ ਟਾਹਣੀਆਂ ਡਿੱਗਣ ਕਾਰਨ ਲਾਈਨਾਂ ਵਿਚ ਅੜਿੱਕਾ ਪਿਆ ਸੀ ਅਤੇ ਕਈ ਲਾਈਨਾਂ ਟੁੱਟ ਚੁੱਕੀਆਂ ਸਨ।
ਇਹ ਵੀ ਪੜ੍ਹੋ- ਪੰਜਾਬ ਸਰਕਾਰ ਦਾ ਇੱਕ ਹੋਰ ਵੱਡਾ ਫ਼ੈਸਲਾ , ਕਾਗਜ਼ ਰਹਿਤ ਹੋਵੇਗਾ ਇਸ ਵਾਰ ਦਾ ਬਜਟ
ਵਿਭਾਗ ਨੇ ਸਪਲਾਈ ਚਾਲੂ ਕਰਵਾਉਣ ਲਈ ਟੈਂਪਰੇਰੀ ਤੌਰ ’ਤੇ ਲਾਈਨਾਂ ਚਾਲੂ ਕਰਵਾ ਦਿੱਤੀਆਂ ਸਨ ਪਰ ਤਾਰਾਂ ਬਦਲਣਾ ਬਾਕੀ ਸੀ। ਇਸ ਲੜੀ ਵਿਚ ਵੱਖ-ਵੱਖ ਇਲਾਕਿਆਂ ਵਿਚ ਕਰੇਨ ਆਦਿ ਦੀ ਮਦਦ ਨਾਲ ਖੰਭਿਆਂ ਆਦਿ ’ਤੇ ਵੀ ਕੰਮ ਕਰਵਾਇਆ ਗਿਆ।
ਬਿਜਲੀ ਚੋਰੀ ਤੇ ਡਿਫਾਲਟਰਾਂ ’ਤੇ ਚੱਲੇਗੀ ਮੁਹਿੰਮ
ਬਿਜਲੀ ਦੀ ਖਰਾਬੀ ਕਾਰਨ ਲੱਖਾਂ ਲੋਕ ਪ੍ਰਭਾਵਿਤ ਹੋਏ ਹਨ। ਕਈ ਇਲਾਕਿਆਂ ਦੇ ਲੋਕਾਂ ਨੂੰ 18 ਘੰਟੇ ਤੱਕ ਬਲੈਕਆਊਟ ਦਾ ਸੰਤਾਪ ਝੱਲਣਾ ਪੈ ਚੁੱਕਾ ਹੈ। ਇਸ ਕਾਰਨ ਵਿਭਾਗ ਵੱਲੋਂ ਪਿਛਲੇ ਲਗਭਗ 2 ਦਿਨਾਂ ਤੋਂ ਬਿਜਲੀ ਚੋਰਾਂ ਖ਼ਿਲਾਫ਼ ਚਲਾਈ ਜਾ ਰਹੀ ਮੁਹਿੰਮ ਅਤੇ ਡਿਫਾਲਟਰਾਂ ਦੇ ਕੁਨੈਕਸ਼ਨਾਂ ਦੇ ਕੱਟਣ ਦੇ ਕੰਮ ਨੂੰ ਹੌਲੀ ਕੀਤਾ ਗਿਆ ਹੈ। ਹੁਣ ਸਪਲਾਈ ਪੂਰੀ ਤਰ੍ਹਾਂ ਸੁਚਾਰੂ ਹੋ ਚੁੱਕੀ ਹੈ, ਜਿਸ ਕਾਰਨ ਵਿਭਾਗ ਵੱਲੋਂ ਬੁੱਧਵਾਰ ਨੂੰ ਬਿਜਲੀ ਚੋਰਾਂ ਖ਼ਿਲਾਫ ਮੁਹਿੰਮ ਚਲਾਈ ਜਾਵੇਗੀ ਅਤੇ ਨਾਲ ਹੀ ਨਾਲ ਡਿਫਾਲਟਰਾਂ ਦੀ ਵੀ ਨਕੇਲ ਕੱਸੀ ਜਾਵੇਗੀ। ਇਸਦੇ ਲਈ ਫੀਲਡ ਸਟਾਫ ਦੀਆਂ ਟੀਮਾਂ ਦੀਆਂ ਡਿਊਟੀਆਂ ਲਾ ਦਿੱਤੀਆਂ ਗਈਆਂ ਹਨ, ਜੋ ਕਿ ਬੁੱਧਵਾਰ ਸ਼ਾਮ ਤੱਕ ਇਸੇ ਕੰਮ ’ਤੇ ਫੋਕਸ ਕਰਨਗੀਆਂ।
ਨੋਟ- ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਪੰਜਾਬ ਸਰਕਾਰ ਦਾ ਇੱਕ ਹੋਰ ਵੱਡਾ ਫ਼ੈਸਲਾ , ਕਾਗਜ਼ ਰਹਿਤ ਹੋਵੇਗਾ ਇਸ ਵਾਰ ਦਾ ਬਜਟ
NEXT STORY