ਝਬਾਲ/ਬੀੜ ਸਾਹਿਬ, (ਲਾਲੂ ਘੁੰਮਣ, ਬਖਤਾਵਰ, ਭਾਟੀਆ)- ਆਲ ਇੰਡੀਆ ਐਂਟੀ ਕੁਰੱਪਸ਼ਨ ਮੋਰਚਾ (ਏ. ਆਈ. ਏ. ਸੀ. ਐੱਮ.) ਦੇ ਕਾਰਕੁੰਨਾਂ ਵੱਲੋਂ ਸੂਬਾ ਚੇਅਰਮੈਨ ਅਜੇ ਕੁਮਾਰ ਚੀਨੂ ਦੀ ਅਗਵਾਈ ਹੇਠ ਅੱਜ ਥਾਣਾ ਸਰਾਏ ਅਮਾਨਤ ਖਾਂ ਅੱਗੇ ਧਰਨਾ ਦੇ ਕੇ ਥਾਣਾ ਮੁਖੀ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ ਗਿਆ। ਧਰਨਾਕਾਰੀਆਂ ਨੂੰ ਸੰਬੋਧਨ ਕਰਦਿਆਂ ਮੋਰਚੇ ਦੇ ਸੂਬਾ ਚੇਅਰਮੈਨ ਅਜੇ ਕੁਮਾਰ ਚੀਨੂੰ, ਬੀ. ਸੀ. ਵਿੰਗ ਦੇ ਸੂਬਾ ਪ੍ਰਧਾਨ ਪਰਮਿੰਦਰ ਸਿੰਘ ਹੀਰਾ, ਮਾਝਾ ਜ਼ੋਨ ਦੇ ਚੇਅਰਮੈਨ ਸਾਗਰ ਸ਼ਰਮਾ ਤੇ ਜ਼ਿਲਾ ਜਨਰਲ ਸਕੱਤਰ ਰਾਜਦਵਿੰਦਰ ਸਿੰਘ ਰਾਜਾ ਝਬਾਲ ਨੇ ਥਾਣਾ ਮੁਖੀ ਵਿਰੁੱਧ ਕਥਿਤ ਸਿਆਸੀ ਸ਼ਹਿ 'ਤੇ ਲੋਕਾਂ ਨਾਲ ਧੱਕੇਸ਼ਾਹੀ ਕਰਨ ਦੇ ਦੋਸ਼ ਲਾਉਂਦਿਆਂ ਦੱਸਿਆ ਕਿ ਉਨ੍ਹਾਂ ਦੀ ਜਥੇਬੰਦੀ ਦੇ ਸੂਬਾ ਸਕੱਤਰ ਗੁਰਪਾਲ ਸਿੰਘ ਹੈਪੀ ਦਿੱਲੀ ਵਾਸੀ ਪਿੰਡ ਸੋਹਲ ਨੂੰ ਥਾਣਾ ਸਰਾਏ ਅਮਾਨਤ ਖਾਂ ਦੇ ਮੁਖੀ ਵੱਲੋਂ ਸਿਵਲ ਵਰਦੀਧਾਰੀ ਵਿਅਕਤੀਆਂ ਦੀ ਫੌਜ ਲੈ ਕੇ ਕਥਿਤ ਸਿਆਸੀ ਸ਼ਹਿ 'ਤੇ ਬਿਨਾਂ ਕਿਸੇ ਕਾਰਨ ਅੱਜ ਤੜਕਸਾਰ ਘਰੋਂ ਚੁੱਕ ਲਿਆ ਗਿਆ ਅਤੇ ਉਸਦੀ ਪਤਨੀ ਮਨਜੀਤ ਕੌਰ ਨਾਲ ਵੀ ਬਦਸਲੂਕੀ ਕੀਤੀ ਗਈ ਹੈ।
ਉਨ੍ਹਾਂ ਦੱਸਿਆ ਕਿ ਜਦੋਂ ਉਹ ਜਥੇਬੰਦੀ ਦੇ ਹੋਰ ਆਗੂਆਂ ਨੂੰ ਨਾਲ ਲੈ ਕੇ ਥਾਣਾ ਮੁਖੀ ਤੋਂ ਉਨ੍ਹਾਂ ਦੇ ਸਾਥੀ ਨੂੰ ਹਿਰਾਸਤ 'ਚ ਲੈਣ ਸਬੰਧੀ ਪੁੱਛਿਆ ਗਿਆ ਤਾਂ ਥਾਣਾ ਮੁਖੀ ਵੱਲੋਂ ਉਨ੍ਹਾਂ ਦੇ ਕੋਲ ਬੰਦਾ ਹੋਣ ਤੋਂ ਸਾਫ਼ ਇਨਕਾਰ ਕਰਦਿਆਂ ਹੈਪੀ ਦਿੱਲੀ ਨੂੰ ਸਿਟੀ ਪੁਲਸ ਤਰਨਤਾਰਨ ਵੱਲੋਂ ਹਿਰਾਸਤ 'ਚ ਲੈਣ ਸਬੰਧੀ ਪੁਸ਼ਟੀ ਕੀਤੀ ਗਈ। ਆਗੂਆਂ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਮਾਮਲਾ ਪੁਲਸ ਦੇ ਉਚ ਅਧਿਕਾਰੀਆਂ ਦੇ ਧਿਆਨ 'ਚ ਲਿਆਉਣ ਅਤੇ ਉਚ ਅਧਿਕਾਰੀਆਂ ਵੱਲੋਂ ਉਨ੍ਹਾਂ ਦੇ ਸਾਥੀ ਨੂੰ ਰਿਹਾਅ ਕਰਨ ਦੇ ਦਿੱਤੇ ਗਏ ਹੁਕਮਾਂ ਦੇ ਬਾਵਜੂਦ ਥਾਣਾ ਮੁਖੀ ਵੱਲੋਂ ਜਦੋਂ ਉਨ੍ਹਾਂ ਦੇ ਸਾਥੀ ਨੂੰ ਛੱਡਣ 'ਚ ਟਾਲਮਟੋਲ ਕੀਤੀ ਗਈ ਤਾਂ ਉਨ੍ਹਾਂ ਵੱਲੋਂ ਜਥੇਬੰਦੀ ਦੇ ਸੈਂਕੜੇ ਕਾਰਕੁੰਨਾਂ ਸਮੇਤ ਥਾਣਾ ਸਰਾਏ ਅਮਾਨਤ ਖਾਂ ਦਾ ਘਿਰਾਓ ਕਰਦਿਆਂ ਥਾਣੇ ਅੱਗੇ ਧਰਨਾ ਲਾ ਦਿੱਤਾ ਗਿਆ।
ਚੀਨੂੰ ਨੇ ਦੱਸਿਆ ਕਿ ਮਾਮਲੇ ਨੂੰ ਉਲਝਦਾ ਵੇਖ ਥਾਣਾ ਮੁਖੀ ਵੱਲੋਂ ਦੇਰ ਸ਼ਾਮ ਉਨ੍ਹਾਂ ਦੇ ਸਾਥੀ ਹੈਪੀ ਦਿੱਲੀ ਨੂੰ ਬਾਅਦ 'ਚ ਥਾਣੇ 'ਚੋਂ ਆਖਰ ਰਿਹਾਅ ਕਰਨਾ ਪਿਆ ਹੈ। ਇਸ ਮੌਕੇ ਮੋਰਚੇ ਦੇ ਤਹਿਸੀਲ ਪੱਟੀ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਗੋਲਾ, ਬਿੰਦਰ ਖਾਲੜਾ, ਵਾਈਸ ਮੀਡੀਆ ਇੰਚਾਰਜ ਮਾਝਾ ਜ਼ੋਨ ਕਿਰਪਾਲ ਸਿੰਘ ਸੋਹਲ, ਸੁਨੀਲ ਕੁਮਾਰ ਛੀਨਾ, ਬਲਵਿੰਦਰ ਸਿੰਘ ਪੱਪੂ ਮੰਡੀਵਾਲਾ, ਪੁਸ਼ਪਿੰਦਰ ਸਿੰਘ ਪਾਸੀ ਸੋਹਲ, ਜਤਿੰਦਰ ਸਿੰਘ ਵਿੱਕੀ, ਲਖਬੀਰ ਸਿੰਘ ਸਾਬਕਾ ਮੈਂਬਰ ਪੰਚਾਇਤ, ਬਲਵਿੰਦਰ ਸਿੰਘ ਬਿੱਟੂ ਸੋਹਲ, ਪਲਵਿੰਦਰ ਸਿੰਘ ਪੰਡੋਰੀ ਤੇ ਗੁਰਪ੍ਰੀਤ ਸਿੰਘ ਪੰਡੋਰੀ ਆਦਿ ਸਮੇਤ ਵੱਡੀ ਗਿਣਤੀ 'ਚ ਮੋਰਚੇ ਦੇ ਕਾਰਕੁੰਨ ਹਾਜ਼ਰ ਸਨ।
ਹੈਪੀ ਦਿੱਲੀ ਨੂੰ ਛੁਡਾਉਣ ਲਈ ਸੀ. ਐੱਮ. ਦਰਬਾਰ ਤੱਕ ਪੁੱਜਾ ਮਾਮਲਾ : ਮੱਲ੍ਹਾ ਸੋਹਲ
ਵਿਧਾਨ ਸਭਾ ਹਲਕਾ ਤਰਨਤਾਰਨ ਤੋਂ ਸੀਨੀਅਰ ਆਗੂ ਅਤੇ ਕਾਂਗਰਸ ਦੇ ਸੂਬਾ ਸਕੱਤਰ ਹਰਸ਼ਰਨ ਸਿੰਘ ਮੱਲ੍ਹਾ ਸੋਹਲ ਨੇ ਦਾਅਵਾ ਕਰਦਿਆਂ ਕਿਹਾ ਕਿ ਗੁਰਪਾਲ ਸਿੰਘ ਹੈਪੀ ਦਿੱਲੀ ਨੂੰ ਪੁਲਸ ਹਿਰਾਸਤ 'ਚੋਂ ਛੁਡਾਉਣ ਲਈ ਮਾਮਲਾ ਸੀ. ਐੱਮ. ਦਰਬਾਰ ਤੱਕ ਪੁੱਜਾ ਹੈ। ਉਨ੍ਹਾਂ ਦੱਸਿਆ ਕਿ ਹੈਪੀ ਦਿੱਲੀ ਉਨ੍ਹਾਂ ਦਾ ਨਜ਼ਦੀਕੀ ਰਿਸ਼ਤੇਦਾਰ ਹੈ ਤੇ ਜਦੋਂ ਪੁਲਸ ਵੱਲੋਂ ਉਸ ਨੂੰ ਹਿਰਾਸਤ 'ਚ ਲੈਣ ਸਬੰਧੀ ਉਨ੍ਹਾਂ ਨੂੰ ਪਤਾ ਚੱਲਿਆ ਤਾਂ ਉਨ੍ਹਾਂ ਵੱਲੋਂ ਤੁਰੰਤ ਸੀ. ਐੱਮ. ਸਾਹਿਬ ਦੇ ਓ. ਐੱਸ. ਡੀ. ਕੈਪਟਨ ਸੰਦੀਪ ਸਿੰਘ ਨਾਲ ਸੰਪਰਕ ਕਰ ਕੇ ਮਾਮਲਾ ਧਿਆਨ 'ਚ ਲਿਆਂਦਾ ਗਿਆ, ਜਿਸ ਉਪਰੰਤ ਐੱਸ. ਐੱਸ . ਪੀ. ਤਰਨਤਾਰਨ ਨੂੰ ਹੁਕਮ ਮਿਲਦਿਆਂ ਹੀ ਥਾਣਾ ਮੁਖੀ ਵੱਲੋਂ ਹੈਪੀ ਦਿੱਲੀ ਨੂੰ ਤੁਰੰਤ ਰਿਹਾਅ ਕਰਨਾ ਪਿਆ।
ਕਾਂਗਰਸੀ ਆਗੂ ਦੀ ਜ਼ਿੰਮੇਵਾਰੀ 'ਤੇ ਹੈਪੀ ਦਿੱਲੀ ਨੂੰ ਥਾਣੇ 'ਚੋਂ ਕੀਤਾ ਰਿਹਾਅ : ਥਾਣਾ ਮੁਖੀ
ਥਾਣਾ ਸਰਾਏ ਅਮਾਨਤ ਖਾਂ ਦੇ ਮੁਖੀ ਸਬ ਇੰਸਪੈਕਟਰ ਬਲਜਿੰਦਰ ਸਿੰਘ ਨੇ ਹਿਰਾਸਤ 'ਚ ਲਏ ਗੁਰਪਾਲ ਸਿੰਘ ਹੈਪੀ ਦਿੱਲੀ ਦੇ ਮਾਮਲੇ 'ਚ ਸਪੱਸ਼ਟ ਕਰਦਿਆਂ ਕਿਹਾ ਕਿ ਕਿਸੇ ਜ਼ਰੂਰੀ ਕੇਸ 'ਚ ਪੁੱਛਗਿੱਛ ਲਈ ਉਕਤ ਵਿਅਕਤੀ ਨੂੰ ਹਿਰਾਸਤ 'ਚ ਲਿਆ ਗਿਆ ਸੀ। ਉਨ੍ਹਾਂ ਦੱਸਿਆ ਕਿ ਉਚ ਅਧਿਕਾਰੀਆਂ ਵੱਲੋਂ ਫਿਲਹਾਲ ਉਕਤ ਵਿਅਕਤੀ ਨੂੰ ਰਿਹਾਅ ਕਰਨ ਦੇ ਦਿੱਤੇ ਹੁਕਮਾਂ ਉਪਰੰਤ ਕਾਂਗਰਸੀ ਆਗੂ ਹਰਸ਼ਰਨ ਸਿੰਘ ਮੱਲ੍ਹਾ ਸੋਹਲ ਦੀ ਜ਼ਿੰਮੇਵਾਰੀ 'ਤੇ ਹੈਪੀ ਦਿੱਲੀ ਨੂੰ ਉਨ੍ਹਾਂ ਦੇ ਸਪੁਰਦ ਕਰ ਦਿੱਤਾ ਗਿਆ ਹੈ। ਉਨ੍ਹਾਂ ਥਾਣੇ ਅੱਗੇ ਏ. ਆਈ. ਏ. ਸੀ. ਐੱਮ.ਵੱਲੋਂ ਲਾਏ ਧਰਨੇ ਤੋਂ ਅਣਜਾਣਤਾ ਪ੍ਰਗਟ ਕਰਦਿਆਂ ਕਿਹਾ ਕਿ ਉਹ ਸਵੇਰ ਦੇ ਥਾਣੇ ਤੋਂ ਕਿਸੇ ਜ਼ਰੂਰੀ ਕੰਮ ਲਈ ਬਾਹਰ ਗਏ ਹੋਏ ਹਨ
ਪਾਵਰਕਾਮ ਵੱਲੋਂ ਅੱਧੀ ਦਰਜਨ ਸਹਾਇਕ ਤੇ ਨਿਗਰਾਨ ਇੰਜੀਨੀਅਰਜ਼ ਦੇ ਤਬਾਦਲੇ
NEXT STORY