ਬਨੂੜ (ਗੁਰਪਾਲ) : ਬਨੂੜ ਇਲਾਕੇ ਵਿਚ ਵਾਪਰੇ ਦੋ ਸੜਕ ਹਾਦਸਿਆਂ ’ਚ ਦੋ ਵਿਅਕਤੀਆਂ ਦੀ ਮੌਤ ਹੋ ਜਾਣ ਦਾ ਸਮਾਚਾਰ ਹੈ। ਪਹਿਲਾਂ ਹਾਦਸਾ ਬਨੂੜ ਤੋਂ ਤੇਪਲਾ ਨੂੰ ਜਾਂਦੇ ਕੌਮੀ ਮਾਰਗ ’ਤੇ ਸਥਿਤ ਪਿੰਡ ਬਾਸਮਾ ਕੋਲ ਵਾਪਰਿਆ। ਜਾਣਕਾਰੀ ਅਨੁਸਾਰ ਬੀਤੀ ਰਾਤ ਥਾਣਾ ਬਨੂੜ ਅਧੀਨ ਪੈਂਦੇ ਪਿੰਡ ਬੁੱਢਣਪੁਰ ਦਾ ਵਸਨੀਕ ਸਾਬਕਾ ਸੈਨਿਕ ਨਾਜਰ ਸਿੰਘ ਪੁੱਤਰ ਛੱਜੂ ਸਿੰਘ ਉਮਰ 52 ਸਾਲ ਮੋਟਰਸਾਈਕਲ ’ਤੇ ਸਵਾਰ ਹੋ ਕੇ ਡਿਊਟੀ ਖਤਮ ਕਰਨ ਤੋਂ ਬਾਅਦ ਤਕਰੀਬਨ ਸਾਢੇ ਸੱਤ ਵਜੇ ਦੇ ਕਰੀਬ ਆਪਣੇ ਘਰ ਆ ਰਿਹਾ ਸੀ। ਜਦੋਂ ਮੋਟਰਸਾਈਕਲ ਸਵਾਰ ਬਨੂੜ ਤੋਂ ਤੇਪਲਾ ਨੂੰ ਜਾਂਦੇ ਕੌਮੀ ਮਾਰਗ ’ਤੇ ਸਥਿਤ ਪਿੰਡ ਬਾਸਮਾ ਦੇ ਬੱਸ ਸਟੈਂਡ ਦੇ ਕਰੀਬ ਪਹੁੰਚਿਆ ਤਾਂ ਸਾਹਮਣੇ ਤੋਂ ਆ ਰਹੀ ਤੇਜ਼ ਰਫਤਾਰ ਕਾਰ ਨੇ ਮੋਟਰਸਾਈਕਲ ਨੂੰ ਭਿਆਨਕ ਟੱਕਰ ਮਾਰੀ। ਇਸ ਹਾਦਸੇ ਵਿਚ ਮੋਟਰਸਾਈਕਲ ਸਵਾਰ ਸਾਬਕਾ ਸੈਨਿਕ ਗੰਭੀਰ ਜ਼ਖਮੀ ਹੋ ਗਿਆ, ਜਿਸ ਨੂੰ ਚੁੱਕ ਕੇ ਇਲਾਜ ਲਈ ਰਾਜਪੁਰਾ ਦੇ ਸਿਵਲ ਹਸਪਤਾਲ ਵਿਚ ਭਰਤੀ ਕਰਾਇਆ ਗਿਆ ਤਾਂ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਇਸ ਮਾਮਲੇ ਬਾਰੇ ਸੰਪਰਕ ਕਰਨ ’ਤੇ ਜਾਂਚ ਅਧਿਕਾਰੀ ਏ. ਐੱਸ. ਆਈ. ਅੰਗਰੇਜ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ’ਤੇ ਕਾਰ ਦੇ ਅਣਪਛਾਤੇ ਚਾਲਕ ਖਿਲਾਫ ਮਾਮਲਾ ਦਰਜ ਕਰਨ ਉਪਰੰਤ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਵਾਰਸਾਂ ਨੂੰ ਸੌਂਪ ਦਿੱਤੀ ਗਈ ਹੈ।
ਦੂਜਾ ਹਾਦਸਾ ਬਨੂੜ ਤੋਂ ਜ਼ੀਰਕਪੁਰ ਨੂੰ ਜਾਂਦੇ ਕੌਮੀ ਮਾਰਗ ’ਤੇ ਸਥਿਤ ਪਿੰਡ ਕਰਾਲਾ ਤੋਂ ਅਮਲਾਲਾ ਨੂੰ ਜਾਂਦੀ ਲਿੰਕ ਮਾਰਗ ’ਤੇ ਵਾਪਰਿਆ। ਜਾਣਕਾਰੀ ਅਨੁਸਾਰ ਥਾਣਾ ਡੇਰਾਬੱਸੀ ਅਧੀਨ ਪੈਂਦੇ ਪਿੰਡ ਅਮਲਾਲਾ ਦਾ ਵਸਨੀਕ ਜਸਪਾਲ ਸਿੰਘ ਪੁੱਤਰ ਮੱਖਣ ਸਿੰਘ ਉਮਰ 60 ਸਾਲ ਮੋਟਰਸਾਈਕਲ ’ਤੇ ਸਵਾਰ ਹੋ ਕੇ ਕਰਾਲਾ ਤੋਂ ਆਪਣੇ ਪਿੰਡ ਅਮਲਾਲਾ ਜਾ ਰਿਹਾ ਸੀ ਤੇ ਜਦੋਂ ਉਹ ਪਿੰਡ ਕਰਾਲਾ ਦੀ ਹਦੂਦ ਵਿਚ ਹੀ ਜਾ ਰਿਹਾ ਸੀ ਕਿ ਸਾਹਮਣੇ ਤੋਂ ਆ ਰਹੀ ਕਾਰ ਨੇ ਮੋਟਰਸਾਈਕਲ ਨੂੰ ਟੱਕਰ ਮਾਰੀ। ਇਸ ਹਾਦਸੇ ਵਿਚ ਮੋਟਰਸਾਈਕਲ ਸਵਾਰ ਗੰਭੀਰ ਜ਼ਖਮੀ ਹੋ ਗਿਆ ਤੇ ਜਦੋਂ ਉਸ ਨੂੰ ਚੁੱਕ ਕੇ ਇਲਾਜ ਲਈ ਬਨੂੜ ਦੇ ਸਰਕਾਰੀ ਹਸਪਤਾਲ ਵਿਚ ਲੈ ਕੇ ਆਏ ਤਾਂ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਇਸ ਮਾਮਲੇ ਬਾਰੇ ਸੰਪਰਕ ਕਰਨ ’ਤੇ ਜਾਂਚ ਅਧਿਕਾਰੀ ਏ.ਐੱਸ.ਆਈ. ਰਾਮ ਕਿਸ਼ਨ ਨੇ ਦੱਸਿਆ ਕਿ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ’ਤੇ ਕਾਰ ਦੇ ਅਣਪਛਾਤੇ ਚਾਲਕ ਖਿਲਾਫ ਮਾਮਲਾ ਦਰਜ ਕਰ ਕੇ ਲਾਸ਼ ਦਾ ਪੋਸਟਮਾਰਟਮ ਡੇਰਾਬੱਸੀ ਦੇ ਸਿਵਲ ਹਸਪਤਾਲ ’ਚੋਂ ਕਰਵਾ ਕੇ ਵਾਰਸਾਂ ਨੂੰ ਸੌਂਪ ਦਿੱਤੀ ਗਈ ਹੈ।
ਵੇਟਲਿਫਟਰ ਪਰਮਵੀਰ ਦੀ ਭਾਰਤੀ ਟੀਮ ’ਚ ਹੋਈ ਚੋਣ, ਟ੍ਰਾਇਲ ਦੌਰਾਨ ਤੋੜਿਆ ਆਪਣਾ ਹੀ ਪੁਰਾਣਾ ਰਿਕਾਰਡ
NEXT STORY