ਬਠਿੰਡਾ (ਮਨਜੀਤ) : ਬਠਿੰਡਾ-ਡੱਬਵਾਲੀ ਰਾਸ਼ਟਰੀ ਮਾਰਗ ’ਤੇ ਪੈਂਦੇ ਪਿੰਡ ਜੋਧਪੁਰ ਰੋਮਾਣਾ ਨੇੜੇ ਬਣੇ ਫਲਾਈਓਵਰ ’ਤੇ ਸ਼ਨੀਵਾਰ ਨੂੰ ਵਾਪਰੇ ਇਕ ਸੜਕ ਹਾਦਸੇ ’ਚ ਡਿਊਟੀ ਤੋਂ ਘਰ ਵਾਪਸ ਪਰਤ ਰਹੇ ਇਕ ਨੌਜਵਾਨ ਸਕਿਓਰਿਟੀ ਗਾਰਡ ਦੀ ਇਲਾਜ ਦੌਰਾਨ ਮੌਤ ਹੋ ਗਈ। ਇਸ ਹਾਦਸੇ ਦੌਰਾਨ ਉਸ ਦਾ ਸਾਥੀ ਗੰਭੀਰ ਰੂਪ ’ਚ ਜ਼ਖਮੀ ਹੋ ਗਿਆ। ਇਸ ਦੁਖਦਾਈ ਘਟਨਾ ਨਾਲ ਮ੍ਰਿਤਕ ਦੇ ਪਰਿਵਾਰ ’ਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ, ਜਦਕਿ ਪਿੰਡ ਫੱਲੜ ਅਤੇ ਇਲਾਕੇ ’ਚ ਸੋਗ ਦੀ ਲਹਿਰ ਦੌੜ ਗਈ ਹੈ। ਜਾਣਕਾਰੀ ਅਨੁਸਾਰ ਖੁਸ਼ਦੀਪ ਸਿੰਘ ਪੁੱਤਰ ਗੋਰਖ ਸਿੰਘ ਅਤੇ ਅਮਨਪ੍ਰੀਤ ਸਿੰਘ ਪੁੱਤਰ ਲਛਮਣ ਸਿੰਘ ਵਾਸੀ ਪਿੰਡ ਫੱਲੜ ਬਠਿੰਡਾ ਵਿਖੇ ਸਥਿਤ ਵੇਰਕਾ ਪਲਾਂਟ ’ਚ ਸਕਿਓਰਿਟੀ ਗਾਰਡ ਵਜੋਂ ਡਿਊਟੀ ਕਰਦੇ ਸਨ। ਹਰ ਰੋਜ਼ ਦੀ ਤਰ੍ਹਾਂ ਦੋਵੇਂ ਆਪਣੀ ਡਿਊਟੀ ਖ਼ਤਮ ਕਰਨ ਉਪਰੰਤ ਇੱਕੋ ਮੋਟਰਸਾਈਕਲ ’ਤੇ ਆਪਣੇ ਪਿੰਡ ਲਈ ਰਵਾਨਾ ਹੋਏ ਸਨ।
ਜਦੋਂ ਉਹ ਜੋਧਪੁਰ ਰੋਮਾਣਾ ਨੇੜੇ ਬਣੇ ਫਲਾਈਓਵਰ ’ਤੇ ਪਹੁੰਚੇ ਤਾਂ ਅਚਾਨਕ ਮੋਟਰਸਾਈਕਲ ਦਾ ਸੰਤੁਲਨ ਵਿਗੜ ਗਿਆ। ਤੇਜ਼ ਰਫ਼ਤਾਰ ਕਾਰਨ ਦੋਵੇਂ ਨੌਜਵਾਨ ਸੜਕ ’ਤੇ ਜਾ ਡਿੱਗੇ ਅਤੇ ਗੰਭੀਰ ਸੱਟਾਂ ਦਾ ਸ਼ਿਕਾਰ ਹੋ ਗਏ। ਹਾਦਸੇ ਦੀ ਸੂਚਨਾ ਮਿਲਦਿਆਂ ਹੀ ਸਮਾਜ ਸੇਵੀ ਸੰਸਥਾ ਸੰਗਤ ਸਹਾਰਾ ਦੇ ਵਾਲੰਟੀਅਰ ਸਿਕੰਦਰ ਮਛਾਣਾ ਆਪਣੀ ਐਂਬੂਲੈਂਸ ਸਮੇਤ ਮੌਕੇ ’ਤੇ ਪਹੁੰਚੇ। ਸਥਾਨਕ ਲੋਕਾਂ ਦੀ ਮਦਦ ਨਾਲ ਦੋਵੇਂ ਜ਼ਖਮੀਆਂ ਨੂੰ ਤੁਰੰਤ ਚੁੱਕ ਕੇ ਬਠਿੰਡਾ ਦੇ ਏਮਜ਼ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਡਾਕਟਰਾਂ ਨੇ ਖੁਸ਼ਦੀਪ ਸਿੰਘ ਨੂੰ ਬਚਾਉਣ ਲਈ ਪੂਰੀ ਕੋਸ਼ਿਸ਼ ਕੀਤੀ ਪਰ ਉਸ ਨੇ ਇਲਾਜ ਦੌਰਾਨ ਦਮ ਤੋੜ ਦਿੱਤਾ।
ਦੂਜੇ ਪਾਸੇ ਅਮਨਪ੍ਰੀਤ ਸਿੰਘ ਦੀ ਹਾਲਤ ਗੰਭੀਰ ਬਣੀ ਹੋਈ ਹੈ ਅਤੇ ਉਸ ਦਾ ਇਲਾਜ ਜਾਰੀ ਹੈ। ਮੁੱਢਲੀ ਜਾਣਕਾਰੀ ਅਨੁਸਾਰ ਹਾਦਸਾ ਮੋਟਰਸਾਈਕਲ ਦਾ ਸੰਤੁਲਨ ਵਿਗੜਨ ਕਾਰਨ ਵਾਪਰਿਆ ਦੱਸਿਆ ਜਾ ਰਿਹਾ ਹੈ। ਹਾਲਾਂਕਿ ਪੁਲਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਹਾਦਸੇ ਦੇ ਅਸਲ ਕਾਰਨਾਂ ਦਾ ਪਤਾ ਲੱਗ ਸਕੇ। ਹਾਦਸੇ ਤੋਂ ਬਾਅਦ ਕੁੱਝ ਸਮੇਂ ਲਈ ਫਲਾਈਓਵਰ ’ਤੇ ਆਵਾਜਾਈ ਵੀ ਪ੍ਰਭਾਵਿਤ ਰਹੀ।
52.50 ਲੱਖ ਰੁਪਏ ਦੀ ਹੈਰੋਇਨ ਸਮੇਤ ਫੜ੍ਹਿਆ ਇੱਕ ਤਸਕਰ
NEXT STORY