ਖਰੜ (ਅਮਰਦੀਪ) : ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਦੇ ਦਫ਼ਤਰਾਂ ’ਚ ਨਵੇਂ ਬਿਜਲੀ ਮੀਟਰ ਲਗਵਾਉਣ ਨੂੰ ਲੈ ਕੇ ਖ਼ਪਤਕਾਰਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਾਣਕਾਰੀ ਅਨੁਸਾਰ 27 ਦਸੰਬਰ ਤੋਂ ਆਨਲਾਈਨ ਫ਼ਾਈਲਾਂ ਅਪਲਾਈ ਕਰਨ ਦੀ ਪ੍ਰਕਿਰਿਆ ਬੰਦ ਹੋਣ ਕਾਰਨ ਨਵੇਂ ਮੀਟਰ ਲੱਗਣ ਦਾ ਕੰਮ ਪੂਰੀ ਤਰ੍ਹਾਂ ਠੱਪ ਹੋ ਕੇ ਰਹਿ ਗਿਆ ਹੈ। ਖਰੜ ਬਿਜਲੀ ਦਫ਼ਤਰ ’ਚ ਰੋਜ਼ਾਨਾ ਕਰੀਬ 40 ਤੋਂ 45 ਨਵੇਂ ਮੀਟਰਾਂ ਦੀਆਂ ਫ਼ਾਈਲਾਂ ਆਉਂਦੀਆਂ ਹਨ ਪਰ ਆਨਲਾਈਨ ਪ੍ਰਣਾਲੀ ਬੰਦ ਹੋਣ ਕਾਰਨ ਇਹ ਫ਼ਾਈਲਾਂ ਹਜ਼ਾਰਾਂ ਦੀ ਗਿਣਤੀ ’ਚ ਇਕੱਠੀਆਂ ਹੋ ਚੁੱਕੀਆਂ ਹਨ। ਇਸ ਕਾਰਨ ਲੋਕ ਰੋਜ਼ਾਨਾ ਦਫ਼ਤਰਾਂ ਦੇ ਚੱਕਰ ਲਗਾਉਣ ਲਈ ਮਜਬੂਰ ਹਨ ਪਰ ਉਨ੍ਹਾਂ ਨੂੰ ਨਾ ਤਾਂ ਕੋਈ ਸਪੱਸ਼ਟ ਜਾਣਕਾਰੀ ਮਿਲ ਰਹੀ ਹੈ ਅਤੇ ਨਾ ਹੀ ਕੋਈ ਮੁਲਾਜ਼ਮ ਉਨ੍ਹਾਂ ਨੂੰ ਸਹੀ ਰਾਹਦਾਰੀ ਦਿਖਾ ਰਿਹਾ ਹੈ, ਜਿਸ ਕਾਰਨ ਖ਼ਪਤਕਾਰਾਂ ’ਚ ਰੋਸ ਪਾਇਆ ਜਾ ਰਿਹਾ ਹੈ।
ਇਹ ਵੀ ਪੜ੍ਹੋ : ਪੰਜਾਬ ਦੇ ਸਕੂਲਾਂ 'ਚ ਛੁੱਟੀਆਂ ਵਧਾਉਣ ਬਾਰੇ ਵੱਡਾ ਫ਼ੈਸਲਾ! ਸਿੱਖਿਆ ਮੰਤਰੀ ਬੋਲੇ- ਬੁੱਧਵਾਰ ਨੂੰ...
ਦਫ਼ਤਰ ’ਚ ਨਵਾਂ ਬਿਜਲੀ ਮੀਟਰ ਅਪਲਾਈ ਕਰਨ ਆਏ ਖ਼ਪਤਕਾਰਾਂ ਨੇ ਦੱਸਿਆ ਕਿ ਉਹ ਮਕਾਨ ਤਾਂ ਖ਼ਰੀਦ ਰਹੇ ਹਨ ਪਰ ਮੀਟਰ ਨਾ ਲੱਗਣ ਕਾਰਨ ਘਰਾਂ ’ਚ ਰੌਸ਼ਨੀ ਦੀ ਭਾਰੀ ਸਮੱਸਿਆ ਦਾ ਸਾਹਮਣਾ ਕਰ ਰਹੇ ਹਨ। ਖ਼ਪਤਕਾਰਾਂ ਮੁਤਾਬਕ ਕਈ ਲੋਕ ਮਜਬੂਰੀਵੱਸ ਜਨਰੇਟਰ ਲਗਾ ਕੇ ਕੰਮ ਚਲਾ ਰਹੇ ਹਨ, ਜਿਸ ਨਾਲ ਵਾਧੂ ਖ਼ਰਚਾ ਵੀ ਪੈ ਰਿਹਾ ਹੈ। ਖ਼ਪਤਕਾਰਾਂ ਨੇ ਪ੍ਰਸ਼ਾਸਨ ਕੋਲ ਮੰਗ ਕੀਤੀ ਕਿ ਜਲਦੀ ਨਵੇਂ ਮੀਟਰਾਂ ਲਈ ਆਨਲਾਈਨ ਫ਼ਾਈਲਾਂ ਦੀ ਅਪਲਾਈ ਪ੍ਰਕਿਰਿਆ ਸ਼ੁਰੂ ਕੀਤੀ ਜਾਵੇ। ਉਨ੍ਹਾਂ ਨੇ ਕਿਹਾ ਕਿ ਜਦੋਂ ਤੱਕ ਆਨਲਾਈਨ ਸਿਸਟਮ ਸ਼ੁਰੂ ਨਹੀਂ ਹੁੰਦਾ, ਉਸ ਸਮੇਂ ਤੱਕ ਮੈਨੂਅਲ ਫ਼ਾਈਲਾਂ ਦਫ਼ਤਰ ’ਚ ਜਮ੍ਹਾਂ ਕਰਵਾ ਕੇ ਮੀਟਰ ਜਾਰੀ ਕੀਤੇ ਜਾਣ ਤਾਂ ਜੋ ਲੋਕਾਂ ਨੂੰ ਹੋ ਰਹੀ ਪਰੇਸ਼ਾਨੀ ਤੋਂ ਰਾਹਤ ਮਿਲ ਸਕੇ। ਇਸ ਸਬੰਧੀ ਸਮਾਜ ਸੇਵੀ ਮਨੀਸ਼ ਟਾਂਕ ਅਤੇ ਭਾਜਪਾ ਮੰਡਲ-2 ਪ੍ਰਧਾਨ ਅਮਰੀਕ ਸਿੰਘ ਹੈਪੀ ਨੇ ਮੰਗ ਕੀਤੀ ਹੈ ਕਿ ਤੁਰੰਤ ਨਵੇਂ ਬਿਜਲੀ ਮੀਟਰਾਂ ਲਈ ਆਨਲਾਈਨ ਅਪਲਾਈ ਦੀ ਪ੍ਰਕਿਰਿਆ ਮੁੜ ਸ਼ੁਰੂ ਕੀਤੀ ਜਾਵੇ ਤਾਂ ਜੋ ਖ਼ਪਤਕਾਰਾਂ ਨੂੰ ਪਰੇਸ਼ਾਨੀ ਤੋਂ ਰਾਹਤ ਮਿਲ ਸਕੇ।
ਇਹ ਵੀ ਪੜ੍ਹੋ : ਪੰਜਾਬ ਦੇ ਅਧਿਆਪਕਾਂ ਤੇ ਮੁਲਾਜ਼ਮਾਂ ਦੀਆਂ ਡਿਊਟੀਆਂ ਹੋਈਆਂ ਰੱਦ! ਪੜ੍ਹੋ ਪੂਰੀ ਖ਼ਬਰ
ਦੋ ਦਿਨਾਂ ਅੰਦਰ ਨਵਾਂ ਸੋਫ਼ਟਵੇਅਰ ਚਾਲੂ ਹੋ ਜਾਵੇਗਾ : ਐਕਸੀਅਨ ਇੰਦਰਪ੍ਰੀਤ ਸਿੰਘ
ਇਸ ਸਬੰਧੀ ਐਕਸੀਅਨ ਇੰਦਰਪ੍ਰੀਤ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਖ਼ਪਤਕਾਰਾਂ ਦੀ ਸਹੂਲਤ ਲਈ ਨਵਾਂ ਸਿੰਗਲ ਬਿਲਿੰਗ ਸੋਲਿਊਸ਼ਨ ਸਾਫ਼ਟਵੇਅਰ ਤਿਆਰ ਕੀਤਾ ਗਿਆ ਹੈ, ਜੋ ਪੰਜਾਬ ਦੇ ਬਿਜਲੀ ਦਫ਼ਤਰਾਂ ’ਚ ਲਾਗੂ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਨਵੇਂ ਸਾਫ਼ਟਵੇਅਰ ਦੀ ਤਕਨੀਕੀ ਪ੍ਰਕਿਰਿਆ ਕਾਰਨ ਇਸ ਸਮੇਂ ਨਵੇਂ ਮੀਟਰਾਂ ਦੀ ਅਰਜ਼ੀ ਸਬੰਧੀ ਕੰਮ ਅਸਥਾਈ ਤੌਰ 'ਤੇ ਰੁਕਿਆ ਹੋਇਆ ਹੈ। ਉਨ੍ਹਾਂ ਆਸ ਪ੍ਰਗਟਾਈ ਕਿ ਆਉਣ ਵਾਲੇ ਦੋ ਦਿਨਾਂ ਅੰਦਰ ਨਵਾਂ ਸਾਫ਼ਟਵੇਅਰ ਚਾਲੂ ਹੋ ਜਾਵੇਗਾ। ਉਨ੍ਹਾਂ ਖ਼ਪਤਕਾਰਾਂ ਨੂੰ ਅਪੀਲ ਕੀਤੀ ਕਿ ਨਵਾਂ ਸਿਸਟਮ ਚਾਲੂ ਹੋਣ ਤੱਕ ਵਿਭਾਗ ਨਾਲ ਸਹਿਯੋਗ ਕੀਤਾ ਜਾਵੇ, ਕਿਉਂਕਿ ਇਹ ਸਾਫ਼ਟਵੇਅਰ ਖ਼ਪਤਕਾਰਾਂ ਦੀ ਸਹੂਲਤ ਨੂੰ ਧਿਆਨ ’ਚ ਰੱਖ ਕੇ ਲਾਗੂ ਕੀਤਾ ਜਾ ਰਿਹਾ ਹੈ। ਇਸ ਨਾਲ ਬਿਜਲੀ ਬਿੱਲ ਭਰਨ ਅਤੇ ਨਵੇਂ ਮੀਟਰ ਲਗਵਾਉਣ ਦੀ ਪ੍ਰਕਿਰਿਆ ਕਾਫ਼ੀ ਆਸਾਨ ਹੋ ਜਾਵੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪਾਰਕ ਵਿਚ ਬੈਠੇ ਨਸ਼ੇੜੀ ਨੂੰ ਪੁਲਸ ਨੇ ਰੰਗੇ ਹੱਥੀਂ ਕੀਤਾ ਗ੍ਰਿਫ਼ਤਾਰ
NEXT STORY