ਮੋਹਾਲੀ, (ਕੁਲਦੀਪ)- ਨਵਾਂ ਗਰਾਓਂ ਵਿਚ ਫਾਰੈਸਟ ਹਿੱਲ ਰਿਜ਼ਾਰਟ ਵਿਚ ਸੀ. ਟੀ. ਯੂ. ਕਰਮਚਾਰੀ ਅਭਿਸ਼ੇਕ ਕਤਲ ਕੇਸ ਵਿਚ ਮੁਲਜ਼ਮ ਰਿਜ਼ਾਰਟ ਦੇ ਮਾਲਕ ਕਰਨਲ ਬੀ. ਐੱਸ. ਸੰਧੂ ਵਲੋਂ ਮੋਹਾਲੀ ਅਦਾਲਤ ਵਿਚ ਦਰਜ ਕੀਤੀ ਗਈ ਜ਼ਮਾਨਤ ਮੰਗ ਅੱਜ ਅਦਾਲਤ ਵਲੋਂ ਰੱਦ ਕਰ ਦਿੱਤੀ ਗਈ।
ਅਦਾਲਤ ਵਿਚ ਸੰਧੂ ਦੀ ਜ਼ਮਾਨਤ ਦਾ ਵਿਰੋਧ ਕਰਦੇ ਹੋਏ ਪੁਲਸ ਨੇ ਕਿਹਾ ਕਿ ਇਸ ਕਤਲ ਕੇਸ ਵਿਚ ਕਰਨਲ ਸੰਧੂ ਦੀ ਭੂਮਿਕਾ ਕਾਫ਼ੀ ਅਹਿਮ ਹੈ । ਪੁਲਸ ਨੇ ਅਜੇ ਇਸ ਗੱਲ ਦੀ ਪੁਸ਼ਟੀ ਕਰਨੀ ਹੈ ਕਿ ਸੰਧੂ ਨੇ ਫੋਨ 'ਤੇ ਗੁਰਵਿੰਦਰ ਸਿੰਘ ਨੂੰ ਇਹ ਗੱਲ ਕਿਉਂ ਕਹੀ ਕਿ ਉਨ੍ਹਾਂ ਨੂੰ ਪਹਿਲਾਂ ਤੋਂ ਹੀ ਬਣਾਈ ਯੋਜਨਾ ਮੁਤਾਬਕ ਹੀ ਕੰਮ ਕੀਤਾ ਜਾਣਾ ਚਾਹੀਦਾ ਹੈ । ਪੁਲਸ ਦਾ ਕਹਿਣਾ ਸੀ ਕਿ ਇਸ ਦੀ ਪੁਸ਼ਟੀ ਕਰਨ ਲਈ ਸੰਧੂ ਦੀ ਆਵਾਜ਼ ਦੇ ਸੈਂਪਲ ਲਏ ਜਾਣੇ ਹਨ । ਇਸ ਲਈ ਸੰਧੂ ਨੂੰ ਪੁਲਸ ਦੀ ਇਨਵੈਸਟੀਗੇਸ਼ਨ ਜੁਆਇਨ ਕਰਨੀ ਚਾਹੀਦੀ ਹੈ ਪਰ ਉਹ ਪੁਲਸ ਦੀ ਇਨਵੈਸਟੀਗੇਸ਼ਨ ਤੋਂ ਬਚਣਾ ਚਾਹੁੰਦਾ ਹੈ । ਅਦਾਲਤ ਵਿਚ ਸੰਧੂ ਦੇ ਵਕੀਲ ਨੇ ਪੁਲਸ ਵਲੋਂ ਕੀਤੇ ਜਾ ਰਹੇ ਜ਼ਮਾਨਤ ਦੇ ਵਿਰੋਧ ਨੂੰ ਨਾਜਾਇਜ਼ ਦੱਸਿਆ ਅਤੇ ਕਿਹਾ ਕਿ ਪੁਲਸ ਨੇ ਪਹਿਲਾਂ ਤੋਂ ਹੀ ਧਾਰਾ 302 ਲਾ ਕੇ ਸੰਧੂ ਨੂੰ ਇਸ ਕੇਸ ਵਿਚ ਨਾਮਜ਼ਦ ਕੀਤਾ ਹੈ । ਉਨ੍ਹਾਂ ਸੰਧੂ ਦੀ ਜ਼ਮਾਨਤ ਮੰਗ ਮਨਜ਼ੂਰ ਕੀਤੇ ਜਾਣ ਦੀ ਮੰਗ ਰੱਖੀ । ਅਦਾਲਤ ਨੇ ਦੋਵਾਂ ਪੱਖਾਂ ਦੀਆਂ ਦਲੀਲਾਂ ਸੁਣਦੇ ਹੋਏ ਕਰਨਲ ਸੰਧੂ ਦੀ ਜ਼ਮਾਨਤ ਮੰਗ ਰੱਦ ਕਰ ਦਿੱਤੀ ਹੈ । ਹੁਣ ਪੁਲਸ ਨੇ ਸੰਧੂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ ।
ਜ਼ਿਕਰਯੋਗ ਹੈ ਕਿ ਪੁਲਸ ਨੂੰ 25 ਮਾਰਚ ਨੂੰ ਫਾਰੈਸਟ ਹਿੱਲ ਰਿਜ਼ਾਰਟ ਤੋਂ ਅਭਿਸ਼ੇਕ ਦੀ ਲਾਸ਼ ਬਰਾਮਦ ਹੋਈ ਸੀ । ਪੁਲਸ ਨੇ ਇਸ ਕੇਸ ਵਿਚ ਬਲਵਿੰਦਰ ਸਿੰਘ, ਗੁਰਵਿੰਦਰ ਸਿੰਘ ਅਤੇ ਤਰਸੇਮ ਨੂੰ ਗ੍ਰਿਫਤਾਰ ਕਰ ਲਿਆ ਸੀ । ਇਕ ਹੋਰ ਮੁਲਜ਼ਮ ਬਲਜੀਤ ਸਿੰਘ ਅਤੇ ਰਿਜ਼ਾਰਟ ਦਾ ਮਾਲਕ ਕਰਨਲ ਸੰਧੂ ਅਜੇ ਵੀ ਪੁਲਸ ਦੀ ਗ੍ਰਿਫਤ ਤੋਂ ਬਾਹਰ ਹੈ ।
40 ਏਕੜ ਕਣਕ ਦੀ ਫਸਲ ਅੱਗ ਲੱਗਣ ਨਾਲ ਸੜ ਕੇ ਸੁਆਹ
NEXT STORY