ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਚੋਣਾਂ ’ਚ ਸ਼ਾਨਦਾਰ ਪ੍ਰਦਰਸ਼ਨ ਤੋਂ ਬਾਅਦ ਆਮ ਆਦਮੀ ਪਾਰਟੀ ਰਾਜ ਸਭਾ ’ਚ ਵੀ ਪੰਜਵੀਂ ਵੱਡੀ ਪਾਰਟੀ ਬਣੇਗੀ। ਪੰਜਾਬ ’ਚ ਆਮ ਆਦਮੀ ਪਾਰਟੀ ਨੂੰ 92 ਸੀਟਾਂ ਹਾਸਲ ਹੋਈਆਂ ਹਨ ਅਤੇ ਇੰਨੇ ਵਿਧਾਇਕਾਂ ਦੇ ਨਾਲ ਆਮ ਆਦਮੀ ਪਾਰਟੀ ਲਈ 6 ਮੈਂਬਰ ਰਾਜ ਸਭਾ ’ਚ ਭੇਜੇ ਜਾਣ ਦਾ ਰਸਤਾ ਸਾਫ਼ ਹੋ ਗਿਆ ਹੈ। ਫਿਲਹਾਲ ਆਮ ਆਦਮੀ ਪਾਰਟੀ ਦੇ ਰਾਜ ਸਭਾ ’ਚ 3 ਮੈਂਬਰ ਹਨ ਅਤੇ ਇਹ ਤਿੰਨੇ ਹੀ ਸੀਟਾਂ ਉਸ ਨੂੰ ਦਿੱਲੀ ’ਚ ਮਿਲੀ ਬੰਪਰ ਜਿੱਤ ਤੋਂ ਬਾਅਦ ਮਿਲੀਆਂ ਹਨ। ਹੁਣ ਪੰਜਾਬ ’ਚ ਮਿਲੀ ਬੰਪਰ ਜਿੱਤ ਤੋਂ ਬਾਅਦ ਰਾਜ ਸਭਾ ’ਚ ਉਸ ਦੇ ਮੈਂਬਰਾਂ ਦੀ ਗਿਣਤੀ 9 ਹੋ ਜਾਵੇਗੀ। ਫਿਲਹਾਲ ਭਾਜਪਾ 97 ਸੀਟਾਂ ਦੇ ਨਾਲ ਰਾਜ ਸਭਾ ’ਚ ਸਭ ਤੋਂ ਵੱਡੀ ਪਾਰਟੀ ਹੈ, ਜਦੋਂ ਕਿ ਕਾਂਗਰਸ ਕਾਂਗਰਸ 34 ਸੀਟਾਂ ਦੇ ਨਾਲ ਦੂਜੇ, ਤ੍ਰਿਣਮੂਲ ਕਾਂਗਰਸ 13 ਮੈਂਬਰਾਂ ਦੇ ਨਾਲ ਤੀਜੇ, ਡੀ. ਐੱਮ. 10 ਮੈਂਬਰਾਂ ਦੇ ਨਾਲ ਚੌਥੇ ਅਤੇ ਬੀਜੂ ਜਨਤਾ ਦਲ 9 ਮੈਂਬਰਾਂ ਦੇ ਨਾਲ ਪੰਜਵੇਂ ਸਥਾਨ ’ਤੇ ਹੈ। ਹੁਣ 31 ਮਾਰਚ ਨੂੰ 6 ਸੀਟਾਂ ਦੀ ਚੋਣ ਅਤੇ ਜੁਲਾਈ ’ਚ ਹੋਣ ਵਾਲੀ 2 ਸੀਟਾਂ ਦੀ ਚੋਣ ਤੋਂ ਬਾਅਦ ਆਮ ਆਦਮੀ ਪਾਰਟੀ ਵੀ ਬੀਜਦ ਦੇ ਨਾਲ ਰਾਜ ਸਭਾ ’ਚ ਪੰਜਵੇਂ ਨੰਬਰ ਦੀ ਪਾਰਟੀ ਹੋ ਜਾਵੇਗੀ।
ਇਹ ਵੀ ਪੜ੍ਹੋ : ਚਰਨਜੀਤ ਸਿੰਘ ਚੰਨੀ ਨੇ ਬੁਲਾਈ ਮੰਤਰੀ ਮੰਡਲ ਦੀ ਬੈਠਕ, ਰਾਜਪਾਲ ਨੂੰ ਸੌਂਪ ਸਕਦੇ ਨੇ ਅਸਤੀਫ਼ਾ
ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੂੰ ਪਹਿਲੀ ਵਾਰ ਮਿਲੇਗਾ ਚੋਣ ਦਾ ਮੌਕਾ
ਪੰਜਾਬ ’ਚ ਰਾਜ ਸਭਾ ਚੋਣ ਦਾ ਐਲਾਨ ਹੋ ਚੁੱਕਾ ਹੈ ਅਤੇ ਪੰਜਾਬ ’ਚ 5 ਸੀਟਾਂ ’ਤੇ ਇਹ ਚੋਣ 31 ਮਾਰਚ ਨੂੰ ਹੋਣ ਜਾ ਰਹੀ ਹੈ, ਜਦੋਂ ਕਿ ਦੂਜੇ ਪੜਾਅ ਦੀਆਂ 2 ਸੀਟਾਂ ਦੀ ਚੋਣ ਜੂਨ ਮਹੀਨੇ ਦੇ ਆਖ਼ਰੀ ਹਫ਼ਤੇ ’ਚ ਹੋ ਸਕਦੀ ਹੈ। ਪੰਜਾਬ ’ਚ ਚੁਣੇ ਗਏ ‘ਆਪ’ ਦੇ ਵਿਧਾਇਕਾਂ ਨੂੰ ਪਹਿਲੀ ਵਾਰ ਰਾਜ ਸਭਾ ’ਚ ਵੋਟ ਪਾਉਣ ਦਾ ਮੌਕਾ ਮਿਲੇਗਾ। ਪਿਛਲੀ ਵਿਧਾਨ ਸਭਾ ਚੋਣਾਂ ’ਚ ਵੀ ਆਮ ਆਦਮੀ ਪਾਰਟੀ ਨੂੰ 20 ਸੀਟਾਂ ਹਾਸਲ ਹੋਈਆਂ ਸਨ ਅਤੇ ਸੀਟ ਸੰਖਿਆ ਦੇ ਲਿਹਾਜ਼ ਨਾਲ ਆਮ ਆਦਮੀ ਪਾਰਟੀ ਇਕ ਰਾਜ ਸਭਾ ਸੀਟ ਜਿੱਤ ਸਕਦੀ ਸੀ ਪਰ ਪੰਜਾਬ ’ਚ ਰਾਜ ਸਭਾ ਚੋਣ ਦਾ ਹਿਸਾਬ ਇਸ ਤਰ੍ਹਾਂ ਦਾ ਹੈ ਕਿ 10 ਸਾਲ ਬਾਅਦ ਹੀ ਰਾਜ ਸਭਾ ਚੋਣ ’ਚ ਮੈਂਬਰਾਂ ਨੂੰ ਵੋਟ ਪਾਉਣ ਦਾ ਮੌਕਾ ਮਿਲਦਾ ਹੈ।
ਇਹ ਵੀ ਪੜ੍ਹੋ : ਇਸ਼ਕ-ਏ-ਸਿਸਵਾਂ ਲੈ ਡੁੱਬਾ 'ਕੈਪਟਨ' ਨੂੰ, ਹੁਣ ਕੀ ਕਰਨਗੇ
ਰਾਸ਼ਟਰਪਤੀ ਸ਼ਾਸਨ ਲੱਗਣ ਕਾਰਨ ਵਿਗੜਿਆ ਪੰਜਾਬ ਦਾ ਗਣਿਤ
ਦੇਸ਼ ਦੇ ਹੋਰ ਸੂਬਿਆਂ ’ਚ ਰਾਜ ਸਭਾ ਦੀਆਂ ਸੀਟਾਂ ਲਈ ਹਰ 2 ਸਾਲ ਬਾਅਦ ਚੋਣਾਂ ਹੁੰਦੀਆਂ ਹਨ ਪਰ ਪੰਜਾਬ ’ਚ 1987 ਤੋਂ 1992 ਤੱਕ ਰਾਸ਼ਟਰਪਤੀ ਸ਼ਾਸਨ ਲਾਏ ਜਾਣ ਕਾਰਨ ਪੰਜਾਬ ’ਚ ਇਹ ਗਣਿਤ ਵਿਗੜਿਆ ਹੋਇਆ ਹੈ ਅਤੇ ਵਿਧਾਨ ਸਭਾ ਦੇ ਮੈਂਬਰਾਂ ਨੂੰ ਹਰ 10 ਸਾਲ ਬਾਅਦ ਹੀ ਰਾਜ ਸਭਾ ’ਚ ਵੋਟ ਦਾ ਮੌਕਾ ਮਿਲਦਾ ਹੈ। 1987 ’ਚ ਵਿਧਾਨ ਸਭਾ ਭੰਗ ਹੋਣ ਕਾਰਨ ਪੰਜਾਬ ਦੇ ਵਿਧਾਇਕ ਰਾਜ ਸਭਾ ਮੈਂਬਰਾਂ ਦੀ ਚੋਣ ਨਹੀਂ ਕਰ ਸਕੇ ਸਨ ਅਤੇ ਬਾਅਦ ’ਚ 1992 ’ਚ ਸਾਰੇ ਰਾਜ ਸਭਾ ਮੈਂਬਰਾਂ ਦੀ ਚੋਣ 1992 ’ਚ ਹੋਈ ਸੀ। ਲਿਹਾਜਾ ਉਸ ਤੋਂ ਬਾਅਦ ਤੋਂ ਇਹ ਸਿਲਸਿਲਾ ਚੱਲ ਰਿਹਾ ਹੈ ਅਤੇ ਪੰਜਾਬ ਦੇ ਮੈਂਬਰ ਇਕ ਹੀ ਵਾਰ ਚੁਣੇ ਜਾਂਦੇ ਹਨ।
ਇਹ ਵੀ ਪੜ੍ਹੋ : ਕੇਜਰੀਵਾਲ ਨੂੰ ਮਿਲਣ ਲਈ 'ਭਗਵੰਤ ਮਾਨ' ਦਿੱਲੀ ਰਵਾਨਾ, ਸਹੁੰ ਚੁੱਕ ਸਮਾਰੋਹ ਲਈ ਦੇਣਗੇ ਤਾਰੀਖ਼
ਕਿਵੇਂ ਚੁਣਿਆ ਜਾਂਦੈ ਰਾਜ ਸਭਾ ਦਾ ਮੈਂਬਰ
ਰਾਜ ਸਭਾ ਦਾ ਮੈਂਬਰ ਵਿਧਾਇਕਾਂ ਦੀ ਵੋਟ ਨਾਲ ਤੈਅ ਹੁੰਦਾ ਹੈ। ਇਸ ਦੇ ਲਈ ਇਕ ਫਾਰਮੂਲੇ ਤਹਿਤ ਵਿਧਾਇਕ ਦੇ ਇਕ ਵੋਟ ਦੀ ਕੀਮਤ ਤੈਅ ਕੀਤੀ ਜਾਂਦੀ ਹੈ। ਫਾਰਮੂਲੇ ਤਹਿਤ ਵਿਧਾਨ ਸਭਾ ’ਚ ਕੁੱਲ ਸੀਟਾਂ ਦੀ ਗਿਣਤੀ ਨੂੰ 100 ਨਾਲ ਗੁਣਾ ਕੀਤੀ ਜਾਂਦੀ ਹੈ ਅਤੇ ਇਸ ਤੋਂ ਬਾਅਦ ਇਸਨੂੰ ਉਸ ਸੂਬੇ ਦੀਆਂ ਖ਼ਾਲੀ ਹੋਣ ਵਾਲੀਆਂ ਰਾਜ ਸਭਾ ਦੀਆਂ ਸੀਟਾਂ ’ਚ 1 ਅੰਕ ਜੋੜ ਕੇ ਕੁੱਲ ਗਿਣਤੀ ਨਾਲ ਵੰਡਿਆ ਕੀਤਾ ਜਾਂਦਾ ਹੈ। ਇਸ ਤੋਂ ਬਾਅਦ ਜੋ ਜਵਾਬ ਨਿਕਲੇਗਾ, ਉਸ ਨੂੰ 100 ਨਾਲ ਵੰਡਿਆ ਜਾਂਦਾ ਹੈ। ਇਸ ਤੋਂ ਬਾਅਦ ਓਨੇ ਵਿਧਾਇਕਾਂ ਦੀ ਸੰਖਿਆ ਨਿਕਲਦੀ ਹੈ, ਜਿਨ੍ਹਾਂ ਦਾ ਸਮਰਥਨ ਰਾਜ ਸਭਾ ਦੀ ਚੋਣ ਲਈ ਜ਼ਰੂਰੀ ਹੈ। ਪੰਜਾਬ ਦੇ ਮਾਮਲੇ ’ਚ 117 ਸੀਟਾਂ ਨੂੰ 100 ਨਾਲ ਗੁਣਾ ਕਰਨ ’ਤੇ ਇਹ ਸੰਖਿਆ 11700 ਆਵੇਗੀ ਅਤੇ ਇਸ ਤੋਂ ਬਾਅਦ ਇਸ ਨੂੰ ਪਹਿਲੇ ਪੜਾਅ ’ਚ ਖ਼ਾਲੀ ਹੋਣ ਵਾਲੀਆਂ ਸੀਟਾਂ ਦੀ ਸੰਖਿਆ (5+1) ਨਾਲ ਵੰਡਿਆ ਜਾਵੇਗਾ ਤਾਂ ਇਹ 1950 ਆਵੇਗਾ। ਇਸ ਨੂੰ 100 ਨਾਲ ਵੰਡ ਕਰਨ ’ਤੇ 19.50 ਆਵੇਗਾ। ਲਿਹਾਜਾ ਇਕ ਰਾਜ ਸਭਾ ਮੈਂਬਰ ਲਈ 20 ਵਿਧਾਇਕਾਂ ਵੋਟ ਦੀ ਲੋੜ ਹੋਵੇਗੀ। ਪੰਜਾਬ ’ਚ ਆਮ ਆਦਮੀ ਪਾਰਟੀ ਅਪ੍ਰੈਲ ’ਚ ਹੋਣ ਵਾਲੀਆਂ ਚੋਣਾਂ ’ਚ 5 ’ਚੋਂ 4 ਸੀਟਾਂ ਆਸਾਨੀ ਨਾਲ ਜਿੱਤ ਸਕਦੀ ਹੈ ਅਤੇ ਜੁਲਾਈ ’ਚ ਵੀ ਉਸਨੂੰ 2 ਸੀਟਾਂ ’ਤੇ ਆਸਾਨੀ ਨਾਲ ਜਿੱਤ ਹਾਸਲ ਹੋ ਜਾਵੇਗੀ।
ਕਾਂਗਰਸ ਨੂੰ ਇਕ ਸੀਟ ਜਿੱਤਣ ਦੇ ਲਾਲੇ, ਅਕਾਲੀ ਦਲ ਤੇ ਭਾਜਪਾ ਜ਼ੀਰੋ ਹੋਵੇਗੀ
ਪੰਜਾਬ ’ਚ ਰਾਜ ਸਭਾ ਦੇ 7 ਮੈਂਬਰ ਹਨ ਅਤੇ ਮੌਜੂਦਾ ਸਮੇਂ ’ਚ ਰਾਜ ਸਭਾ ਦੀਆਂ 3-3 ਸੀਟਾਂ ’ਤੇ ਕਾਂਗਰਸ ਅਤੇ ਇਕ ਸੀਟ ’ਤੇ ਭਾਜਪਾ ਦਾ ਕਬਜ਼ਾ ਹੈ ਪਰ ਮੌਜੂਦਾ ਹਾਲਤ ’ਚ ਸਿਰਫ ਕਾਂਗਰਸ ਹੀ ਰਾਜ ਸਭਾ ਦਾ ਇਕ ਮੈਂਬਰ ਜਿੱਤਣ ਦੀ ਹਾਲਤ ’ਚ ਹੈ ਅਤੇ ਇਸਦੇ ਲਈ ਵੀ ਆਪਣੇ ਮੈਂਬਰਾਂ ਨੂੰ ਇਕਜੁੱਟ ਰੱਖਣਾ ਪਵੇਗਾ। ਨਾਲ ਹੀ 2 ਹੋਰ ਵਿਧਾਇਕਾਂ ਦਾ ਸਮਰਥਨ ਵੀ ਹਾਸਲ ਕਰਨਾ ਪਵੇਗਾ ਕਿਉਂਕਿ ਪਹਿਲੇ ਪੜਾਅ ਦੀਆਂ 5 ਸੀਟਾਂ ਦੀ ਚੋਣ ਲਈ ਘੱਟ ਤੋਂ ਘੱਟ 20 ਮੈਂਬਰਾਂ ਦੀ ਵੋਟ ਦੀ ਲੋੜ ਹੋਵੇਗੀ। ਫਿਲਹਾਲ ਭਾਜਪਾ ਦੇ ਸ਼ਵੇਤ ਮਲਿਕ ਪੰਜਾਬ ਤੋਂ ਰਾਜ ਸਭਾ ’ਚ ਹਨ ਅਤੇ ਉਨ੍ਹਾਂ ਦਾ ਕਾਰਜਕਾਲ ਖ਼ਤਮ ਹੋਣ ਤੋਂ ਬਾਅਦ ਭਾਜਪਾ ਦਾ ਕੋਈ ਮੈਂਬਰ ਪੰਜਾਬ ਤੋਂ ਰਾਜ ਸਭਾ ਨਹੀਂ ਜਾ ਸਕੇਗਾ, ਜਦੋਂ ਕਿ ਸ਼ਿਅਦ ਦੇ ਬਲਵਿੰਦਰ ਸਿੰਘ ਭੂੰਦੜ, ਨਰੇਸ਼ ਗੁਜਰਾਲ, ਸੁਖਦੇਵ ਸਿੰਘ ਢੀਂਡਸਾ ਅਤੇ ਕਾਂਗਰਸ ਦੇ ਅੰਬਿਕਾ ਸੋਨੀ, ਸ਼ਮਸ਼ੇਰ ਸਿੰਘ ਦੂਲੋ ਅਤੇ ਪ੍ਰਤਾਪ ਸਿੰਘ ਬਾਜਵਾ ਦਾ ਕਾਰਜਕਾਲ ਵੀ ਖ਼ਤਮ ਹੋ ਰਿਹਾ ਹੈ। ਹਾਲਾਂਕਿ ਪ੍ਰਤਾਪ ਸਿੰਘ ਬਾਜਵਾ ਕਾਦੀਆਂ ਸੀਟ ਤੋਂ ਚੋਣ ਜਿੱਤ ਕੇ ਵਿਧਾਨ ਸਭਾ ਜ਼ਰੂਰ ਪਹੁੰਚ ਜਾਣਗੇ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਭਗਵੰਤ ਮਾਨ ਪਹਿਲਾਂ ਤੀਜੇ, ਫਿਰ ਦੂਜੇ ਅਤੇ ਹੁਣ ਆਏ ਪਹਿਲੇ ’ਤੇ
NEXT STORY