ਮੰਡੀ, (ਸ਼ਾਮ, ਗਰਗ)— ਕੱਲ ਰਾਤੀਂ ਆਈ ਤੇਜ਼ ਹਨੇਰੀ ਤੇ ਪਏ ਮੀਂਹ ਨਾਲ ਨਵੇਂ ਬੱਸ ਸਟੈਂਡ ਸਾਹਮਣੇ ਇਕ ਵਰਕਸ਼ਾਪ ਦੀ ਕੰਧ ਡਿੱਗਣ ਕਾਰਨ ਮਲਬੇ ਹੇਠਾਂ ਆਉਣ ਕਰ ਕੇ 3 ਬੱਚਿਆਂ ਸਣੇ ਇਕੋ ਪਰਿਵਾਰ ਦੇ 7 ਮੈਂਬਰ ਜ਼ਖ਼ਮੀ ਹੋ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਖਸਤਾ ਹਾਲਤ 'ਚ ਟੇਢੀ ਖੜ੍ਹੀ ਕੰਧ ਰਾਤ ਸਮੇਂ ਆਈ ਤੇਜ਼ ਹਨੇਰੀ ਅਤੇ ਮੀਂਹ ਕਾਰਨ ਡਿੱਗ ਗਈ ਤਾਂ ਕੋਲੋਂ ਲੰਘ ਰਹੀ ਸਵ. ਕਾਕੂ ਸਿੰਘ ਦੀ ਪਤਨੀ ਸ਼ੀਲਾ ਰਾਣੀ ਅਤੇ ਪੁੱਤਰੀ ਬੱਬੂ, ਛੁੱਟੀਆਂ ਕਾਰਨ ਮਿਲਣ ਲਈ ਆਈਆਂ ਹੋਈਆਂ 2 ਧੀਆਂ ਸਰਬਜੀਤ ਕੌਰ ਅਤੇ ਸੀਮਾ, ਦੋਹਤਾ ਤੀਰਥ ਸਿੰਘ (4), ਦੋਹਤੀਆਂ ਅਮਨਜੋਤ ਕੌਰ (6) ਅਤੇ ਹਰਮਨਜੋਤ ਕੌਰ (8) ਜ਼ਖ਼ਮੀ ਹੋ ਗਏ। ਕੰਧ ਇਨ੍ਹਾਂ ਸਾਰਿਆਂ 'ਤੇ ਆ ਡਿੱਗੀ ਸੀ। ਚੀਕ-ਚਿਹਾੜਾ ਪੈਣ 'ਤੇ ਆਂਢ-ਗੁਆਂਢ ਦੇ ਲੋਕ ਇਕੱਠੇ ਹੋ ਗਏ ਅਤੇ ਮਲਬੇ ਹੇਠਾਂ ਫਸੇ ਪਰਿਵਾਰ ਨੂੰ ਬਾਹਰ ਕੱਢ ਕੇ ਮੋਟਰਸਾਈਕਲਾਂ 'ਤੇ ਸਿਵਲ ਹਸਪਤਾਲ ਤਪਾ 'ਚ ਦਾਖਲ ਕਰਵਾਇਆ। ਘਟਨਾ ਦਾ ਪਤਾ ਲੱਗਦੇ ਹੀ ਡੀ.ਐੈੱਸ.ਪੀ. ਅੱਛਰੂ ਰਾਮ ਸ਼ਰਮਾ, ਇੰਸਪੈਕਟਰ ਸ਼ਮਸ਼ੇਰ ਸਿੰਘ ਐੈੱਸ.ਐੈੱਚ.ਓ. ਦੀ ਅਗਵਾਈ 'ਚ ਪੁਲਸ ਪਾਰਟੀ ਜ਼ਖ਼ਮੀਆਂ ਦਾ ਹਾਲ-ਚਾਲ ਪੁੱਛਣ ਲਈ ਹਸਪਤਾਲ ਪੁੱਜੀ। ਇਨ੍ਹਾਂ 'ਚੋਂ ਪਰਿਵਾਰ ਦੀ ਮੁਖੀ ਸ਼ੀਲਾ ਰਾਣੀ ਅਤੇ ਦੋਹਤੀ ਹਰਮਨਜੋਤ ਦੀ ਹਾਲਤ ਗੰਭੀਰ ਹੋਣ ਕਾਰਨ ਉਨ੍ਹਾਂ ਨੂੰ ਆਦੇਸ਼ ਹਸਪਤਾਲ ਬਠਿੰਡਾ ਵਿਖੇ ਰੈਫਰ ਕਰ ਦਿੱਤਾ ਗਿਆ।
ਝੱਖੜ ਤੇ ਮੀਂਹ ਨੇ ਮਚਾਈ ਤਰਥੱਲੀ
NEXT STORY