ਬਠਿੰਡਾ: “ਪ੍ਰੈੱਸ ਦੀ ਆਜ਼ਾਦੀ ਬਹਾਲ ਕਰੋ ਸੰਘਰਸ਼ ਕਮੇਟੀ” ਵੱਲੋਂ ਸਰਕਾਰ ਦੀਆਂ ਕਥਿਤ ਦਬਾਉ ਨੀਤੀਆਂ ਵਿਰੁੱਧ ਮੋਰਚਾ ਖੋਲ੍ਹਦਿਆਂ 27 ਫ਼ਰਵਰੀ ਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਡੀ.ਸੀ. ਦਫ਼ਤਰ ਸਾਹਮਣੇ ਵਿਸ਼ਾਲ ਰੋਸ ਮੁਜ਼ਾਹਰਾ ਕਰਨ ਦਾ ਫੈਸਲਾ ਕੀਤਾ ਗਿਆ ਹੈ। ਬਠਿੰਡਾ ਵਿਖੇ ਹੋਈ ਕਮੇਟੀ ਦੀ ਅਹਿਮ ਮੀਟਿੰਗ ਦੌਰਾਨ ਮੌਜੂਦਾ ਹਾਲਾਤਾਂ ’ਤੇ ਚਿੰਤਾ ਪ੍ਰਗਟ ਕਰਦਿਆਂ ਕਮੇਟੀ ਮੈਂਬਰਾਂ ਨੇ ਐਲਾਨ ਕੀਤਾ ਕਿ ਮਾਝੇ ਵਿੱਚ ਵੀ ਬਠਿੰਡਾ ਦੀ ਤਰਜ਼ ’ਤੇ ਵੱਡਾ ਜਨਤਕ ਇਕੱਠ ਕੀਤਾ ਜਾਵੇਗਾ, ਜਿਸ ਵਿੱਚ ਪੱਤਰਕਾਰ, ਕਾਰਕੁੰਨ ਅਤੇ ਆਮ ਲੋਕ ਸ਼ਮੂਲੀਅਤ ਕਰਨਗੇ।
ਪੱਤਰਕਾਰਾਂ 'ਤੇ ਝੂਠੀਆਂ ਕਾਪੀਰਾਈਟ ਸਟਰਾਈਕਾਂ ਦਾ ਮੁੱਦਾ ਗਰਮਾਇਆ
ਕਮੇਟੀ ਨੇ ਸਰਕਾਰ 'ਤੇ ਦੋਸ਼ ਲਾਇਆ ਕਿ ਪੱਤਰਕਾਰਾਂ ਅਤੇ ਕਾਰਕੁੰਨਾਂ ਦੀ ਆਵਾਜ਼ ਨੂੰ ਦਬਾਉਣ ਲਈ ਉਨ੍ਹਾਂ ਦੇ ਫੇਸਬੁੱਕ ਪੇਜ ਅਤੇ ਚੈਨਲਾਂ 'ਤੇ ਝੂਠੀਆਂ ਕਾਪੀਰਾਈਟ ਸਟਰਾਈਕਾਂ ਮਾਰ ਕੇ ਉਨ੍ਹਾਂ ਨੂੰ ਬੰਦ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਪੱਤਰਕਾਰ ਮਨਿੰਦਰ ਸਿੱਧੂ, ਰਤਨਦੀਪ ਧਾਲੀਵਾਲ ਅਤੇ ਆਰ.ਟੀ.ਆਈ. ਕਾਰਕੁੰਨ ਮਾਨਿਕ ਗੋਇਲ ਦੇ ਚੈਨਲਾਂ ਤੇ ਪੇਜਾਂ ਦਾ ਹਵਾਲਾ ਦਿੰਦਿਆਂ ਕਮੇਟੀ ਨੇ ਇਸ ਮਾਮਲੇ ਨੂੰ ਹਾਈਕੋਰਟ ਲੈ ਕੇ ਜਾਣ ਦਾ ਵੀ ਫੈਸਲਾ ਕੀਤਾ ਹੈ।
ਪਿੰਡ ਜਿਉਂਦ ਵਿਖੇ ਪੁਲਸ ਕਾਰਵਾਈ ਦੀ ਸਖ਼ਤ ਨਿਖੇਧੀ
ਮੀਟਿੰਗ ਦੌਰਾਨ ਪਿੰਡ ਜਿਉਂਦ ਵਿਖੇ ਸ਼ਾਂਤਮਈ ਧਰਨਾ ਦੇ ਰਹੇ ਕਿਸਾਨਾਂ 'ਤੇ ਹੋਏ ਪੁਲਸ ਤਸ਼ੱਦਦ ਦੀ ਵੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਗਈ। ਕਮੇਟੀ ਨੇ ਦੱਸਿਆ ਕਿ ਪੁਲਿਸ ਵੱਲੋਂ ਘਰਾਂ ਵਿੱਚ ਵੜ ਕੇ ਲੋਕਾਂ ਦੀ ਕੁੱਟਮਾਰ ਕੀਤੀ ਗਈ ਅਤੇ ਮਹਿਲਾਵਾਂ ਨਾਲ ਬਦਸਲੂਕੀ ਕੀਤੀ ਗਈ। ਇਸ ਹਿੰਸਕ ਕਾਰਵਾਈ ਦੌਰਾਨ ਉਗਰਾਹਾਂ ਜਥੇਬੰਦੀ ਦੇ ਇੱਕ ਨੌਜਵਾਨ ਦੀਆਂ ਲੱਤਾਂ ਤੋੜ ਦਿੱਤੀਆਂ ਗਈਆਂ ਅਤੇ ਉਹ ਗੰਭੀਰ ਜ਼ਖ਼ਮੀ ਹੈ।
SSP ਨੂੰ ਮੁਅੱਤਲ ਕਰਨ ਅਤੇ ਨਿਰਪੱਖ ਜਾਂਚ ਦੀ ਮੰਗ
ਸੰਘਰਸ਼ ਕਮੇਟੀ ਨੇ ਮੰਗ ਕੀਤੀ ਹੈ ਕਿ SSP ਜੋਤੀ ਯਾਦਵ ਨੂੰ ਤੁਰੰਤ ਮੁਅੱਤਲ ਕੀਤਾ ਜਾਵੇ ਅਤੇ ਉਨ੍ਹਾਂ ਖ਼ਿਲਾਫ਼ ਇਰਾਦਾ-ਕਤਲ ਦਾ ਪਰਚਾ ਦਰਜ ਕੀਤਾ ਜਾਵੇ। ਇਸ ਤੋਂ ਇਲਾਵਾ, ਜ਼ਖ਼ਮੀ ਨੌਜਵਾਨ ਦਾ ਮੁਫ਼ਤ ਇਲਾਜ ਕਰਵਾਉਣ ਅਤੇ ਪੂਰੇ ਮਾਮਲੇ ਦੀ ਰਿਟਾਇਰਡ ਜੱਜਾਂ ਦੀ ਕਮੇਟੀ ਰਾਹੀਂ ਨਿਰਪੱਖ ਜਾਂਚ ਕਰਵਾਉਣ ਦੀ ਮੰਗ ਵੀ ਕੀਤੀ ਗਈ ਹੈ।
ਇਸ ਮੌਕੇ ਕੋਰ ਕਮੇਟੀ ਪ੍ਰਧਾਨ ਸ. ਬਖਤੋਰ ਢਿੱਲੋਂ, ਮਨਿੰਦਰਜੀਤ ਸਿੱਧੂ, ਮਾਨਿਕ ਗੋਇਲ, ਜੱਸ ਗਰੇਵਾਲ, ਸੰਦੀਪ ਲਾਧੂਕਾ, ਮਨਦੀਪ ਮੱਕੜ , ਮੋਹਨ ਔਲਖ ਆਦਿ ਹਾਜ਼ਰ ਸਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ 27 ਫ਼ਰਵਰੀ ਨੂੰ ਅੰਮ੍ਰਿਤਸਰ ਵਿਖੇ ਵੱਡੀ ਗਿਣਤੀ ਵਿੱਚ ਪਹੁੰਚ ਕੇ ਇਸ ਲੜਾਈ ਨੂੰ ਕਾਮਯਾਬ ਬਣਾਇਆ ਜਾਵੇ, ਕਿਉਂਕਿ ਇਹ ਪੰਜਾਬ ਦੇ ਹਰ ਨਾਗਰਿਕ ਦੇ ਹੱਕਾਂ ਦੀ ਲੜਾਈ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਪੰਜਾਬ ਸਰਕਾਰ ਦਾ ਅਨੋਖਾ ਫ਼ਰਮਾਨ! ਬੱਚਿਆਂ ਦੇ ਭਵਿੱਖ ਨਾਲੋਂ ਅਧਿਆਪਕਾਂ ਦੇ ਟੈਸਟ ਦੀ ਜ਼ਿਆਦਾ ਟੈਨਸ਼ਨ
NEXT STORY