ਗੁਰਦਾਸਪੁਰ (ਹਰਮਨ,ਸਰਬਜੀਤ) : ਹਰਿਆਣਾ ਪੁਲਸ ਵੱਲੋਂ ਕਰਨਾਲ ਵਿੱਚ ਸ਼ਾਂਤਮਈ ਰੋਸ ਪ੍ਰਦਰਸ਼ਨ ਕਰ ਰਹੇ ਕਿਸਾਨਾਂ ’ਤੇ ਕੀਤੇ ਗਏ ਲਾਠੀਚਾਰਜ ਦੇ ਵਿਰੋਧ ਵਿੱਚ ਅੱਜ ਆਮ ਆਦਮੀ ਪਾਰਟੀ (ਆਪ) ਨੇ ਸ਼ਹਿਰ ਅੰਦਰ ਰੋਸ ਪ੍ਰਦਰਸ਼ਨ ਕੀਤਾ। ਇਸ ਅਧੀਨ ਸੁੱਕੇ ਤਲਾਅ ਵਿਖੇ ਇਕੱਤਰ ਹੋਣ ਉਪਰੰਤ ਪਾਰਟੀ ਦੇ ਸਮੂਹ ਆਗੂਆਂ ਨੇ ਡਾਕਖਾਨਾ ਚੌਂਕ ਤੱਕ ਰੋਸ ਮਾਰਚ ਕੀਤਾ ਜਿਸ ਦੌਰਾਨ ਆਵਾਜਾਈ ਠੱਪ ਕਰਕੇ ਖੱਟੜ ਸਰਕਾਰ ਅਤੇ ਕੇਂਦਰ ਦੀ ਮੋਦੀ ਸਰਕਾਰ ਦੇ ਪੁਤਲੇ ਫੂਕੇ। ਜ਼ਿਲ੍ਹਾ ਪ੍ਰਧਾਨ ਕਸ਼ਮੀਰ ਸਿੰਘ ਵਾਹਲਾ ਨੇ ਕਿਹਾ ਕਿ ਕਰਨਾਲ ’ਚ ਕਿਸਾਨਾਂ ’ਤੇ ਪੁਲਸ ਵੱਲੋਂ ਕੀਤੇ ਅੰਨ੍ਹੇ ਤਸ਼ੱਦਦ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਜ਼ਿੰਮੇਵਾਰ ਹਨ। ਲੋਕ ਸਭਾ ਇੰਚਾਰਜ ਪ੍ਰਸ਼ੋਤਮ ਸਿੰਘ ਰੰਧਾਵਾ ਨੇ ਕਿਹਾ ਕਿ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਦੇ ਹੁਕਮਾਂ ’ਤੇ ਹਰਿਆਣਾ ਪੁਲਸ ਵੱਲੋਂ ਕਿਸਾਨਾਂ ’ਤੇ ਕੀਤੇ ਲਾਠੀਚਾਰਜ ਕਾਰਨ ਇੱਕ ਕਿਸਾਨ ਦੀ ਮੌਤ ਹੋ ਗਈ ਹੈ ਅਤੇ 10 ਤੋਂ ਜ਼ਿਆਦਾ ਕਿਸਾਨ ਗੰਭੀਰ ਜ਼ਖ਼ਮੀ ਹੋਏ ਹਨ। ਦੇਸ਼ ਦੇ ਕਿਸਾਨ ਆਪਣੀਆਂ ਹੱਕੀਂ ਮੰਗਾਂ ਲਈ ਭਾਰਤੀ ਸੰਵਿਧਾਨ ਰਾਹੀਂ ਮਿਲੇ ਰੋਸ ਪ੍ਰਦਰਸ਼ਨ ਦੇ ਹੱਕ ਦੀ ਵਰਤੋਂ ਕਰਕੇ ਸੰਘਰਸ਼ ਕਰ ਰਹੇ ਹਨ ਪਰ ਭਾਰਤੀ ਜਨਤਾ ਪਾਰਟੀ ਦੀਆਂ ਸਰਕਾਰਾਂ ਕਿਸਾਨਾਂ ਦੇ ਸੰਵਿਧਾਨਕ ਹੱਕਾਂ 'ਤੇ ਵੀ ਡਾਕੇ ਮਾਰ ਰਹੀਆਂ ਹਨ।
ਇਸ ਮੌਕੇ ਸ਼ਹਿਰੀ ਪ੍ਰਧਾਨ ਪ੍ਰੀਤਮ ਸਿੰਘ ਬੱਬੂ ਨੇ ਕਿਹਾ ਕਿ ਆਮ ਆਦਮੀ ਪਾਰਟੀ ਸ਼ੁਰੂ ਤੋਂ ਹੀ ਕਿਸਾਨਾਂ, ਮਜ਼ਦੂਰਾਂ ਅਤੇ ਆਮ ਲੋਕਾਂ ਨਾਲ ਖੜ੍ਹੀ ਰਹੀ ਹੈ। ਉਨ੍ਹਾਂ ਕੇਂਦਰ ਸਰਕਾਰ ਨੂੰ ਚੁਣੌਤੀ ਦਿੰਦਿਆਂ ਕਿਹਾ ਕਿ ਕਰਨਾਲ ਵਿੱਚ ਕਿਸਾਨਾਂ ’ਤੇ ਲਾਠੀਚਾਰਜ ਕਰਨ ਦੇ ਹੁਕਮ ਦੇਣ ਵਾਲੇ ਐੱਸ. ਡੀ. ਐੱਮ. ਅਤੇ ਪੁਲਸ ਅਧਿਕਾਰੀਆਂ ਨੂੰ ਤੁਰੰਤ ਨੌਕਰੀ ਤੋਂ ਬਰਖ਼ਾਸਤ ਕਰਕੇ ਉਨ੍ਹਾਂ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਕੀਤਾ ਜਾਵੇ ਤਾਂ ਕਿ ਭਵਿੱਖ ਵਿੱਚ ਕੋਈ ਵੀ ਅਧਿਕਾਰੀ-ਕਰਮਚਾਰੀ ਆਪਣੇ ਸਿਆਸੀ ਆਕਾ ਨੂੰ ਖ਼ੁਸ਼ ਕਰਨ ਲਈ ਆਮ ਨਾਗਰਿਕਾਂ 'ਤੇ ਜ਼ੁਲਮ ਢਾਹੁਣ ਤੋਂ ਪਹਿਲਾਂ ਕਈ ਬਾਰ ਸੋਚੇ। ਆਗੂਆਂ ਨੇ ਮੰਗ ਕੀਤੀ ਕਿ ਇਸ ਅੱਤਿਆਚਾਰ ਲਈ ਸਮੁੱਚੀ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਸਰਕਾਰ ਸਮੇਤ ਭਾਜਪਾ ਅੰਨਦਾਤਾ ਕੋਲੋਂ ਜਨਤਕ ਤੌਰ 'ਤੇ ਮੁਆਫ਼ੀ ਮੰਗੇ।
ਬਘੇਲ ਸਿੰਘ ਨੇ ਕਾਹਨੂੰਵਾਨ ਰੋਡ ਤੋਂ ਸ਼ੁਰੂ ਕੀਤਾ ਰੋਸ ਮਾਰਚ
ਅੱਜ ਆਮ ਆਦਮੀ ਪਾਰਟੀ ਵੱਲੋਂ ਕੀਤੇ ਗਏ ਰੋਸ ਪ੍ਰਦਰਸ਼ਨ ਅਧੀਨ ਪਾਰਟੀ ਦੇ ਨੌਜਵਾਨ ਆਗੂ ਬਘੇਲ ਸਿੰਘ ਨੇ ਕਾਹਨੂੰਵਾਨ ਰੋਡ ਤੋਂ ਸੁੱਕਾ ਤਲਾਅ ਤੱਕ ਰੋਸ ਮਾਰਚ ਕੀਤਾ, ਜਿਸ ਦੇ ਬਾਅਦ ਜ਼ਿਲ੍ਹਾ ਲੀਡਰਸ਼ਿਪ ਨਾਲ ਮਿਲ ਕੇ ਕੇਂਦਰ ਦੇ ਹਰਿਆਣਾ ਸਰਕਾਰ ਦਾ ਪਿੱਟ ਸਿਆਪਾ ਕੀਤਾ। ਵੱਖ-ਵੱਖ ਆਗੂਆਂ ਅਤੇ ਵਲੰਟੀਅਰਾਂ ਨੇ ਕੇਂਦਰ ਸਰਕਾਰ ਅਤੇ ਖੱਟੜ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜੀ ਕੀਤੀ।
ਵੱਡੀ ਖ਼ਬਰ: ਕਪੂਰਥਲਾ ਪੁਲਸ ਵੱਲੋਂ 100 ਕਰੋੜ ਦੀ ਹੈਰੋਇਨ ਜ਼ਬਤ, ਦੋ ਨਸ਼ਾ ਤਸਕਰ ਗ੍ਰਿਫ਼ਤਾਰ
NEXT STORY