ਮਾਛੀਵਾੜਾ ਸਾਹਿਬ, (ਟੱਕਰ, ਸਚਦੇਵਾ)- ਸ਼ਹਿਰ ਵਿਚ ਇਕ ਅਖੌਤੀ ਹਕੀਮ ਵਲੋਂ ਖੋਲ੍ਹੇ ਗਏ ਦਵਾਖਾਨੇ ਵਿਚ ਦਵਾਈ ਲੈਣ ਆਈ 8 ਸਾਲਾ ਨਾਬਾਲਗ ਲੜਕੀ ਨਾਲ ਛੇੜਛਾੜ ਦਾ ਮਾਮਲਾ ਸਾਹਮਣੇ ਆਇਆ ਹੈ ਅਤੇ ਜਦੋਂ ਲੋਕਾਂ ਨੂੰ ਇਸ ਬਾਰੇ ਪਤਾ ਲੱਗਾ ਤਾਂ ਇਹ ਹਕੀਮ ਦਵਾਖਾਨਾ ਬੰਦ ਕਰਕੇ ਫਰਾਰ ਹੋ ਗਿਆ।
ਜਾਣਕਾਰੀ ਅਨੁਸਾਰ ਮਾਛੀਵਾੜਾ ਸਾਹਿਬ ਵਿਚ ਇਹ ਅਖੌਤੀ ਹਕੀਮ ਕੋਲ ਕੋਈ ਵੀ ਡਿਗਰੀ ਨਹੀਂ। ਉਸ ਨੇ ਲੋਕਾਂ ਦਾ ਦੇਸੀ ਦਵਾਈਆਂ ਨਾਲ ਇਲਾਜ ਕਰਨ ਲਈ ਇਕ ਦਵਾਖਾਨਾ ਖੋਲ੍ਹਿਆ ਹੋਇਆ ਹੈ। ਇਸ ਹਕੀਮ ਦੇ ਕਾਫੀ ਚਰਚੇ ਛਿੜੇ ਰਹਿੰਦੇ ਹਨ। ਇਕ ਨਾਬਾਲਗਾ ਹਕੀਮ ਦੇ ਦਵਾਖਾਨੇ ਵਿਚ ਦਵਾਈ ਲੈਣ ਆਈ। ਉਸਨੂੰ ਇਹ ਅਖੌਤੀ ਹਕੀਮ ਦਵਾਈ ਦੇਣ ਦੇ ਬਹਾਨੇ ਪਿਛਲੇ ਕਮਰੇ ਵਿਚ ਲਿਜਾਣ ਲੱਗਾ ਤਾਂ ਉਥੇ ਬਾਹਰ ਖੜ੍ਹੇ ਇਕ ਵਿਅਕਤੀ ਨੇ ਹਕੀਮ ਦੀ ਨੀਅਤ ਨੂੰ ਭਾਂਪ ਲਿਆ। ਉਸ ਨੇ ਨਾਲ ਖੜ੍ਹੇ ਲੋਕਾਂ ਨਾਲ ਮਿਲ ਕੇ ਜਦੋਂ ਅੰਦਰ ਜਾ ਕੇ ਹਕੀਮ ਨੂੰ ਕੁੜੀ ਬਾਰੇ ਪੁੱਛਿਆ ਤਾਂ ਉਸਨੇ ਨਾਬਾਲਗਾ ਨੂੰ ਲੁਕਾਉਣ ਦੀ ਕੋਸ਼ਿਸ਼ ਕੀਤੀ ਅਤੇ ਖੁਲਾਸਾ ਹੋਇਆ ਕਿ ਉਹ ਲੜਕੀ ਨਾਲ ਗਲਤ ਹਰਕਤਾਂ ਕਰਨ ਦੀ ਤਿਆਰੀ ਵਿਚ ਸੀ। ਨਾਬਾਲਗਾ ਨੂੰ ਵਿਅਕਤੀਆਂ ਵੱਲੋਂ ਘਰ ਭੇਜ ਦਿੱਤਾ ਗਿਆ। ਜਦੋਂ ਇਸ ਗੱਲ ਦਾ ਰੌਲਾ ਪਿਆ ਤਾਂ ਦਵਾਖਾਨੇ ਅੱਗੇ ਲੋਕਾਂ ਦਾ ਜਮਾਵੜਾ ਲੱਗਣਾ ਸ਼ੁਰੂ ਹੋ ਗਿਆ। ਅਖੌਤੀ ਹਕੀਮ ਆਪਣੀ ਨਾਜ਼ੁਕ ਸਥਿਤੀ ਨੂੰ ਦੇਖਦਿਆਂ ਮੌਕੇ ਤੋਂ ਫਰਾਰ ਹੋ ਗਿਆ।
ਜਾਣਕਾਰੀ ਅਨੁਸਾਰ ਇਹ ਹਕੀਮ ਬਾਹਰਲੇ ਸੂਬੇ ਦਾ ਰਹਿਣ ਵਾਲਾ ਹੈ ਅਤੇ ਇਥੇ ਸ਼ਹਿਰ ਵਿਚ ਕਈ ਸਾਲਾਂ ਤੋਂ ਦਵਾਖਾਨਾ ਖੋਲ੍ਹ ਕੇ ਬੈਠਾ ਸੀ। ਘਟਨਾ ਦੀ ਸੂਚਨਾ ਪੁਲਸ ਨੂੰ ਵੀ ਦੇ ਦਿੱਤੀ ਗਈ ਹੈ ਪਰ ਅਖੌਤੀ ਹਕੀਮ ਫਿਲਹਾਲ ਸ਼ਹਿਰ ਤੋਂ ਫਰਾਰ ਦੱਸਿਆ ਜਾ ਰਿਹਾ ਹੈ।
ਅਮਰੀਕਾ ਭੇਜਣ ਦੇ ਨਾਂ 'ਤੇ 15 ਲੱਖ ਦੀ ਠੱਗੀ, ਜੇਲ ਭੇਜਿਆ
NEXT STORY