ਚੰਡੀਗੜ੍ਹ,(ਰਮਨਜੀਤ)- ਆਮ ਆਦਮੀ ਪਾਰਟੀ (ਆਪ) ਦੇ ਵਿਧਾਇਕ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਚੀਮਾ ਨੇ ਐਲਾਨ ਕੀਤਾ ਹੈ ਕਿ ਆਮ ਆਦਮੀ ਪਾਰਟੀ ਦੇ ਵਿਧਾਇਕ ਮੁੱਖ ਮੰਤਰੀ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਰਾਸ਼ਟਰਪਤੀ ਨੂੰ ਮਿਲਣ ਜਾ ਰਹੇ ਵਫ਼ਦ ਦਾ ਹਿੱਸਾ ਨਹੀਂ ਬਣੇਗੀ, ਕਿਉਂਕਿ ਇਹ ਗੁਮਰਾਹਕੁੰਨ ਕਦਮ ਡਰਾਮੇਬਾਜ਼ੀ ਤੋਂ ਵੱਧ ਕੁੱਝ ਵੀ ਨਹੀਂ। ਹਰਪਾਲ ਚੀਮਾ ਸ਼ਨੀਵਾਰ ਨੂੰ ਮੀਡੀਆ ਦੇ ਰੂਬਰੂ ਹੁੰਦਿਆਂ ਸਪੱਸ਼ਟ ਕਿਹਾ ਕਿ ਪੰਜਾਬ ਵਿਧਾਨਸਭਾ ਵਿਚ 20 ਅਕਤੂਬਰ ਨੂੰ ਖੇਤੀ ਬਾਰੇ ਕੇਂਦਰੀ ਕਾਲੇ ਕਾਨੂੰਨਾਂ ਵਿਚ ਹੀ ਸੋਧ ਕਰਕੇ ਜਿਹੜੇ 3 ਕਾਨੂੰਨ ਪਾਸ ਕੀਤੇ ਗਏ ਹਨ, ਇਹ ਇੰਨੇ ਫ਼ਰਜ਼ੀ ਅਤੇ ਕਮਜ਼ੋਰ ਹਨ। ਜਿਨ੍ਹਾਂ ਰਾਹੀਂ ਨਾ ਕਿਸਾਨੀ ਹਿੱਤ ਬਚਾਏ ਜਾ ਸਕਦੇ ਹਨ ਅਤੇ ਨਾ ਹੀ ਕਿਸਾਨੀ ਸੰਘਰਸ਼ ਦੀ ਮੂਲ ਮੰਗ ਪੂਰੀ ਕਰਵਾਈ ਜਾ ਸਕਦੀ ਹੈ। ਇਸ ਲਈ ਇਨ੍ਹਾਂ ਕਮਜ਼ੋਰ ਕਾਨੂੰਨਾਂ ਨੂੰ ਲੈ ਕੇ ਰਾਸ਼ਟਰਪਤੀ ਨੂੰ ਮਿਲਣ ਦੀ ਕੋਈ ਤੁਕ ਹੀ ਨਹੀਂ ਬਣਦੀ। ਚੀਮਾ ਨੇ ਨਾਲ ਹੀ ਕਿਹਾ ਕਿ ਅਜੇ ਤੱਕ ਪੰਜਾਬ ਦੇ ਮਾਣਯੋਗ ਰਾਜਪਾਲ ਨੇ ਇਨ੍ਹਾਂ ਕਾਨੂੰਨਾਂ 'ਤੇ ਦਸਤਖ਼ਤ ਤੱਕ ਨਹੀਂ ਕੀਤੇ, ਇਸ ਲਈ ਸਾਫ਼ ਹੈ ਕਿ ਕੈਪਟਨ ਪੰਜਾਬ ਦੇ ਕਿਸਾਨਾਂ ਅਤੇ ਲੋਕਾਂ ਨੂੰ ਬੇਵਕੂਫ਼ ਬਣਾ ਕੇ ਖ਼ੁਦ ਨੂੰ 'ਕਿਸਾਨਾਂ ਦਾ ਰਾਖਾ' ਦਿਖਾਉਣ 'ਤੇ ਕੇਂਦਰਿਤ ਹਨ।
ਚੀਮਾ ਨੇ ਕਿਹਾ ਕਿ ਕੈਪਟਨ ਅਸਲ ਵਿਚ ਕਮਜ਼ੋਰੀਆਂ ਦੀ ਪੰਡ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਕਠਪੁਤਲੀ ਹਨ। ਇਸੇ ਲਈ ਕਾਲੇ ਕਾਨੂੰਨਾਂ ਖ਼ਿਲਾਫ਼ ਮੁੱਖ ਮੰਤਰੀ ਅੱਜ ਤੱਕ ਨਾ ਪ੍ਰਧਾਨ ਮੰਤਰੀ ਨਾ ਖੇਤੀ ਮੰਤਰੀ ਅਤੇ ਨਾ ਹੀ ਰੇਲ ਮੰਤਰੀ ਨੂੰ ਇਕੱਲੇ ਜਾਂ ਵਫ਼ਦ ਦੇ ਰੂਪ ਵਿਚ ਨਹੀਂ ਮਿਲੇ। ਉਨ੍ਹਾਂ ਕਿਹਾ ਕਿ ਨੌਟੰਕੀਬਾਜੀ ਅਤੇ ਲੋਕਾਂ ਨੂੰ ਬੇਵਕੂਫ਼ ਬਣਾਉਣ ਦੀਆਂ ਚਾਲਾਂ ਵਿਚ 'ਆਪ' ਇਸ 'ਫ਼ਰਜ਼ੀ ਰਾਖੇ' ਕੈਪਟਨ ਦਾ ਸਾਥ ਨਹੀਂ ਦੇਵੇਗੀ। ਰਾਸ਼ਟਰਪਤੀ ਨੂੰ ਮਿਲਣ ਦੀ ਥਾਂ ਜੇਕਰ ਕੈ. ਅਮਰਿੰਦਰ ਸਿੰਘ ਪ੍ਰਧਾਨ ਮੰਤਰੀ 'ਤੇ ਦਬਾਅ ਬਣਾਉਣ ਲਈ ਵਫ਼ਦ ਲੈ ਕੇ ਜਾਂਦੇ ਹਨ ਤਾਂ ਆਮ ਆਦਮੀ ਪਾਰਟੀ ਨੰਗੇ ਪੈਰੀਂ ਨਾਲ ਜਾਵੇਗੀ। ਇਸੇ ਤਰ੍ਹਾਂ ਜੇ ਅਮਰਿੰਦਰ ਸਿੰਘ ਕਾਲੇ ਕਾਨੂੰਨ (ਸਮੇਤ ਹਵਾ ਪ੍ਰਦੂਸ਼ਣ ਆਰਡੀਨੈਂਸ) ਰੱਦ ਕਰਾਉਣ ਲਈ ਪ੍ਰਧਾਨ ਮੰਤਰੀ ਦੇ ਨਿਵਾਸ 'ਤੇ ਧਰਨਾ ਲਗਾਉਂਦੇ ਹਨ ਤਾਂ ਵੀ ਆਮ ਆਦਮੀ ਪਾਰਟੀ ਉਨ੍ਹਾਂ ਦੇ ਨਾਲ ਡਟੇਗੀ। ਇਸੇ ਤਰ੍ਹਾਂ ਜੇ ਅਮਰਿੰਦਰ ਸਿੰਘ ਐੱਮ.ਐੱਸ.ਪੀ. 'ਤੇ ਸਰਕਾਰੀ ਖ਼ਰੀਦ ਦੀ ਗਰੰਟੀ ਨੂੰ ਕਾਨੂੰਨੀ ਦਾਇਰੇ ਵਿਚ ਲਿਆਉਣ ਬਾਰੇ ਆਪਣਾ ਪੰਜਾਬ ਦਾ ਕਾਨੂੰਨ ਬਣਾਉਂਦੇ ਹਨ ਤਾਂ ਵੀ ਆਮ ਆਦਮੀ ਪਾਰਟੀ ਕੈਪਟਨ ਸਾਥ ਦੇਵੇਗੀ, ਪਰੰਤੂ ਕਿਸੇ ਕਿਸਮ ਦੀ ਨੋਟੰਕੀਬਾਜ਼ੀ ਅਤੇ ਲੋਕਾਂ ਨੂੰ ਬੇਵਕੂਫ਼ ਬਣਾਉਣ ਦੀਆਂ ਚਾਲਾਂ ਵਿਚ 'ਆਪ' ਇਸ 'ਫ਼ਰਜ਼ੀ ਰਾਖੇ' ਕੈਪਟਨ ਦਾ ਸਾਥ ਨਹੀਂ ਦੇਵੇਗੀ।
'ਲੁਧਿਆਣਾ ਜ਼ਿਲ੍ਹੇ 'ਚ ਯੂਰੀਆ ਦਾ ਸਿਰਫ 7 ਪ੍ਰਤੀਸਤ ਤੇ ਡੀ.ਏ.ਪੀ. ਖਾਦ ਦਾ 71 ਫੀਸਦੀ ਬਚਿਆ ਭੰਡਾਰ'
NEXT STORY