ਪਠਾਨਕੋਟ (ਹਰਜਿੰਦਰ ਸਿੰਘ ਗੋਰਾਇਆ)– ਪਠਾਨਕੋਟ ਵਿਚ ਹਾਈਡਲ ਨਹਿਰ ਨੇੜੇ ਟਾਟਾ ਮੋਟਰਜ਼ ਵਰਕਸ਼ਾਪ ਦੇ ਸਾਹਮਣੇ ਵਾਪਰੇ ਇਕ ਦਰਦਨਾਕ ਸੜਕ ਹਾਦਸੇ ਵਿਚ ਅਣਪਛਾਤੇ ਵਾਹਨ ਦੀ ਟੱਕਰ ਨਾਲ ਮੋਟਰਸਾਈਕਲ ਸਵਾਰ ਦੋ ਵਿਅਕਤੀਆਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਪਿੰਡ ਰਾਏਪੁਰ ਕਥਲੌਰ ਦੇ ਵਸਨੀਕ ਮੁਕੇਸ਼ ਕੁਮਾਰ (33) ਅਤੇ ਉਸ ਦੇ ਗੁਆਂਢੀ ਪਿੰਕਲ ਗੁਪਤਾ (52) ਵਜੋਂ ਹੋਈ ਹੈ।
ਪੁਲਸ ਨੂੰ ਦਿੱਤੇ ਬਿਆਨਾਂ ਵਿਚ ਮ੍ਰਿਤਕ ਮੁਕੇਸ਼ ਕੁਮਾਰ ਦੇ ਪਿਤਾ ਤਰਸੇਮ ਲਾਲ ਨੇ ਦੱਸਿਆ ਕਿ ਉਸ ਦਾ ਵੱਡਾ ਪੁੱਤਰ ਮੁਕੇਸ਼ ਕੁਮਾਰ ਪਠਾਨਕੋਟ ਸਬਜ਼ੀ ਮੰਡੀ ਵਿਚ ਫਲਾਂ ਦੀ ਦੁਕਾਨ ਚਲਾਉਂਦਾ ਸੀ। ਉਹ ਸਵੇਰੇ 4 ਵਜੇ ਦੇ ਕਰੀਬ ਆਪਣੇ ਗੁਆਂਢੀ ਪਿੰਕਲ ਗੁਪਤਾ ਦੇ ਮੋਟਰਸਾਈਕਲ 'ਤੇ ਪਠਾਨਕੋਟ ਲਈ ਘਰੋਂ ਨਿਕਲਿਆ ਸੀ। ਸਵੇਰੇ ਲਗਭਗ 6 ਵਜੇ ਪਰਿਵਾਰ ਨੂੰ ਫੋਨ ਰਾਹੀਂ ਇਤਲਾਹ ਮਿਲੀ ਕਿ ਹਾਈਡਲ ਨਹਿਰ ਨੇੜੇ ਦੋਵਾਂ ਦਾ ਹਾਦਸਾ ਹੋ ਗਿਆ ਹੈ।
ਸੂਚਨਾ ਮਿਲਦੇ ਹੀ ਤਰਸੇਮ ਲਾਲ ਅਤੇ ਰਿਸ਼ਤੇਦਾਰ ਤਨਿਸ਼ ਗੁਪਤਾ ਹੋਰਨਾਂ ਸਬੰਧੀਆਂ ਨਾਲ ਮੌਕੇ 'ਤੇ ਪਹੁੰਚੇ, ਜਿੱਥੇ ਮੁਕੇਸ਼ ਕੁਮਾਰ ਅਤੇ ਪਿੰਕਲ ਗੁਪਤਾ ਦੀਆਂ ਲਾਸ਼ਾਂ ਸੜਕ 'ਤੇ ਪਈਆਂ ਸਨ ਅਤੇ ਉਨ੍ਹਾਂ ਦਾ ਮੋਟਰਸਾਈਕਲ ਬੁਰੀ ਤਰ੍ਹਾਂ ਨੁਕਸਾਨਿਆ ਹੋਇਆ ਸੀ। ਤਰਸੇਮ ਲਾਲ ਅਨੁਸਾਰ ਇਕ ਅਣਪਛਾਤੇ ਵਾਹਨ ਦੇ ਚਾਲਕ ਨੇ ਤੇਜ਼ ਰਫ਼ਤਾਰ ਅਤੇ ਲਾਪਰਵਾਹੀ ਨਾਲ ਗੱਡੀ ਚਲਾਉਂਦਿਆਂ ਉਨ੍ਹਾਂ ਦੇ ਮੋਟਰਸਾਈਕਲ ਨੂੰ ਜ਼ਬਰਦਸਤ ਟੱਕਰ ਮਾਰ ਦਿੱਤੀ। ਹਾਦਸੇ ਤੋਂ ਬਾਅਦ ਅਣਪਛਾਤਾ ਡਰਾਈਵਰ ਵਾਹਨ ਸਮੇਤ ਮੌਕੇ ਤੋਂ ਫ਼ਰਾਰ ਹੋ ਗਿਆ।
ਘਟਨਾ ਦੀ ਜਾਣਕਾਰੀ ਮਿਲਣ 'ਤੇ 112 ਹੈਲਪਲਾਈਨ ਦੀ ਗੱਡੀ ਮੌਕੇ 'ਤੇ ਪਹੁੰਚੀ, ਜਿਸ ਦੀ ਮਦਦ ਨਾਲ ਲਾਸ਼ਾਂ ਨੂੰ ਸਿਵਲ ਹਸਪਤਾਲ ਪਹੁੰਚਾਇਆ ਗਿਆ। ਸੁਜਾਨਪੁਰ ਥਾਣੇ ਦੀ ਪੁਲਸ ਨੇ ਮ੍ਰਿਤਕ ਦੇ ਪਿਤਾ ਦੇ ਬਿਆਨਾਂ ਦੇ ਆਧਾਰ 'ਤੇ ਅਣਪਛਾਤੇ ਵਾਹਨ ਚਾਲਕ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਸਿਵਲ ਹਸਪਤਾਲ ਤੋਂ ਦੋਵਾਂ ਲਾਸ਼ਾਂ ਦਾ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਉਨ੍ਹਾਂ ਨੂੰ ਪਰਿਵਾਰਕ ਮੈਂਬਰਾਂ ਦੇ ਹਵਾਲੇ ਕਰ ਦਿੱਤਾ ਗਿਆ ਹੈ।
ਕਈ ਸਕੂਲਾਂ, ਕਾਲਜਾਂ ਵਿਚ ਛੁੱਟੀ, ਪਰਵਿੰਦਰ ਝੋਟਾ ਕਤਲ ਕਾਰਨ ਲਿਆ ਗਿਆ ਫੈਸਲਾ
NEXT STORY