ਚੰਡੀਗੜ੍ਹ : ਮੁੱਖ ਮੰਤਰੀ ਭਗਵੰਤ ਮਾਨ ਨੂੰ ਇਕ ਵਾਰ ਫਿਰ ਵਿਰੋਧੀ ਪਾਰਟੀਆਂ ਨੇ ਘੇਰਿਆ ਹੈ। ਵਿਰੋਧੀ ਪਾਰਟੀਆਂ ਦਾ ਇਲਜ਼ਾਮ ਹੈ ਕਿ ਭਗਵੰਤ ਮਾਨ ਨੂੰ ਫਰੈਂਕਫਰਟ ਤੋਂ ਦਿੱਲੀ ਜਾਣ ਵਾਲੀ ਲੁਫਥਾਂਸਾ ਦੀ ਫਲਾਈਟ ਤੋਂ ਇਸ ਲਈ ਉਤਾਰਿਆ ਗਿਆ ਸੀ ਕਿਉਂਕਿ ਉਨ੍ਹਾਂ ਨੇ ਸ਼ਰਾਬ ਪੀਤੀ ਸੀ। ਵਿਰੋਧੀਆਂ ਦੇ ਇਨ੍ਹਾਂ ਇਲਜ਼ਾਮਾਂ ’ਤੇ ਬੋਲਦਿਆਂ ਆਮ ਆਦਮੀ ਪਾਰਟੀ ਦੇ ਬੁਲਾਰੇ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਸਿਹਤ ਠੀਕ ਨਾ ਹੋਣ ਕਾਰਨ ਉਨ੍ਹਾਂ ਦੇ ਦਿੱਲੀ ਪਰਤਣ ’ਚ ਦੇਰ ਹੋਈ। ਉਨ੍ਹਾਂ ਵਿਰੋਧੀ ਪਾਰਟੀਆਂ ’ਤੇ ਝੂਠੀਆਂ ਅਫ਼ਵਾਹਾਂ ਫੈਲਾਉਣ ਦਾ ਦੋਸ਼ ਲਾਇਆ। ਇਸ ਦੌਰਾਨ ‘ਆਪ’ ਨੇ ਲੁਫਥਾਂਸਾ ਦੀ ਇਕ ਸਟੇਟਮੈਂਟ ਸਾਂਝੀ ਕੀਤੀ, ਜਿਸ ’ਚ ਕਿਹਾ ਗਿਆ ਹੈ ਕਿ ਦੇਰੀ ਨਾਲ ਆਉਣ ਵਾਲੀ ਉਡਾਣ ਅਤੇ ਇਕ ਜਹਾਜ਼ ’ਚ ਤਬਦੀਲੀ ਕਾਰਨ ਫਲਾਈਟ ਦੀ ਉਡਾਣ ’ਚ ਦੇਰ ਹੋਈ ਸੀ।
ਜ਼ਿਕਰਯੋਗ ਹੈ ਕਿ ਫਰੈਂਕਫਰਟ ਤੋਂ ਦਿੱਲੀ ਜਾਣ ਵਾਲੀ ਲੁਫਥਾਂਸਾ ਦੀ ਫਲਾਈਟ ’ਚ ਹੋਈ ਦੇਰੀ ਨੂੰ ਲੈ ਕੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਟਵੀਟ ਕਰਦਿਆਂ ਕਿਹਾ ਸੀ ਕਿ ‘ਸਹਿ-ਯਾਤਰੀਆਂ ਨੂੰ ਪਰੇਸ਼ਾਨ ਕਰਨ ਵਾਲੀਆਂ ਮੀਡੀਆ ਰਿਪੋਰਟਾਂ ’ਚ ਕਿਹਾ ਗਿਆ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਲੁਫਥਾਂਸਾ ਦੀ ਫਲਾਈਟ ਤੋਂ ਉਤਾਰ ਦਿੱਤਾ ਗਿਆ ਕਿਉਂਕਿ ਉਨ੍ਹਾਂ ਬਹੁਤ ਜ਼ਿਆਦਾ ਸ਼ਰਾਬ ਪੀਤੀ ਸੀ। ਇਸ ਕਾਰਨ ਫਲਾਈਟ 4 ਘੰਟੇ ਲੇਟ ਹੋਈ ਤੇ ਉਹ ‘ਆਪ’ ਦੇ ਰਾਸ਼ਟਰੀ ਸੰਮੇਲਨ ਤੋਂ ਖੁੰਝ ਗਏ। ਇਨ੍ਹਾਂ ਰਿਪੋਰਟਾਂ ਨੇ ਸ਼ਰਮਿੰਦਾ ਕੀਤਾ ਹੈ ਅਤੇ ਦੁਨੀਆ ਭਰ ਦੇ ਪੰਜਾਬੀਆਂ ਨੂੰ ਸ਼ਰਮਸਾਰ ਕੀਤਾ।”
ਕਾਂਗਰਸ ਨੇ ਫ੍ਰੈਂਕਫਰਟ ਤੋਂ ਦਿੱਲੀ ਜਾ ਰਹੀ ਲੁਫਥਾਂਸਾ ਫਲਾਈਟ ਦੇ ਇਕ ਯਾਤਰੀ ਦੇ ਹਵਾਲੇ ਨਾਲ ਟਵੀਟ ਕੀਤਾ ਹੈ ਕਿ ਮੁੱਖ ਮੰਤਰੀ ਨੇ ਸ਼ਰਾਬ ਪੀਤੀ ਹੋਈ ਸੀ। ਮੁਸਾਫਿਰ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਮਾਨ ਆਪਣੇ ਪੈਰਾਂ ’ਤੇ ਸਥਿਰ ਨਹੀਂ ਸੀ ਕਿਉਂਕਿ ਉਨ੍ਹਾਂ ਬਹੁਤ ਜ਼ਿਆਦਾ ਸ਼ਰਾਬ ਪੀਤੀ ਸੀ ਤੇ ਉਨ੍ਹਾਂ ਨੂੰ ਉਨ੍ਹਾਂ ਦੀ ਪਤਨੀ ਅਤੇ ਨਾਲ ਮੌਜੂਦ ਸੁਰੱਖਿਆ ਕਰਮਚਾਰੀਆਂ ਨੇ ਸੰਭਾਲਿਆ।
ਇਸ ਦੌਰਾਨ ‘ਆਪ’ ਦੇ ਬੁਲਾਰੇ ਮਾਲਵਿੰਦਰ ਸਿੰਘ ਕੰਗ ਨੇ ਕਿਹਾ ਕਿ ਮੁੱਖ ਮੰਤਰੀ 19 ਸਤੰਬਰ ਨੂੰ ਤੈਅ ਸਮੇਂ ਅਨੁਸਾਰ ਹੀ ਵਾਪਸ ਪਰਤੇ ਹਨ। ਸੋਸ਼ਲ ਮੀਡੀਆ ਰਿਪੋਰਟਾਂ ਇਕ ਪ੍ਰਾਪੇਗੰਡਾ ਹਨ। ਵਿਰੋਧੀ ਧਿਰ ਇਸ ਲਈ ਹੰਗਾਮਾ ਕਰ ਰਹੀ ਹੈ ਕਿਉਂਕਿ ਮੁੱਖ ਮੰਤਰੀ ਮਾਨ ਨੇ ਆਪਣੀ ਵਿਦੇਸ਼ ਯਾਤਰਾ ਤੋਂ ਪ੍ਰਭਾਵਸ਼ਾਲੀ ਢੰਗ ਨਾਲ ਕੁਝ ਨਿਵੇਸ਼ ਪ੍ਰਾਪਤ ਕੀਤੇ ਹਨ। ਉਨ੍ਹਾਂ ਕਿਹਾ ਕਿ ਬਾਕੀ ਤੁਸੀਂ ਲੁਫਥਾਂਸਾ ਏਅਰਲਾਈਨਜ਼ ਨਾਲ ਸੰਪਰਕ ਕਰ ਸਕਦੇ ਹੋ। ਏਅਰਲਾਈਨ ਦੇ ਬਿਆਨ ’ਚ ਕਿਹਾ ਗਿਆ ਹੈ ਕਿ ਫਰੈਂਕਫਰਟ ਤੋਂ ਦਿੱਲੀ ਲਈ ਸਾਡੀ ਫਲਾਈਟ ’ਚ ਦੇਰੀ ਨਾਲ ਆਉਣ ਵਾਲੀ ਉਡਾਣ ਅਤੇ ਇਕ ਜਹਾਜ਼ ’ਚ ਤਬਦੀਲੀ ਕਾਰਨ ਅਸਲ ਯੋਜਨਾ ਤੋਂ ਬਾਅਦ ਰਵਾਨਾ ਹੋਈ। ਡਾਟਾ ਸੁਰੱਖਿਆ ਕਾਰਨਾਂ ਕਰਕੇ ਅਸੀਂ ਵਿਅਕਤੀਗਤ ਯਾਤਰੀਆਂ ਬਾਰੇ ਕੋਈ ਜਾਣਕਾਰੀ ਨਹੀਂ ਦੇ ਸਕਦੇ। ਪੰਜਾਬ ਸਰਕਾਰ ਅਨੁਸਾਰ ਮੁੱਖ ਮੰਤਰੀ ਮਾਨ ਨੇ ਨਿਵੇਸ਼ ਆਕਰਸ਼ਿਤ ਕਰਨ ਅਤੇ ਗਠਜੋੜ ਕਰਨ ਲਈ 11 ਤੋਂ 18 ਸਤੰਬਰ ਤੱਕ ਜਰਮਨੀ ਦਾ ਦੌਰਾ ਕੀਤਾ ਸੀ।
ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਸੱਦਣ ’ਤੇ ਸੁਖਬੀਰ ਬਾਦਲ ਨੇ ਘੇਰੇ CM ਮਾਨ, ਕਿਹਾ-ਵਿਸ਼ਵਾਸ ਮਤੇ ਦਾ ਨਾ ਕਰੋ ਡਰਾਮਾ
NEXT STORY