ਚੰਡੀਗਡ਼੍ਹ, (ਰਮਨਜੀਤ)- ਗੈਂਗਸਟਰਾਂ ਤੇ ਹੋਰ ਖੂੰਖਾਰ ਕੈਦੀਆਂ ਦੇ ਅਦਾਲਤਾਂ ’ਚ ਪੇਸ਼ੀ ’ਤੇ ਜਾਣ ਸਮੇਂ ਭੱਜਣ ਦੀਆਂ ਘਟਨਾਵਾਂ ਤੋਂ ਬਚਣ ਲਈ ਜੇਲ੍ਹ ਵਿਭਾਗ ਵੱਡੀ ਯੋਜਨਾ ’ਤੇ ਕੰਮ ਕਰ ਰਿਹਾ ਹੈ। ਇਸ ਦੇ ਤਹਿਤ ਛੇ ਜੇਲਾਂ ਦੇ ਅੰਦਰ ਕੋਰਟਰੂਮ ਬਣ ਕੇ ਤਿਆਰ ਹੋ ਚੁੱਕੇ ਹਨ ਅਤੇ ਮੈਕਸਿਮਮ ਸਿਕਿਓਰਿਟੀ ਜੇਲ੍ਹ ਨਾਭਾ ’ਚ ਕੋਰਟਰੂਮ ਨੂੰ ਤਿਆਰ ਕਰਨ ਲਈ ਮੰਤਰੀ ਵਲੋਂ ਆਪਣੇ ਅਖ਼ਤਿਆਰੀ ਫੰਡ ਤੋਂ 5 ਲੱਖ ਰੁਪਏ ਦਿੱਤੇ ਗਏ ਹਨ। ਜੇਲਾਂ ’ਚ ਕੋਰਟਰੂਮ ਤਿਆਰ ਹੋਣ ਸਬੰਧੀ ਸੂਚਨਾ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਚੀਫ ਜਸਟਿਸ ਨੂੰ ਭੇਜੀ ਜਾਵੇਗੀ ਤਾਂ ਕਿ ਜੇਲਾਂ ਦੇ ਅੰਦਰ ਹੀ ਕੈਦੀਆਂ ਦੇ ਮਾਮਲਿਆਂ ਦੀ ਸੁਣਵਾਈ ਦਾ ਇੰਤਜਾਮ ਹੋ ਸਕੇ।
ਜਾਣਕਾਰੀ ਮੁਤਾਬਿਕ ਸੂਬੇ ਦੀ ਅੰਮ੍ਰਿਤਸਰ, ਜਲੰਧਰ, ਕਪੂਰਥਲਾ, ਲੁਧਿਆਣਾ, ਪਟਿਆਲਾ, ਬਠਿੰਡਾ ਸਥਿਤ ਕੇਂਦਰੀ ਜੇਲਾਂ ’ਚ ਕੋਰਟਰੂਮ ਤਿਆਰ ਹੋ ਚੁੱਕੇ ਹਨ, ਜਦੋਂ ਕਿ ਮੈਕਸਿਮਮ ਸਿਕਿਓਰਿਟੀ ਜੇਲ੍ਹ ਦੇ ਕੋਰਟਰੂਮ ਨੂੰ ਤਿਆਰ ਕਰਨ ਲਈ ਵਿਭਾਗ ਨੂੰ ਨਿਰਦੇਸ਼ ਅਤੇ ਫੰਡ ਦੇ ਦਿੱਤੇ ਗਏ ਹਨ। ਜੇਲ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਇਨ੍ਹਾਂ ਕੋਰਟਰੂਮਸ ’ਚ ਸੁਣਵਾਈ ਸ਼ੁਰੂ ਕਰਨ ਲਈ ਛੇਤੀ ਹੀ ਰਸਮੀ ਤੌਰ ’ਤੇ ਵਿਭਾਗ ਵਲੋਂ ਚੀਫ਼ ਜਸਟਿਸ ਨੂੰ ਬੇਨਤੀ ਕੀਤੀ ਜਾਵੇਗੀ।
ਜੇਲਾਂ ’ਚ ਉਤਰਨ ਵਾਲੇ ‘ਜਹਾਜਾਂ’ ਨੂੰ ਰੋਕਣ ਲਈ ‘ਨੈਟ’ ਲਗਾਉਣ ’ਤੇ ਵਿਚਾਰ
ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਰਾਜ ਦੀਆਂ ਜੇਲਾਂ ’ਚ ਅਕਸਰ ਨਸ਼ਾ ਅਤੇ ਮੋਬਾਇਲ ਆਦਿ ਦੇ ਫਡ਼੍ਹੇ ਜਾਣ ਦੇ ਮਾਮਲਿਆਂ ਦੀ ਜਾਂਚ ’ਚ ਇਹ ਸਚਾਈ ਵੀ ਸਾਹਮਣੇ ਆਈ ਹੈ ਕਿ ਜੇਲਾਂ ਦੇ ਆਸਪਾਸ ਦੇ ਇਲਾਕੇ ਤੋਂ ਜੇਲ੍ਹਾਂ ਦੇ ਅੰਦਰ ਮੁਲਜ਼ਮਾਂ ਦੇ ਸਾਥੀਆਂ ਵਲੋਂ ‘ਪੈਕੇਟ’ ਸੁੱਟੇ ਜਾਂਦੇ ਹਨ। ਕੈਦੀਆਂ ਵਲੋਂ ਇਸ ਨੂੰ ‘ਜਹਾਜ਼’ ਕੋਡਵਰਡ ਦਿੱਤਾ ਗਿਆ ਹੈ। ਇਹ ਇਸ ਲਈ ਵੀ ਆਸਾਨ ਬਣ ਜਾਂਦਾ ਹੈ ਕਿਉਂਕਿ ਸੂਬੇ ਦੀਆਂ ਕਈ ਜੇਲਾਂ ਦੇ ਆਸਪਾਸ ਉਚੀਆਂ ਰਿਹਾਇਸ਼ੀ ਅਤੇ ਵਪਾਰਕ ਇਮਾਰਤਾਂ ਬਣ ਗਈਆਂ ਹਨ। ਅਜਿਹੀਆਂ ਇਮਾਰਤਾਂ ਦਾ ਇਸਤੇਮਾਲ ਕਰਕੇ ਅਪਰਾਧਿਕ ਪ੍ਰਵਿਰਤੀ ਦੇ ਲੋਕ ਕੈਦੀਆਂ ਤੱਕ ਨਸ਼ਾ ਅਤੇ ਹੋਰ ਸਾਮਾਨ ਆਸਾਨੀ ਨਾਲ ਸੁੱਟ ਸਕਦੇ ਹਨ। ਮੰਤਰੀ ਰੰਧਾਵਾ ਨੇ ਕਿਹਾ ਕਿ ਇਸ ਸਮੱਸਿਆ ਨਾਲ ਜੂਝਣ ਲਈ ਉਨ੍ਹਾਂ ਅਜਿਹੀਆਂ ਜੇਲ੍ਹਾਂ ਦੀ ਚਾਰਦਿਵਾਰੀ ਦੇ ਨਾਲ-ਨਾਲ ਊਪਰੀ ਨੋਕ ਨੂੰ ਹੋਰ ਉਚਾ ਕਰਨ ਲਈ ‘ਨੈਟ’ (ਜਾਲੀ) ਲਗਾਉਣ ਦੀਆਂ ਸੰਭਾਵਨਾਵਾਂ ਲੱਭਣ ਲਈ ਵਿਭਾਗ ਦੇ ਅਧਿਕਾਰੀਆਂ ਨੂੰ ਕਿਹਾ ਹੈ ਅਤੇ ਇਸ ਲਈ ਰਿਪੋਰਟ ਤਿਆਰ ਕਰਨ ਨੂੰ ਕਿਹਾ ਹੈ। ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਪੰਜਾਬ ਦੀਆਂ ਜੇਲ੍ਹਾਂ ’ਤੇ ਗੱਲ ਕਰਨ ਲਈ ਛੇਤੀ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕਰਨਗੇ।
ਭਾਰਤ 'ਚ 4 ਰੰਗਾਂ ਦੇ ਨੇ ਪਾਸਪੋਰਟ, ਤੁਹਾਡੇ ਕੋਲ ਕਿਹੜੇ ਰੰਗ ਦਾ? ਜਾਣੋ ਉਸ ਬਾਰੇ
NEXT STORY