ਅੰਮ੍ਰਿਤਸਰ : ਬਹਿਬਲਕਲਾਂ ਅਤੇ ਕੋਟਕਪੂਰਾ ਗੋਲ਼ੀਕਾਂਡ ਤੇ ਬੇਅਦਬੀ ਮਾਮਲੇ ’ਚ ਬਰਖਾਸਤ ਕੀਤੀ ਗਈ ਪੁਰਾਣੀ ਐੱਸ. ਆਈ. ਟੀ. ਦੇ ਮੁਖੀ ਅਤੇ ਸਾਬਕਾ ਆਈ. ਜੀ. ਕੁੰਵਰ ਵਿਜੇ ਪ੍ਰਤਾਪ ਸੋਮਵਾਰ ਨੂੰ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋ ਗਏ। ‘ਆਪ’ ਸ਼ਮੂਲੀਅਤ ਮੌਕੇ ਅੰਮ੍ਰਿਤਸਰ ਵਿਚ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕੁੰਵਰ ਵਿਜੇ ਪ੍ਰਤਾਪ ਨੇ ਕਿਹਾ ਕਿ ਦੇਸ਼ ਨੂੰ ਆਜ਼ਾਦ ਹੋਇਆਂ 70 ਸਾਲ ਤੋਂ ਉਪਰ ਦਾ ਸਮਾਂ ਹੋ ਗਿਆ ਹੈ ਦੇਸ਼ ਵਿਚ ਮੁੱਢਲੇ 15-20 ਸਾਲ ਤਕ ਵਧੀਆ ਸਿਆਸਤ ਹੋਈ ਪਰ ਉਸ ਤੋਂ ਬਾਅਦ ਡਾਕੂ ਲੁਟੇਰਿਆਂ ਦਾ ਰਾਜ ਹੋ ਗਿਆ। ਖਾਸ ਕਰਕੇ ਪੰਜਾਬ ਵਿਚ ਇਹ ਚੋਟੀ ’ਤੇ ਪਹੁੰਚ ਚੁੱਕਾ ਹੈ। ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਦੀ ਧਰਤੀ ’ਤੇ ਬੇਅਦਬੀ ਵਰਗੇ ਗੰਭੀਰ ਮਸਲੇ ’ਤੇ ਇਨਸਾਫ਼ ਨਹੀਂ ਮਿਲ ਸਕਿਆ ਤਾਂ ਆਮ ਆਦਮੀ ਦੀ ਹਾਲਤ ਕੀ ਹੋਵੇਗੀ, ਇਸ ਦਾ ਅੰਦਾਜ਼ਾ ਸਹਿਜੇ ਹੀ ਲਗਾਇਆ ਜਾ ਸਕਦਾ ਹੈ।
ਇਹ ਵੀ ਪੜ੍ਹੋ : ਕਾਂਗਰਸ ’ਚ ਚੱਲ ਰਹੇ ਕਲੇਸ਼ ’ਤੇ ਇਹ ਕੀ ਬੋਲ ਗਏ ਅਰਵਿੰਦ ਕੇਜਰੀਵਾਲ
ਕੁੰਵਰ ਵਿਜੇ ਪ੍ਰਤਾਪ ਨੇ ਕਿਹਾ ਕਿ ਉਨ੍ਹਾਂ ਅਸਤੀਫ਼ਾ ਇਸ ਕਰਕੇ ਦਿੱਤਾ ਕਿਉਂਕਿ ਉਨ੍ਹਾਂ ਇਸ ਮਾਮਲੇ ’ਤੇ ਢਾਈ ਸਾਲ ਮਿਹਨਤ ਕੀਤੀ ਅਤੇ ਰਿਪੋਰਟ ਫਰੀਦਕੋਟ ਦੀ ਅਦਾਲਤ ਵਿਚ ਪਈ ਸੀ ਜਦਕਿ ਫ਼ੈਸਲਾ ਹਾਈਕੋਰਟ ਵਿਚੋਂ ਆਇਆ। ਸਾਡੇ ਸਰਕਾਰੀ ਵਕੀਲ ਨੇ ਇਹ ਵੀ ਨਹੀਂ ਕਿਹਾ ਕਿ ਬੇਅਦਬੀ ਦੀ ਰਿਪੋਰਟ ਫਰੀਦਕੋਟ ਅਦਾਲਤ ਵਿਚ ਪਈ ਹੈ ਅਤੇ ਉਸ ਰਿਪੋਰਟ ਨੂੰ ਪੜ੍ਹਨ ਤੋਂ ਬਾਅਦ ਕੋਈ ਫ਼ੈਸਲਾ ਲਵੋ। ਜਿਸ ਦਿਨ ਹੁਕਮ ਆਉਣਾ ਸੀ ਉਹ ਮਹੱਤਵਪੂਰਨ ਦਿਨ ਸੀ ਅਤੇ ਉਸੇ ਦਿਨ ਐਡਵੋਕੇਟ ਜਨਰਲ ਬਿਮਾਰ ਹੋ ਗਏ।
ਇਹ ਵੀ ਪੜ੍ਹੋ : ਅੰਮ੍ਰਿਤਸਰ ’ਚ ਪਹੁੰਚੇ ਅਰਵਿੰਦ ਕੇਜਰੀਵਾਲ ਦਾ ਪੰਜਾਬ ’ਚ ਮੁੱਖ ਮੰਤਰੀ ਚਿਹਰੇ ’ਤੇ ਵੱਡਾ ਖ਼ੁਲਾਸਾ
ਕੁੰਵਰ ਵਿਜੇ ਪ੍ਰਤਾਪ ਨੇ ਕਿਹਾ ਕਿ ਅਸੀਂ ਇਕ ਨਵੀਂ ਸਿਆਸਤ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ, ਉਹ ਰਾਜਨੀਤੀ ਨਹੀਂ ਜਿਹੜੀ ਲੋਕ ਦੇਖਦੇ ਹਨ, ਅਸੀਂ ਰਾਜਨੀਤੀ ਨੂੰ ਨਵੀਂ ਦਿਸ਼ਾ ਦੇਵਾਂਗੇ। ਉਨ੍ਹਾਂ ਕਿਹਾ ਕਿ ਦਿੱਲੀ ਵਿਚ ਕੇਜਰੀਵਾਲ ਸਰਕਾਰ ਨੇ ਬਿਹਤਰੀਨ ਕੰਮ ਕੀਤਾ ਹੈ। ਆਮ ਆਦਮੀ ਪਾਰਟੀ ਦਾ ਇਕੋ ਟੀਚਾ ਹੈ ਲੋਕ ਆਪਣੀ ਤਾਕਤ ਆਪ ਵਰਤਣ। ਕੁੰਵਰ ਵਿਜੇ ਪ੍ਰਤਾਪ ਨੇ ਕਿਹਾ ਕਿ ਪੂਰੇ ਦੇਸ਼ ਵਿਚ ਇਕ ਨਵੀਂ ਕ੍ਰਾਂਤੀ ਆਵੇਗੀ, ਜਿਸ ਦੀ ਸ਼ੁਰੂਆਤ ਪੰਜਾਬ ਤੋਂ ਹੋਣ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਅੱਜ ਪੰਜਾਬ ਵਿਚ ਹਰ ਤਰ੍ਹਾਂ ਦਾ ਮਾਫੀਆ ਚੱਲ ਰਿਹਾ ਹੈ, ਜਿਸ ਦਾ ਕਦੇ ਨਾਂ ਵੀ ਨਹੀਂ ਸੁਣਿਆ ਸੀ, ਅੱਜ ਪੰਜਾਬ ਉਹ ਮਾਫੀਆ ਰਾਜ ਕਰ ਰਿਹਾ ਹੈ। ਕੁੰਵਰ ਨੇ ਕਿਹਾ ਕਿ ਪਾਰਟੀ ਜਿੱਥੇ ਵੀ ਉਨ੍ਹਾਂ ਦੀ ਡਿਊਟੀ ਲਾਵੇਗੀ, ਉਹ ਇਮਾਨਦਾਰੀ ਨਾਲ ਕੰਮ ਕਰਨਗੇ।
ਇਹ ਵੀ ਪੜ੍ਹੋ : ਪੰਜਾਬ ਦੀ ਸਿਆਸਤ ’ਚ ਵੱਡਾ ਧਮਾਕਾ, ਆਮ ਆਦਮੀ ਪਾਰਟੀ ’ਚ ਸ਼ਾਮਲ ਹੋਏ ਕੁੰਵਰ ਵਿਜੇ ਪ੍ਰਤਾਪ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?
ਕਿਸਾਨੀ ਮਸਲੇ ’ਤੇ ਭਲਕੇ ਹਰਿਆਣਾ ਦੇ ਮੁੱਖ ਮੰਤਰੀ ਨੂੰ ਮਿਲੇਗਾ ਐੱਚ. ਐੱਸ. ਜੀ. ਪੀ. ਸੀ ਦਾ ਵਫ਼ਦ
NEXT STORY