ਜਲੰਧਰ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਨੇ ਸੂਬੇ ਭਰ ਵਿਚ ਆਮ ਆਦਮੀ ਕਲੀਨਿਕ ਸ਼ੁਰੂ ਕਰਕੇ ਸਿਹਤ ਕ੍ਰਾਂਤੀ ਵੱਲ ਵੱਡਾ ਕਦਮ ਵਧਾਇਆ ਹੈ। ਮੁੱਖ ਮੰਤਰੀ ਦਾ ਮੰਤਵ ਇਹ ਯਕੀਨੀ ਬਣਾਉਣਾ ਹੈ ਕਿ ਪੰਜਾਬ ਦੇ ਲੋਕਾਂ ਨੂੰ ਉਨ੍ਹਾਂ ਦੇ ਘਰਾਂ ਦੇ ਨੇੜੇ ਹੀ ਮੁਫਤ ਸਿਹਤ ਸੇਵਾਵਾਂ ਦੀ ਪਹੁੰਚ ਹੋਵੇ। ਸ਼ੁਰੂਆਤ ਵਿਚ ਦਿਨਾਂ ਦੌਰਾਨ ਪੰਜਾਬ ਵਿਚ 677 ਆਮ ਆਦਮੀ ਕਲੀਨਿਕ ਸਨ ਪਰ ਹੁਣ ਤਕ ਪੂਰੇ ਸੂਬੇ ਵਿਚ 842 ਆਮ ਆਦਮੀ ਕਲੀਨਿਕ ਸਥਾਪਤ ਕੀਤੇ ਜਾ ਚੁੱਕੇ ਹਨ। ਜਿਨ੍ਹਾਂ ਵਿਚੋਂ 312 ਸ਼ਹਿਰੀ ਖੇਤਰਾਂ 'ਚ ਅਤੇ 530 ਦਿਹਾਤੀ ਖੇਤਰਾਂ 'ਚ ਕਾਰਜਸ਼ੀਲ ਹਨ।
ਸਿਹਤ ਕ੍ਰਾਂਤੀ ਵੱਲ ਵੱਧਦੇ ਕਦਮਾਂ ਦੇ ਚੱਲਦੇ ਪੰਜਾਬ ਦੇ ਕਰੋੜਾਂ ਲੋਕ ਹੁਣ ਤਕ ਇਨ੍ਹਾਂ ਆਮ ਆਦਮੀ ਕਲੀਨਿਕਾਂ ਵਿਚ ਇਲਾਜ ਕਰਵਾ ਚੁੱਕੇ ਹਨ। ਇਨ੍ਹਾਂ ਕਲੀਨਿਕਾਂ 'ਚ ਮੁਫ਼ਤ ਇਲਾਜ ਤੋਂ ਇਲਾਵਾ ਮੁਫ਼ਤ ਦਵਾਈਆਂ ਵੀ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਹਰ ਕਲੀਨਿਕ ਆਈ. ਟੀ. ਬੁਨਿਆਦੀ ਢਾਂਚੇ ਨਾਲ ਲੈਸ ਹੈ। ਮੁਹੱਲਾ ਕਲੀਨਿਕਾਂ ਰਾਹੀਂ ਲੋਕਾਂ ਨੂੰ ਉਨ੍ਹਾਂ ਦੇ ਘਰ ਨੇੜੇ ਸਿਹਤ ਸਹੂਲਤਾਂ ਮਿਲ ਰਹੀਆਂ ਹਨ। ਪੰਜਾਬ ਦੀ 65% ਆਬਾਦੀ ਪੇਂਡੂ ਖੇਤਰਾਂ ਵਿਚ ਰਹਿੰਦੀ ਹੈ। ਇਸ ਦੇ ਮੱਦੇਨਜ਼ਰ ਮੁੱਖ ਮੰਤਰੀ ਨੇ ਸ਼ਹਿਰੀ ਖੇਤਰਾਂ ਨਾਲੋਂ ਇਨ੍ਹਾਂ ਖੇਤਰਾਂ ਵਿਚ ਜ਼ਿਆਦਾ ਆਮ ਆਦਮੀ ਕਲੀਨਿਕਾਂ ਦੀ ਸਥਾਪਨਾ ਨੂੰ ਤਰਜੀਹ ਦਿੱਤੀ ਹੈ। ਕੁੱਲ 842 ਕਲੀਨਿਕਾਂ ਵਿਚੋਂ 530 ਕਲੀਨਿਕ ਪੇਂਡੂ ਖੇਤਰਾਂ ਵਿਚ ਸਥਿਤ ਹਨ। ਇਸ ਦੇ ਨਤੀਜੇ ਵਜੋਂ, ਲੋਕਾਂ ਨੂੰ ਦਵਾਈ ਲੈਣ, ਰੁਟੀਨ ਬਿਮਾਰੀਆਂ ਦੇ ਇਲਾਜ ਜਾਂ ਡਾਇਗਨੌਸਟਿਕ ਟੈਸਟਾਂ ਲਈ ਲੰਬੀਆਂ ਲਾਈਨਾਂ ਦਾ ਸਾਹਮਣਾ ਕਰਨ ਦੀ ਲੋੜ ਨਹੀਂ ਹੈ। ਇਸ ਤੋਂ ਇਲਾਵਾ, ਆਮ ਆਦਮੀ ਕਲੀਨਿਕਾਂ ਕਾਰਨ ਪੰਜਾਬ ਭਰ ਦੇ ਸਰਕਾਰੀ ਹਸਪਤਾਲਾਂ ਤੋਂ ਬੋਝ ਘਟਿਆ ਹੈ।
ਦੋ ਕਰੋੜ ਤੋਂ ਵੱਧ ਲੋਕਾਂ ਨੇ ਲਿਆ ਫ਼ਾਇਦਾ
ਆਮ ਆਦਮੀ ਕਲੀਨਿਕਾਂ ਨੇ ਜਨਤਾ ਨੂੰ ਬਹੁਤ ਸਾਰੀਆਂ ਸੇਵਾਵਾਂ ਅਤੇ ਦਵਾਈਆਂ ਪ੍ਰਦਾਨ ਕਰਕੇ ਸਿਹਤ ਖੇਤਰ 'ਤੇ ਕਾਫੀ ਪ੍ਰਭਾਵ ਪਾਇਆ ਹੈ। ਅੱਜ ਤੱਕ ਦੋ ਕਰੋੜ ਤੋਂ ਵੱਧ ਮਰੀਜ਼ਾਂ ਨੇ ਆਮ ਆਦਮੀ ਕਲੀਨਿਕਾਂ ਵਿਚ ਮੁਫਤ ਸਿਹਤ ਸੇਵਾਵਾਂ ਦਾ ਲਾਭ ਲਿਆ ਹੈ। ਹਰੇਕ ਕਲੀਨਿਕ ਵਿਚ ਇਕ ਮੈਡੀਕਲ ਅਫਸਰ, ਇਕ ਫਾਰਮਾਸਿਸਟ, ਇਕ ਕਲੀਨਿਕ ਸਹਾਇਕ, ਅਤੇ ਇਕ ਸਵੀਪਰ-ਕਮ-ਹੈਲਪਰ ਹੈ। ਮੈਡੀਕਲ ਅਫ਼ਸਰ, ਫਾਰਮਾਸਿਸਟ ਅਤੇ ਕਲੀਨਿਕ ਸਹਾਇਕ ਲਈ ਸੂਚੀਬੱਧ ਫੀਸਾਂ 'ਤੇ ਤਕਰੀਬਨ 57.31 ਕਰੋੜ ਰੁਪਏ ਦਾ ਖ਼ਰਚਾ ਆਉਂਦਾ ਹੈ। ਇਸ ਵੇਲੇ ਇਨ੍ਹਾਂ ਕਲੀਨਿਕਾਂ ਵਿਚ 80 ਤਰ੍ਹਾਂ ਦੀਆਂ ਦਵਾਈਆਂ ਉਪਲਬਧ ਹਨ, ਜੋ ਸਰਕਾਰ ਦੁਆਰਾ ਤਕਰੀਬਨ 50 ਕਰੋੜ ਰੁਪਏ ਦੀ ਲਾਗਤ ਨਾਲ ਖਰੀਦੀਆਂ ਗਈਆਂ ਹਨ। ਇਨ੍ਹਾਂ ਕਲੀਨਿਕਾਂ ਰਾਹੀਂ ਹੁਣ ਤੱਕ 450 ਕਰੋੜ ਰੁਪਏ ਦੀਆਂ ਦਵਾਈਆਂ ਮਰੀਜ਼ਾਂ ਨੂੰ ਮੁਫ਼ਤ ਮੁਹੱਈਆ ਕਰਵਾਈਆਂ ਜਾ ਚੁੱਕੀਆਂ ਹਨ। ਮਰੀਜ਼ਾਂ ਦੇ 38 ਡਾਇਗਨੌਸਟਿਕ ਟੈਸਟ ਮੁਫਤ ਦਿੱਤੇ ਜਾਂਦੇ ਹਨ, ਜਿਸ ਦਾ ਖਰਚਾ 21.11 ਕਰੋੜ ਰੁਪਏ ਦੇ ਕਰੀਬ ਹੈ। ਇਨ੍ਹਾਂ ਕਲੀਨਿਕਾਂ ਨਾਲ ਲੋਕਾਂ ਦੀ ਜੇਬ ਤੋਂ ਵਾਧੂ ਭਾਰ ਕਾਫ਼ੀ ਘਟਿਆ ਹੈ। ਹੁਣ ਤਕ ਆਮ ਆਦਮੀ ਕਲੀਨਿਕਾਂ ਕਾਰਨ ਲੋਕਾਂ ਦੀ ਕੁੱਲ੍ਹ 889 ਕਰੋੜ ਰੁਪਏ ਦੀ ਬਚਤ ਹੋਈ ਹੈ।
ਸ੍ਰੀ ਅਕਾਲ ਤਖ਼ਤ ਸਾਹਿਬ ਸਪੱਸ਼ਟੀਕਰਨ ਦੇਣ ਪਹੁੰਚੀ ਬੀਬੀ ਜਗੀਰ ਕੌਰ, ਦਿੱਤਾ ਵੱਡਾ ਬਿਆਨ
NEXT STORY