ਲਹਿਰਾਗਾਗਾ (ਗਰਗ) : ਵਿਧਾਨ ਸਭਾ ਹਲਕਾ ਲਹਿਰਾ-99 ਤੋਂ ਕਾਂਗਰਸੀ ਉਮੀਦਵਾਰ ਤੇ ਸਾਬਕਾ ਮੁੱਖ ਮੰਤਰੀ ਬੀਬੀ ਰਾਜਿੰਦਰ ਕੌਰ ਭੱਠਲ ਨੇ ਵਾਰਡ ਨੰਬਰ 1 ਦੇ ਪੋਲਿੰਗ ਬੂਥ ਨੰਬਰ 27 (ਮਾਰਕੀਟ ਕਮੇਟੀ) ਵਿਖੇ ਆਪਣੇ ਬੇਟੇ ਅਤੇ ਨੂੰਹ ਨਾਲ ਵੋਟ ਪਾਉਣ ਉਪਰੰਤ ਕਿਹਾ ਕਿ ਪੰਜਾਬ ਅੰਦਰ ਕਾਂਗਰਸ ਬੰਪਰ ਜਿੱਤ ਪ੍ਰਾਪਤ ਕਰ ਰਹੀ ਹੈ। 'ਆਪ', ਭਾਜਪਾ ਗਠਜੋੜ ਅਤੇ ਬਾਦਲ ਦਲ ਦਾ ਪੰਜਾਬ 'ਚੋਂ ਸੁਪੜਾ ਸਾਫ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਚਰਨਜੀਤ ਸਿੰਘ ਚੰਨੀ ਦੀਆਂ ਨੀਤੀਆਂ ਨੂੰ ਲੋਕ ਪਸੰਦ ਕਰ ਰਹੇ ਹਨ ਤੇ ਕਾਂਗਰਸ ਦੇ ਹੱਕ ਵਿੱਚ ਬੰਪਰ ਪੋਲਿੰਗ ਕਰ ਰਹੇ ਹਨ।
ਬੀਬੀ ਭੱਠਲ ਨੇ ਕਾਂਗਰਸ ਨੂੰ ਧਰਮ ਨਿਰਪੱਖ ਪਾਰਟੀ ਕਰਾਰ ਦਿੰਦਿਆਂ ਕਿਹਾ ਕਿ ਵਿਰੋਧੀ ਪਾਰਟੀਆਂ ਧਰਮ ਅਤੇ ਜਾਤ ਦੇ ਨਾਂ 'ਤੇ ਸਿਆਸਤ ਕਰਦੀਆਂ ਹਨ, ਜਿਸ ਨੂੰ ਪੰਜਾਬ ਦੇ ਲੋਕ ਕਦੇ ਬਰਦਾਸ਼ਤ ਨਹੀਂ ਕਰਨਗੇ। ਉਨ੍ਹਾਂ ਕਿਹਾ ਕਿ ਭਾਜਪਾ ਗਠਜੋੜ ਜਿੱਥੇ ਕਿਸਾਨੀ ਅੰਦੋਲਨ ਦੌਰਾਨ 750 ਕਿਸਾਨਾਂ ਦੀਆਂ ਸ਼ਹੀਦੀਆਂ ਲਈ ਜ਼ਿੰਮੇਵਾਰ ਹੈ, ਉਥੇ ਬਾਦਲ ਦਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਦੋਸ਼ੀ ਹੈ ਅਤੇ 'ਆਪ' ਦਾ ਸੂਬੇ ਅੰਦਰ ਕੋਈ ਆਧਾਰ ਨਹੀਂ ਹੈ ਕਿਉਂਕਿ 'ਆਪ' ਕੋਲ ਪੰਜਾਬ ਲਈ ਕੋਈ ਏਜੰਡਾ ਨਹੀਂ, ਉਹ ਦਿੱਲੀ ਮਾਡਲ ਦੇ ਨਾਂ 'ਤੇ ਵੋਟਾਂ ਮੰਗ ਰਹੇ ਹਨ। ਉਨ੍ਹਾਂ ਬੂਥ ਨੰਬਰ 27 ਅਤੇ ਹੋਰ ਕਈ ਥਾਵਾਂ 'ਤੇ ਈ. ਵੀ. ਐੱਮ. ਖ਼ਰਾਬ ਹੋਣ 'ਤੇ ਸ਼ੰਕਾ ਜ਼ਾਹਿਰ ਕਰਦਿਆਂ ਕਿਹਾ ਕਿ ਭਾਜਪਾ ਸੱਤਾ ਦੀ ਭੁੱਖੀ ਹੈ, ਉਹ ਕੁਝ ਵੀ ਕਰਵਾ ਸਕਦੀ ਹੈ। ਇਸ ਮੌਕੇ ਬੀਬੀ ਭੱਠਲ ਨਾਲ ਉਨ੍ਹਾਂ ਦੇ ਸਪੁੱਤਰ ਸੂਬਾ ਕਾਂਗਰਸ ਦੇ ਮੀਡੀਆ ਪੈਨੇਲਿਸਟ ਰਾਹੁਲਇੰਦਰ ਸਿੰਘ ਸਿੱਧੂ ਤੇ ਨੇਹਾ ਸਿੱਧੂ ਵੀ ਹਾਜ਼ਰ ਸਨ।
ਵਿਧਾਨ ਸਭਾ ਚੋਣਾਂ 2022: ਅੰਮ੍ਰਿਤਸਰ ’ਚ ਹੋਈ 63.25 ਫੀਸਦੀ ਵੋਟਿੰਗ
NEXT STORY