ਚੰਡੀਗੜ੍ਹ (ਭੁੱਲਰ) - ਪੰਜਾਬ ਵਿਧਾਨ ਸਭਾ ਦੇ ਚੱਲ ਰਹੇ ਸੈਸ਼ਨ ਦੇ ਅੱਜ ਦੂਜੇ ਦਿਨ ਵੀ ਕਿਸਾਨਾਂ ਤੇ ਮਜ਼ਦੂਰਾਂ ਦੇ ਕਰਜ਼ੇ ਦੇ ਮੁੱਦੇ 'ਤੇ ਕੰਮ ਰੋਕੋ ਪ੍ਰਸਤਾਵ ਰੱਦ ਹੋਣ 'ਤੇ ਆਮ ਆਦਮੀ ਪਾਰਟੀ ਮੈਂਬਰਾਂ ਨੇ ਵਾਕ ਆਊਟ ਕੀਤਾ। ਇਸੇ ਦੌਰਾਨ ਅਕਾਲੀ ਦਲ ਨੇ ਵੀ ਸਿਫਰ ਕਾਲ ਵਿਚ ਉਨ੍ਹਾਂ ਦਾ ਕੰਮ ਰੋਕੋ ਪ੍ਰਸਤਾਵ ਨਾ-ਮਨਜ਼ੂਰ ਹੋਣ ਦੇ ਵਿਰੋਧ ਵਿਚ ਸੈਸ਼ਨ 'ਚ ਹੰਗਾਮਾ ਕੀਤਾ ਤੇ ਸਪੀਕਰ ਦੀ ਚੇਅਰ ਦੇ ਸਾਹਮਣੇ ਜਾ ਕੇ ਨਾਅਰੇਬਾਜ਼ੀ ਕੀਤੀ। ਇਸ ਕਾਰਨ ਸਪੀਕਰ ਨੂੰ ਅੱਧੇ ਘੰਟੇ ਤੱਕ ਸੈਸ਼ਨ ਦੀ ਕਾਰਵਾਈ ਮੁਲਤਵੀ ਕਰਨੀ ਪਈ।
ਇਸੇ ਦੌਰਾਨ ਅੱਜ ਸੈਸ਼ਨ ਵਿਚ ਸਿਫਰ ਕਾਲ ਦੌਰਾਨ 'ਆਪ' ਵੱਲੋਂ ਨਸ਼ਾ ਤੇ ਨਾਜਾਇਜ਼ ਮਾਈਨਿੰਗ ਦੇ ਮੁੱਦੇ ਵੀ ਉਠਾਏ ਗਏ।
ਪ੍ਰਸ਼ਨਕਾਲ ਖਤਮ ਹੋਣ ਤੋਂ ਬਾਅਦ ਸਿਫਰਕਾਲ ਦੌਰਾਨ ਵਿਰੋਧੀ ਧਿਰ ਨੇਤਾ ਸੁਖਪਾਲ ਸਿੰਘ ਖਹਿਰਾ ਨੇ ਕਿਸਾਨਾਂ ਦੇ ਮੁੱਦੇ 'ਤੇ ਉਨ੍ਹਾਂ ਦਾ ਕੰਮ ਰੋਕੋ ਪ੍ਰਸਤਾਵ ਰੱਦ ਹੋਣ 'ਤੇ ਰੋਸ ਜਤਾਇਆ। ਉਨ੍ਹਾਂ ਕਿਹਾ ਕਿ ਇਕ ਸਾਲ ਅੰਦਰ 300 ਤੋਂ ਵੱਧ ਕਿਸਾਨ ਤੇ ਖੇਤ ਮਜ਼ਦੂਰ ਆਤਮ-ਹੱਤਿਆਵਾਂ ਕਰ ਚੁੱਕੇ ਹਨ ਪਰ ਅਜਿਹੇ ਮਹੱਤਵਪੂਰਨ ਮੁੱਦੇ 'ਤੇ ਸੈਸ਼ਨ ਵਿਚ ਬਹਿਸ ਲਈ ਆਗਿਆ ਨਹੀਂ ਦਿੱਤੀ ਜਾ ਰਹੀ। ਇਸੇ ਦੌਰਾਨ ਅਕਾਲੀ ਦਲ ਦੇ ਮੈਂਬਰ ਵੀ ਕਿਸਾਨਾਂ ਦੇ ਮੁੱਦੇ 'ਤੇ ਉਨ੍ਹਾਂ ਦਾ ਕੰਮ ਰੋਕੋ ਪ੍ਰਸਤਾਵ ਰੱਦ ਹੋਣ ਖਿਲਾਫ਼ ਸੈਸ਼ਨ ਵਿਚ ਨਾਅਰੇਬਾਜ਼ੀ ਤੇ ਸ਼ੋਰ ਸ਼ਰਾਬਾ ਕਰਨ ਲੱਗੇ ਤੇ ਧਿਆਨ ਦਿਵਾਊ ਪ੍ਰਸਤਾਵ ਦੀ ਕਾਰਵਾਈ ਸ਼ੁਰੂ ਨਾ ਹੋਈ ਤਾਂ ਸਪੀਕਰ ਨੇ ਅੱਧੇ ਘੰਟੇ ਲਈ ਸੈਸ਼ਨ ਦੀ ਕਾਰਵਾਈ ਮੁਲਤਵੀ ਕਰ ਦਿੱਤੀ।
ਇਸ ਦੌਰਾਨ ਅੱਜ ਸਿਫਰਕਾਲ ਦੌਰਾਨ ਕਾਂਗਰਸ ਦੇ ਮੈਂਬਰ ਰਾਣਾ ਗੁਰਮੀਤ ਸੋਢੀ ਨੇ ਇਰਾਕ ਵਿਚ ਮਾਰੇ ਗਏ ਭਾਰਤੀਆਂ ਦੇ ਪੀੜਤ ਪਰਿਵਾਰਾਂ ਨੂੰ ਕੇਂਦਰ ਤੋਂ ਸਹਾਇਤਾ ਨਾਲ ਸਰਵ ਪਾਰਟੀਆਂ ਡੈਲੀਗੇਸ਼ਨ ਮੁੱਖ ਮੰਤਰੀ ਦੀ ਅਗਵਾਈ ਵਿਚ ਪ੍ਰਧਾਨ ਮੰਤਰੀ ਨਾਲ ਗੱਲਬਾਤ ਕਰਨ ਲਈ ਭੇਜਣ ਦਾ ਸੁਝਾਅ ਦਿੱਤਾ। ਉਨ੍ਹਾਂ ਕਿਹਾ ਕਿ ਕੇਂਦਰ ਵਲੋਂ ਪੀੜਤ ਪਰਿਵਾਰਾਂ ਦੇ ਮੈਂਬਰਾਂ ਨੂੰ ਇਕ ਇਕ ਨੌਕਰੀ ਤੇ ਇਕ-ਇਕ ਕਰੋੜ ਰੁਪਏ ਦਾ ਮੁਆਵਜ਼ਾ ਦੇਣਾ ਚਾਹੀਦਾ ਹੈ। ਉਨ੍ਹਾਂ ਇਸ ਸਬੰਧੀ ਸੈਸ਼ਨ ਵਿਚ ਪ੍ਰਸਤਾਵ ਪਾਸ ਕਰਨ ਦਾ ਵੀ ਸੁਝਾਅ ਦਿੱਤਾ। 'ਆਪ' ਦੇ ਕੰਵਰ ਸੰਧੂ ਨੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਪੰਜਾਬ ਦੌਰੇ ਦੌਰਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਉਨ੍ਹਾਂ ਦੀ ਹੋਈ ਬੈਠਕ ਵਿਚ ਆਪਸੀ ਸਹਿਯੋਗ ਦੇ ਮੁੱਦਿਆਂ 'ਤੇ ਹੋਈ ਚਰਚਾ ਦੇ ਬਾਰੇ 'ਚ ਸੈਸ਼ਨ ਨੂੰ ਜਾਣਕਾਰੀ ਦੇਣ ਦੀ ਮੰਗ ਉਠਾਈ।
ਅਕਾਲੀ ਦਲ ਦੇ ਢੀਂਡਸਾ ਨੇ ਅੱਜ ਅਕਾਲੀ-ਭਾਜਪਾ ਵਿਧਾਇਕਾਂ ਦਾ ਪ੍ਰਵੇਸ਼ ਸੈਸ਼ਨ ਦੇ ਮੇਨ ਐਂਟਰੈਂਸ ਤੋਂ ਰੋਕੇ ਜਾਣ ਖਿਲਾਫ ਵੀ ਰੋਸ ਜਤਾਇਆ। ਢੀਂਡਸਾ ਨੇ ਕਿਹਾ ਕਿ ਇਸ ਤਰ੍ਹਾਂ ਦੇ ਭੇਦਭਾਵ ਦੇ ਬਾਰੇ 'ਚ ਜੇਕਰ ਕੋਈ ਨਿਯਮ ਹੈ ਤਾਂ ਦੱਸਿਆ ਜਾਵੇ। ਸਪੀਕਰ ਨੇ ਢੀਂਡਸਾ ਨੂੰ ਸ਼ਾਂਤ ਕਰਨ ਦਾ ਯਤਨ ਕਰਦਿਆਂ ਕਿਹਾ ਕਿ ਭੇਦਭਾਵ ਵਾਲੀ ਕੋਈ ਗੱਲ ਨਹੀਂ ਹੈ ਤੇ ਜੇਕਰ ਤੁਸੀਂ ਚਾਹੁੰਦੇ ਹੋ ਤਾਂ ਭਵਿੱਖ ਵਿਚ ਅਜਿਹਾ ਨਹੀਂ ਹੋਵੇਗਾ। ਉਨ੍ਹਾਂ ਨੇ ਮਾਮਲੇ 'ਤੇ ਵਿਚਾਰ ਕਰਨ ਦਾ ਭਰੋਸਾ ਦਿਵਾਇਆ।
ਲੋਕ ਇਨਸਾਫ਼ ਪਾਰਟੀ ਦੇ ਸਿਮਰਜੀਤ ਸਿੰਘ ਬੈਂਸ ਨੇ ਐੱਸ. ਵਾਈ. ਐੱਲ. ਦੇ ਮੁੱਦੇ 'ਤੇ ਦਿੱਤੇ ਗਏ ਪ੍ਰਸਤਾਵ ਸਬੰਧੀ ਬਹਿਸ ਦੀ ਆਗਿਆ ਨਾ ਮਿਲਣ 'ਤੇ ਰੋਸ ਜਤਾਇਆ ਤਾਂ ਸਪੀਕਰ ਨੇ ਕਿਹਾ ਕਿ ਇਹ ਮਾਮਲਾ ਹਾਈਕੋਰਟ ਵਿਚ ਵਿਚਾਰ ਅਧੀਨ ਹੈ, ਜਿਸ ਕਾਰਨ ਚਰਚਾ ਨਹੀਂ ਹੋ ਸਕਦੀ। ਇਸ 'ਤੇ ਬੈਂਸ ਨੇ ਕਿਹਾ ਕਿ ਪਿਛਲੇ ਵਿਧਾਨ ਸਭਾ ਸੈਸ਼ਨ ਵਿਚ ਦੂਸਰੇ ਸੂਬਿਆਂ ਤੋਂ ਵਸੂਲੇ ਜਾਣ ਵਾਲੇ ਦਰਿਆਵਾਂ ਦੇ ਪਾਣੀ ਦੇ ਬਿੱਲਾਂ ਸਬੰਧੀ ਪਾਸ ਪ੍ਰਸਤਾਵ 'ਤੇ ਤਾਂ ਚਰਚਾ ਹੋ ਸਕਦੀ ਹੈ। ਸਪੀਕਰ ਵੱਲੋਂ ਮੰਗ ਮਨਜ਼ੂਰ ਨਾ ਕੀਤੇ ਜਾਣ 'ਤੇ ਬੈਂਸ ਨੇ ਵਿਧਾਨ ਸਭਾ ਨੂੰ ਦਿੱਤੇ ਗਏ ਪ੍ਰਸਤਾਵ ਦੀ ਕਾਪੀ ਸੈਸ਼ਨ ਵਿਚ ਹੀ ਪਾੜ ਕੇ ਆਪਣਾ ਰੋਸ ਜਤਾਇਆ।
ਐੱਨ. ਆਰ. ਆਈ. ਦੇ ਘਰੋਂ ਲੱਖਾਂ ਰੁਪਏ ਦਾ ਸਾਮਾਨ ਚੋਰੀ
NEXT STORY