ਦੀਨਾਨਗਰ (ਹਰਜਿੰਦਰ ਸਿੰਘ ਗੋਰਾਇਆ) - ਦਿ ਗੁਰਦਾਸਪੁਰ ਸਹਿਕਾਰੀ ਖੰਡ ਮਿਲਜ਼ ਗੁਰਦਾਸਪੁਰ ਦੇ ਪਿਛਲੀ ਕਾਂਗਰਸ ਸਰਕਾਰ ਵੇਲੇ ਚੁਣੇ ਗਏ ਪ੍ਰਬੰਧਕੀ ਬੋਰਡ ਦੇ 6 ਮੈਂਬਰਾਂ ਦੀ ਨਿਯਮਾਂ ਦੇ ਵਿਰੁੱਧ ਚੋਣ ਕੀਤੇ ਜਾਣ ਅਤੇ ਮਿੱਲ ਦੇ ਡਿਫਾਲਟਰ ਹੋਣ ਦੇ ਦੋਸ਼ਾਂ ਹੇਠ ਸਹਿਕਾਰੀ ਵਿਭਾਗ ਵੱਲੋਂ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਗਿਆ ਹੈ।
ਮੁਅੱਤਲ ਕੀਤੇ ਗਏ 6 ਡਾਇਰੈਕਟਰਾਂ ’ਚ ਜ਼ੋਨ ਨੰਬਰ-1 ਤੋਂ ਕਸ਼ਮੀਰ ਸਿੰਘ ਪਾਹੜਾ, ਜ਼ੋਨ ਨੰਬਰ-2 ਤੋਂ ਕੰਵਰ ਪ੍ਰਤਾਪ ਸਿੰਘ ਵਿਰਕ ਤਲਵੰਡੀ, ਜ਼ੋਨ ਨੰਬਰ-3 ਤੋਂ ਪਰਮਜੀਤ ਸਿੰਘ ਮਹਾਂਦੇਵ ਕਲਾਂ, ਜ਼ੋਨ ਨੰਬਰ-4 ਤੋਂ ਨਰਿੰਦਰ ਸਿੰਘ ਗੁਣੀਆ, ਜ਼ੋਨ ਨੰਬਰ-8 ਤੋਂ ਮਲਕੀਤ ਕੌਰ ਮਗਰਾਲਾ ਅਤੇ ਜ਼ੋਨ ਨੰਬਰ-10 ਤੋਂ ਸਹਿਕਾਰੀ ਸਭਾਵਾਂ ਵੱਲੋਂ ਨਾਮਜ਼ਦ ਮੈਂਬਰ ਹਰਮਿੰਦਰ ਸਿੰਘ ਦੇਹੜ ਦੇ ਨਾਂ ਸ਼ਾਮਲ ਹਨ।
ਇਨ੍ਹਾਂ ਨੂੰ ਸੰਯੁਕਤ ਰਜਿਸਟਰਾਰ ਸਹਿਕਾਰੀ ਸਭਾਵਾਂ ਜਲੰਧਰ ਮੰਡਲ ਵੱਲੋਂ ਰਜਿਸਟਰਾਰ ਸਹਿਕਾਰੀ ਸਭਾਵਾਂ ਪੰਜਾਬ ਦੀਆਂ ਤਾਕਤਾਂ ਦੀ ਵਰਤੋਂ ਕਰਦੇ ਹੋਏ ਚੋਣ ਸਮੇਂ ਨਿਯਮਾਂ ਦੀ ਅਯੋਗਤਾ ਕਾਰਨ ਪੰਜਾਬ ਸਹਿਕਾਰੀ ਸਭਾਵਾਂ ਐਕਟ 1961 ਦੇ ਸੈਕਸ਼ਨ 27(1) ਤਹਿਤ ਮਿੱਲ ਦੇ ਪ੍ਰਬੰਧਕੀ ਬੋਰਡ ਦੀ ਮੈਂਬਰੀ ਤੋਂ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਗਿਆ ਹੈ ਅਤੇ ਇਨ੍ਹਾਂ ਮੁਅੱਤਲ ਕੀਤੇ ਗਏ 6 ਮੈਂਬਰਾਂ ਦੀ ਮੈਂਬਰੀ ਸੀਜ ਕਰਨ ਦੀ ਕਾਰਵਾਈ ਤਹਿਤ ਕਾਰਨ ਦੱਸੋ ਨੋਟਿਸ ਜਾਰੀ ਕਰਦਿਆਂ ਜਵਾਬ ਦੇਣ ਲਈ 15 ਦਿਨਾਂ ਦਾ ਸਮਾਂ ਦਿੱਤਾ ਗਿਆ ਹੈ।
ਇਨ੍ਹਾਂ ਮੁਅੱਤਲ ਕੀਤੇ ਗਏ 6 ਡਾਇਰੈਕਟਰਾਂ ਦੀ ਚੋਣ ਪਿਛਲੀ ਕਾਂਗਰਸ ਸਰਕਾਰ ਦੇ ਕਾਰਜਕਾਲ ਦੇ ਅਖੀਰਲੇ ਦਿਨਾਂ ਦੌਰਾਨ ਦਸੰਬਰ 2021 ’ਚ ਹੋਈ ਸੀ, ਜਿਸ ’ਚ ਪ੍ਰਬੰਧਕੀ ਬੋਰਡ ਦੇ 10 ਮੈਂਬਰ ਚੁਣੇ ਗਏ ਸਨ। ਸ਼ੂਗਰ ਮਿੱਲ ਬਾਈਲਾਜ਼ ਅਨੁਸਾਰ ਕਿਸੇ ਵੀ ਵਿਅਕਤੀ ਦੇ ਪ੍ਰਬੰਧਕੀ ਬੋਰਡ ਦੀ ਚੋਣ ਲਈ ਮੁੱਢਲੀ ਯੋਗਤਾ ਵਜੋਂ ਚੋਣ ਮਿਤੀ ਤੋਂ ਪਿਛਲੇ ਦੋ ਸਾਲਾਂ ਤੋਂ ਲਗਾਤਾਰ ਮਿੱਲ ਨੂੰ ਬਾਂਡ ਕੀਤੇ ਗਏ ਗੰਨੇ ਦਾ 85 ਫੀਸਦੀ ਗੰਨਾ ਸਪਲਾਈ ਕਰਨਾ ਯਕੀਨੀ ਹੋਣਾ ਚਾਹੀਦਾ ਹੈ ਪਰ ਇਨ੍ਹਾਂ 6 ਡਾਇਰੈਕਟਰਾਂ ਉਪਰ ਦੋਸ਼ ਲੱਗੇ ਸਨ ਕਿ ਇਹ ਇਸ 85 ਫੀਸਦੀ ਵਾਲੀ ਮੁੱਢਲੀ ਸ਼ਰਤ ਨੂੰ ਹੀ ਪੂਰਾ ਨਹੀਂ ਸਨ ਕਰਦੇ ਅਤੇ ਇਨ੍ਹਾਂ ਦੀ ਚੋਣ ਨਿਯਮਾਂ ਦੇ ਵਿਰੁੱਧ ਹੋਈ ਹੈ।
ਇਸ ਤੋਂ ਬਾਅਦ ਵਿਭਾਗੀ ਜਾਂਚ ’ਚ ਦੋਸ਼ ਸਹੀ ਪਾਏ ਗਏ ਅਤੇ ਹੁਣ ਦਿ ਗੁਰਦਾਸਪੁਰ ਸਹਿਕਾਰੀ ਖੰਡ ਮਿੱਲਜ਼ ਗੁਰਦਾਸਪੁਰ ਦੇ ਜਨਰਲ ਮੈਨੇਜਰ ਅਤੇ ਉਪ ਰਜਿਸਟਰਾਰ ਸਹਿਕਾਰੀ ਸਭਾਵਾਂ ਗੁਰਦਾਸਪੁਰ ਵੱਲੋਂ ਭੇਜੀਆਂ ਗਈਆਂ ਰਿਪੋਰਟਾਂ ’ਤੇ ਕਾਰਵਾਈ ਕਰਦਿਆਂ ਸੰਯੁਕਤ ਰਜਿਸਟਰਾਰ ਸਹਿਕਾਰੀ ਸਭਾਵਾਂ ਜਲੰਧਰ ਮੰਡਲ ਵੱਲੋਂ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰਦਿਆਂ ਉਕਤ 6 ਡਾਇਰੈਕਟਰਾਂ ਦੀ ਮੈਂਬਰੀ ਖਤਮ ਕਰਨ ਦੀ ਕਾਰਵਾਈ ਤਹਿਤ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਗਏ ਹਨ।
ਦੂਜੇ ਪਾਸੇ ਦੀ ਗੁਰਦਾਸਪੁਰ ਸਹਿਕਾਰੀ ਖੰਡ ਮਿੱਲਜ਼ ਦੇ ਜਨਰਲ ਮੈਨੇਜਰ ਸਰਬਜੀਤ ਸਿੰਘ ਹੁੰਦਲ ਨੇ ਵੀ ਇਸ ਗੱਲ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਪ੍ਰਬੰਧਕੀ ਬੋਰਡ ਦੇ 6 ਮੈਂਬਰਾਂ ਨੂੰ ਅਯੋਗ ਹੋਣ ਦੇ ਦੋਸ਼ਾਂ ਹੇਠ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਕੇ ਕਾਰਨ ਦੱਸੋਂ ਨੋਟਿਸ ਜਾਰੀ ਕੀਤੇ ਗਏ ਹਨ।
ਪ੍ਰਸਿੱਧ ਰਾਗੀ ਭਾਈ ਅਮਰਦੀਪ ਸਿੰਘ ਦਾ ਅਮਰੀਕਾ 'ਚ ਦੇਹਾਂਤ, ਦਿਲ ਦਾ ਦੌਰਾ ਪੈਣ ਕਾਰਨ ਹੋਈ ਮੌਤ
NEXT STORY