ਮਲੋਟ (ਜੁਨੇਜਾ)- ਮਲੋਟ ਨੇੜੇ ਵਾਪਰੇ ਇਕ ਭਿਆਨਕ ਸੜਕ ਹਾਦਸੇ ’ਚ ਮੋਟਰਸਾਈਕਲ ਸਵਾਰ 3 ਨੌਜਵਾਨਾਂ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਸ਼ਾਮ ਕਰੀਬ ਪੌਣੇ 7 ਵਜੇ ਥਾਣਾ ਕਬਰਵਾਲਾ ਦੇ ਅਧੀਨ ਆਉਂਦੇ ਪਿੰਡ ਸ਼ਾਮਖੇੜਾ ਦੀ ਢਾਣੀ ਕੁੰਦਨ ਸਿੰਘ ਨੇੜੇ ਇਹ ਹਾਦਸਾ ਵਾਪਰਿਆ। ਤਿੰਨ ਨੌਜਵਾਨ ਇੱਕੋ ਮੋਟਰਸਾਈਕਲ ’ਤੇ ਸਵਾਰ ਹੋ ਕੇ ਮਲੋਟ ਵੱਲੋਂ ਜਾ ਰਹੇ ਸਨ ਕਿ ਕਿਸੇ ਅਣਪਛਾਤੇ ਵਾਹਨ ਨੇ ਉਨ੍ਹਾਂ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ, ਜਿਸ ਕਾਰਨ ਤਿੰਨਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ।
ਮ੍ਰਿਤਕਾਂ ਦੀ ਪਛਾਣ ਤੇਜਾ ਸਿੰਘ ਪੁੱਤਰ ਪੰਛੀ ਰਾਮ, ਵਕੀਲ ਸਿੰਘ ਪੁੱਤਰ ਸ਼ਗਨ ਲਾਲ ਤੇ ਪਵਨ ਪੁੱਤਰ ਅਜੀਤ ਰਾਮ ਵਜੋਂ ਹੋਈ ਹੈ। ਇਹ ਤਿੰਨੇ ਨੌਜਵਾਨ ਅਬੋਹਰ ਤਹਿਸੀਲ ਦੇ ਪਿੰਡ ਕਾਲਾ ਟਿੱਬਾ ਦੇ ਰਹਿਣ ਵਾਲੇ ਸਨ ਅਤੇ ਪਿੰਡਾਂ ’ਚ ਫੇਰੀ ਲਗਾ ਕੇ ਸਾਮਾਨ ਵੇਚਣ ਦਾ ਕੰਮ ਕਰਦੇ ਸਨ।
ਘਟਨਾ ਤੋਂ ਬਾਅਦ ਲਾਸ਼ਾਂ ਨੂੰ ਮਲੋਟ ਦੇ ਸਰਕਾਰੀ ਹਸਪਤਾਲ ਲਿਆਂਦਾ ਗਿਆ, ਜਿੱਥੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਅਤੇ ਵਾਰਿਸ ਪੁੱਜਣੇ ਸ਼ੁਰੂ ਹੋ ਗਏ। ਟੱਕਰ ਮਾਰਨ ਵਾਲੇ ਅਣਪਛਾਤੇ ਵਾਹਨ ਬਾਰੇ ਹਾਲੇ ਤੱਕ ਕੋਈ ਪਤਾ ਨਹੀਂ ਲੱਗ ਸਕਿਆ। ਇਸ ਸਬੰਧੀ ਜਦੋਂ ਥਾਣਾ ਕਬਰਵਾਲਾ ਦੇ ਮੁੱਖ ਅਫ਼ਸਰ ਗੁਰਦੀਪ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਵੱਡੀ ਖ਼ਬਰ : ਮੋਹਾਲੀ ਦੇ GMADA ਦਫ਼ਤਰ 'ਚ ED ਦੀ ਰੇਡ, ਟੀਮ ਵਲੋਂ ਖੰਗਾਲੇ ਜਾ ਰਹੇ ਰਿਕਾਰਡ
NEXT STORY