ਜਲੰਧਰ (ਧਵਨ) - ਭਾਰਤੀ ਬਾਕਸਿੰਗ ਖੇਤਰ 'ਚ ਨਾਂ ਕਮਾਉਣ ਵਾਲੇ ਕੌਰ ਸਿੰਘ (69) ਨੂੰ ਆਰਥਿਕ ਤੰਗੀ ਕਾਰਨ ਆਪਣੇ ਦਿਲ ਦੇ ਰੋਗ ਦਾ ਇਲਾਜ ਕਰਵਾਉਣ ਲਈ ਫਾਈਨਾਂਸਰਾਂ ਤੋਂ 2 ਲੱਖ ਦਾ ਕਰਜ਼ਾ ਲੈਣਾ ਪਿਆ ਸੀ। ਇਸ ਸਬੰਧੀ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਖੁਦ ਨੋਟਿਸ ਲੈਂਦੇ ਹੋਏ ਬਾਕਸਰ ਕੌਰ ਸਿੰਘ ਲਈ 2 ਲੱਖ ਦੀ ਰਕਮ ਸੂਬਾ ਸਰਕਾਰ ਵਲੋਂ ਮਨਜ਼ੂਰ ਕਰ ਦਿੱਤੀ ਹੈ। ਕੈਪਟਨ ਨੇ ਅੱਜ ਇਥੇ ਟਵਿਟਰ 'ਤੇ ਟਵੀਟ ਕਰਦੇ ਹੋਏ ਲਿਖਿਆ ਕਿ ਉਨ੍ਹਾਂ ਨੂੰ ਬਾਕਸਰ ਕੌਰ ਦੀ ਹਾਲਤ ਬਾਰੇ ਜਾਣ ਕੇ ਬਹੁਤ ਦੁੱਖ ਹੋਇਆ ਹੈ। ਉਨ੍ਹਾਂ ਕਿਹਾ ਕਿ ਕੌਰ ਸਿੰਘ ਭਾਰਤ ਦੇ ਇਕ ਅਜਿਹੇ ਬਾਕਸਰ ਸਨ, ਜੋ ਬਾਕਸਿੰਗ ਚੈਂਪੀਅਨ ਮੁਹੰਮਦ ਅਲੀ ਵਿਰੁੱਧ ਰਿੰਗ 'ਚ ਉਤਰੇ ਸਨ। 1980 'ਚ ਦਿੱਲੀ 'ਚ ਹੋਏ ਪ੍ਰਦਰਸ਼ਨੀ ਮੈਚ 'ਚ ਕੌਰ ਸਿੰਘ ਨੇ ਮੁਹੰਮਦ ਅਲੀ ਨੂੰ ਸਖਤ ਟੱਕਰ ਦਿੱਤੀ ਸੀ। 1982 'ਚ ਏਸ਼ੀਆਈ ਖੇਡਾਂ 'ਚ ਕੌਰ ਸਿੰਘ ਨੇ ਸੋਨ ਤਮਗਾ ਜਿੱਤਿਆ ਸੀ। 1982 'ਚ ਕੌਰ ਸਿੰਘ ਨੇ ਅਰਜੁਨ ਐਵਾਰਡ ਵੀ ਪ੍ਰਾਪਤ ਕੀਤਾ। 1983 'ਚ ਉਨ੍ਹਾਂ ਨੂੰ ਭਾਰਤ ਸਰਕਾਰ ਨੇ ਪਦਮ ਸ਼੍ਰੀ ਦਿੱਤਾ ਸੀ। 1984 'ਚ ਲਾਸ ਏਂਜਲਸ ਓਲੰਪਿਕ ਖੇਡਾਂ 'ਚ ਆਖਰੀ ਵਾਰ ਕੌਰ ਸਿੰਘ ਨੇ ਭਾਰਤ ਦੀ ਅਗਵਾਈ ਕੀਤੀ ਸੀ। ਉਸ ਸਮੇਂ ਉਨ੍ਹਾਂ ਨੇ ਬਾਕਸਿੰਗ ਚੈਂਪੀਅਨਸ਼ਿਪ 'ਚ ਪਹਿਲੇ ਦੋ ਮੈਚ ਜਿੱਤੇ ਸਨ। ਕੌਰ ਸਿੰਘ 1971 'ਚ 23 ਸਾਲ ਦੀ ਉਮਰ 'ਚ ਭਾਰਤੀ ਸੈਨਾ 'ਚ ਹੌਲਦਾਰ ਦੇ ਅਹੁਦੇ 'ਤੇ ਭਰਤੀ ਹੋਏ ਸਨ। 1988 'ਚ ਫੌਜ ਨੇ ਵਿਸ਼ੇਸ਼ ਸੇਵਾ ਮੈਡਲ ਦੇ ਕੇ ਸਨਮਾਨਿਤ ਕੀਤਾ ਸੀ। 1971 'ਚ ਭਾਰਤ-ਪਾਕਿ ਯੁੱਧ 'ਚ ਬਹਾਦੁਰੀ ਦਾ ਪ੍ਰਦਰਸ਼ਨ ਕਰਨ ਕਾਰਨ ਕੌਰ ਸਿੰਘ ਨੂੰ ਸੈਨਾ ਮੈਡਲ ਵੀ ਮਿਲਿਆ ਸੀ। ਅੰਤਰਰਾਸ਼ਟਰੀ ਪ੍ਰਤੀਯੋਗਿਤਾਵਾਂ 'ਚ ਕੌਰ ਸਿੰਘ ਨੇ ਕਰੀਬ 6 ਸੋਨ ਤਮਗੇ ਹਾਸਲ ਕੀਤੇ ਸਨ ਪਰ ਕੌਰ ਸਿੰਘ ਦੀ ਖੇਡਾਂ ਤੋਂ ਰਿਟਾਇਰਡ ਹੋਣ ਬਾਅਦ ਆਰਥਿਕ ਹਾਲਤ ਖਰਾਬ ਹੋਣੀ ਸ਼ੁਰੂ ਹੋ ਗਈ। ਹੁਣ ਇਲਾਜ ਲਈ 2 ਲੱਖ ਦੀ ਰਕਮ ਲਈ ਉਨ੍ਹਾਂ ਨੂੰ ਇਧਰ-ਓਧਰ ਭਟਕਣਾ ਪਿਆ। ਮੁੱਖ ਮੰਤਰੀ ਅਮਰਿੰਦਰ ਸਿੰਘ ਦੇ ਧਿਆਨ 'ਚ ਜਦੋਂ ਮਾਮਲਾ ਆਇਆ ਤਾਂ ਉਨ੍ਹਾਂ ਨੇ ਕਾਰਵਾਈ ਕਰਦਿਆਂ ਕੌਰ ਸਿੰਘ ਨੂੰ ਰਾਹਤ ਪਹੁੰਚਾਈ।
ਨਸ਼ੀਲੇ ਪਾਊਡਰ ਦੀ ਸਮੱਗਲਿੰਗ ਦੇ ਮਾਮਲੇ 'ਚ 7 ਸਾਲ ਦੀ ਕੈਦ
NEXT STORY