ਜਲੰਧਰ (ਗੁਲਸ਼ਨ)-ਕੇਂਦਰੀ ਜਲ ਸ਼ਕਤੀ ਮੰਤਰੀ ਅਤੇ ਭਾਜਪਾ ਪੰਜਾਬ ਦੇ ਚੋਣ ਇੰਚਾਰਜ ਗਜੇਂਦਰ ਸਿੰਘ ਸ਼ੇਖਾਵਤ ਨੇ ਐਤਵਾਰ ਜਲੰਧਰ ’ਚ ਬਣੇ ਭਾਰਤੀ ਜਨਤਾ ਪਾਰਟੀ ਦੇ ਸੂਬਾਈ ਚੋਣ ਦਫ਼ਤਰ ਦਾ ਉਦਘਾਟਨ ਕੀਤਾ। ਇਸ ਤੋਂ ਪਹਿਲਾਂ ਹਵਨਯੱਗ ਕੀਤਾ ਗਿਆ, ਜਿਸ ’ਚ ਸਾਰੇ ਨੇਤਾਵਾਂ ਨੇ ਹਿੱਸਾ ਲਿਆ। ਇਸ ਮੌਕੇ ਕੇਂਦਰੀ ਜਲ ਸ਼ਕਤੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਇਸ ਵਾਰ ਪੰਜਾਬ ’ਚ ਨਵਾਂ ਇਤਿਹਾਸ ਬਣੇਗਾ। ਪੰਜਾਬ ਦੀ ਜਨਤਾ ਗਾਂਧੀ ਅਤੇ ਬਾਦਲ ਪਰਿਵਾਰ ਦੀ ਹਕੀਕਤ ਨੂੰ ਸਮਝ ਚੁੱਕੀ ਹੈ। ਉਨ੍ਹਾਂ ਕਿਹਾ ਕਿ ਦਿੱਲੀ ’ਚ ਝੂਠੇ ਵਾਅਦੇ ਕਰਨ ਵਾਲੀ ਆਮ ਆਦਮੀ ਪਾਰਟੀ ਹੁਣ ਪੰਜਾਬ ਦੀ ਜਨਤਾ ਨੂੰ ਠੱਗਣ ਦੀ ਕੋਸ਼ਿਸ਼ ਕਰ ਰਹੀ ਹੈ ਪਰ ਜਨਤਾ ਝੂਠੇ ਵਾਅਦੇ ਕਰਨ ਵਾਲੇ ਲੋਕਾਂ ਨੂੰ ਪਛਾਣ ਚੁੱਕੀ ਹੈ। ਪੰਜਾਬ ਕਿਸੇ ਬਦਲ ਦੀ ਤਲਾਸ਼ ਕਰ ਰਿਹਾ ਹੈ। ਭਾਜਪਾ ਦਾ ਹਰ ਵਰਕਰ ਉਤਸ਼ਾਹਿਤ ਹੈ। ਭਾਜਪਾ ਦੇ ਵਰਕਰਾਂ ਨੂੰ ਇਥੋਂ ਦੀ ਜਨਤਾ ਦਾ ਪਿਆਰ ਮਿਲ ਰਿਹਾ ਹੈ, ਅਸੀਂ ਨਵਾਂ ਇਤਿਹਾਸ ਬਣਾਉਣ ਦਾ ਸ਼੍ਰੀਗਣੇਸ਼ ਅੱਜ ਇੱਥੇ ਇਸ ਦਫ਼ਤਰ ਤੋਂ ਕਰ ਰਹੇ ਹਾਂ।
ਇਹ ਵੀ ਪੜ੍ਹੋ : ‘ਆਪ’ ਵੱਲੋਂ ਉਮੀਦਵਾਰਾਂ ਦੀ ਚੌਥੀ ਸੂਚੀ ਜਾਰੀ, ਜਾਣੋ ਕਿਸ ਨੂੰ ਕਿੱਥੋਂ ਮਿਲੀ ਟਿਕਟ
ਸ਼ੇਖਾਵਤ ਨੇ ਕਿਹਾ ਕਿ ਪੰਜਾਬ ਦੀ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਵਿਗੜ ਗਈ ਹੈ। ਮਾਈਨਿੰਗ, ਸ਼ਰਾਬ ਅਤੇ ਰੇਤ ਮਾਫੀਆ ਪੰਜਾਬ ’ਚ ਹਾਵੀ ਹੋਇਆ ਹੈ। ਮਾਫੀਆ ਰਾਜ ਬਣਿਆ ਹੈ, ਨਾਰਕੋ ਟੈਰੋਰਿਜ਼ਮ ਵਧਿਆ ਹੈ। ਇਥੋਂ ਦੀ ਸਮਾਜਿਕ ਵਿਵਸਥਾ ਨੂੰ ਤਹਿਸ-ਨਹਿਸ ਕਰ ਕੇ ਸਮਾਜਿਕ ਸਦਭਾਵਨਾ ਨੂੰ ਵਿਗਾੜਨ ਦੀ ਕੋਸ਼ਿਸ਼ ਕੀਤੀ ਗਈ ਹੈ। ਇਸ ਦੇ ਬਾਵਜੂਦ ਕਾਂਗਰਸ ਸਰਕਾਰ ਪੰਜਾਬ ਦੇ ਹਾਲਾਤ ਦੀ ਜ਼ਿੰਮੇਵਾਰੀ ਲੈਣ ਦੀ ਬਜਾਏ ਹੰਕਾਰ ਨਾਲ ਭਰੀ ਹੈ। ਇਸ ਹੰਕਾਰ ਕਾਰਨ ਪੰਜਾਬ ਦੀ ਜਨਤਾ ਮੌਜੂਦਾ ਸਰਕਾਰ ਨੂੰ ਨਾਕਾਰ ਚੁੱਕੀ ਹੈ। ਦੂਜੇ ਪਾਸੇ ਇਕ ਅਜਿਹੀ ਸਿਆਸੀ ਪਾਰਟੀ ਹੈ, ਜਿਸ ’ਤੇ ਦਿੱਲੀ ’ਚ ਭ੍ਰਿਸ਼ਟਾਚਾਰ ਦੇ ਬਹੁਤ ਦਾਗ਼ ਲੱਗੇ ਹਨ। ਦਿੱਲੀ ’ਚ ਝੂਠੇ ਵਾਅਦੇ ਕਰ ਕੇ ਲੋਕਾਂ ਨੂੰ ਠੱਗਣ ਤੋਂ ਬਾਅਦ ਇਹ ਪਾਰਟੀ ਹੁਣ ਪੰਜਾਬ ’ਚ ਝੂਠੇ ਵਾਅਦੇ ਕਰ ਰਹੀ ਹੈ। ਗਜੇਂਦਰ ਸਿੰਘ ਸ਼ੇਖਾਵਤ ਨੇ ਕਿਹਾ ਕਿ ਜੋ ਕਿਸਾਨ ਕਹਿੰਦੇ ਸਨ ਕਿ ਉਹ ਸਿਆਸਤ ਨਹੀਂ ਕਰਨਗੇ, ਉਨ੍ਹਾਂ ਨੇ ਆਪਣਾ ਸਿਆਸੀ ਮੋਰਚਾ ਬਣਾ ਲਿਆ। ਸ਼ੇਖਾਵਤ ਨੇ ਕਿਹਾ ਕਿ ਜਿਨ੍ਹਾਂ ਲੋਕਾਂ ਨੇ ਪਾਰਟੀ ਬਣਾਈ ਹੈ, ਨੁਕਸਾਨ ਦੀ ਚਿੰਤਾ ਉਨ੍ਹਾਂ ਨੂੰ ਕਰਨੀ ਚਾਹੀਦੀ ਹੈ। ਜਦੋਂ ਕਿਸਾਨਾਂ ਦਾ ਅੰਦੋਲਨ ਸ਼ੁਰੂ ਹੋਇਆ ਸੀ, ਉਦੋਂ ਕਿਸਾਨ ਨੇਤਾਵਾਂ ਨੇ ਕਿਹਾ ਸੀ ਕਿ ਉਹ ਕਦੇ ਵੀ ਸਿਆਸਤ ਵੱਲ ਨਹੀਂ ਜਾਣਗੇ। ਬਾਵਜੂਦ ਇਸ ਦੇ ਕਿਸਾਨਾਂ ਨੇ ਅਚਾਨਕ ਯੂ-ਟਰਨ ਲੈ ਲਿਆ। ਇਸ ਮੌਕੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ, ਸੰਸਦ ਮੈਂਬਰ ਹੰਸ ਰਾਜ ਹੰਸ, ਜ਼ਿਲਾ ਪ੍ਰਧਾਨ ਸੁਸ਼ੀਲ ਸ਼ਰਮਾ, ਸਾਬਕਾ ਕੈਬਨਿਟ ਮੰਤਰੀ ਮਨੋਰੰਜਨ ਕਾਲੀਆ, ਸਾਬਕਾ ਵਿਧਾਇਕ ਕੇ. ਡੀ. ਭੰਡਾਰੀ, ਸਾਬਕਾ ਮੇਅਰ ਸੁਰਿੰਦਰ ਮਹੇ ਸਮੇਤ ਕਈ ਭਾਜਪਾ ਨੇਤਾ ਅਤੇ ਵਰਕਰ ਮੌਜੂਦ ਸਨ।
‘ਆਪ’ ਵੱਲੋਂ ਉਮੀਦਵਾਰਾਂ ਦੀ ਚੌਥੀ ਸੂਚੀ ਜਾਰੀ, ਜਾਣੋ ਕਿਸ ਨੂੰ ਕਿੱਥੋਂ ਮਿਲੀ ਟਿਕਟ
NEXT STORY