ਗੁਰਦਾਸਪੁਰ (ਹਰਮਨ) : ਪੁਰਾਣਾ ਸ਼ਾਲਾ ਬਾਜ਼ਾਰ ਵਿਚ ਬਣੇ ਵਿਵਾਦਤ ਅਤੇ ਬੇਤਰਤੀਬੇ ਡਿਵਾਈਡਰ ਕਾਰਨ ਇਕ ਹੋਰ ਵੱਡਾ ਹਾਦਸਾ ਵਾਪਰ ਗਿਆ। ਅੱਜ ਤੜਕੇ ਕਰੀਬ 3 ਵਜੇ ਮੁਕੇਰੀਆਂ ਮਾਰਗ ਤੋਂ ਗੁਰਦਾਸਪੁਰ ਵੱਲ ਆ ਰਿਹਾ ਇਕ ਕੈਂਟਰ ਟਰੱਕ ਡਿਵਾਈਡਰ ਨਾਲ ਟਕਰਾਉਣ ਤੋਂ ਬਾਅਦ ਬੇਕਾਬੂ ਹੋ ਕੇ ਸੜਕ ਕਿਨਾਰੇ ਸਥਿਤ ਵਰਮਾ ਜਿਊਲਰਜ਼ ਦੀ ਦੁਕਾਨ ਵਿਚ ਜਾ ਵੜਿਆ। ਹਾਦਸੇ ਦੌਰਾਨ ਦੁਕਾਨ ਦੀ ਇਮਾਰਤ ਨੂੰ ਕਾਫ਼ੀ ਨੁਕਸਾਨ ਪੁੱਜਿਆ, ਜਦਕਿ ਟਰੱਕ ਦਾ ਅਗਲਾ ਹਿੱਸਾ ਵੀ ਬੁਰੀ ਤਰ੍ਹਾਂ ਨੁਕਸਾਨਿਆ ਗਿਆ। ਮੌਕੇ ’ਤੇ ਮਿਲੀ ਜਾਣਕਾਰੀ ਅਨੁਸਾਰ ਹਾਦਸਾ ਇੰਨਾ ਜ਼ਬਰਦਸਤ ਸੀ ਕਿ ਦੁਕਾਨ ਦੇ ਪਿੱਲਰ ਹਿੱਲ ਗਏ ਅਤੇ ਬਰਾਂਡੇ ਵਿਚ ਤਰੇੜਾਂ ਪੈ ਗਈਆਂ। ਖੁਸ਼ਕਿਸਮਤੀ ਨਾਲ ਟਰੱਕ ਚਾਲਕ ਨੂੰ ਕੋਈ ਗੰਭੀਰ ਸੱਟ ਨਹੀਂ ਲੱਗੀ ਅਤੇ ਵੱਡਾ ਜਾਨੀ ਨੁਕਸਾਨ ਹੋਣ ਤੋਂ ਟਲ ਗਿਆ।
ਇਹ ਵੀ ਪੜ੍ਹੋ : ਅਕਾਲੀ ਦਲ ਨੇ ਕੀਤੀਆਂ ਨਿਯੁਕਤੀਆਂ, ਸਰਕਲ ਪ੍ਰਧਾਨ ਐਲਾਨੇ

ਟਰੱਕ ਚਾਲਕ ਨੇ ਦੱਸਿਆ ਕਿ ਉਹ ਮਕੇਰੀਆਂ ਵੱਲੋਂ ਗੁਰਦਾਸਪੁਰ ਆ ਰਿਹਾ ਸੀ। ਇਸ ਦੌਰਾਨ ਸਾਹਮਣੇ ਤੋਂ ਆ ਰਹੇ ਇਕ ਵਾਹਨ ਦੀ ਤੇਜ਼ ਰੋਸ਼ਨੀ ਕਾਰਨ ਉਸ ਨੂੰ ਸੜਕ ਦੇ ਵਿਚਕਾਰ ਬਣਿਆ ਡਿਵਾਈਡਰ ਨਜ਼ਰ ਨਹੀਂ ਆਇਆ। ਨਤੀਜੇ ਵਜੋਂ ਟਰੱਕ ਡਿਵਾਈਡਰ ਨਾਲ ਟਕਰਾ ਗਿਆ ਅਤੇ ਬੇਕਾਬੂ ਹੋ ਕੇ ਡਿਵਾਈਡਰ ਪਾਰ ਕਰਦਾ ਹੋਇਆ ਸਿੱਧਾ ਵਰਮਾ ਜਿਊਲਰਜ਼ ਦੀ ਦੁਕਾਨ ਵਿਚ ਜਾ ਵੜਿਆ। ਘਟਨਾ ਮੌਕੇ ਪਹੁੰਚੇ ਪੱਗੜੀ ਸੰਭਾਲ ਜੱਟਾ ਲਹਿਰ ਦੇ ਆਗੂ ਸਰਬਜੀਤ ਸਿੰਘ ਲਾਲੀਆ ਅਤੇ ਦੁਕਾਨਦਾਰ ਆਗੂ ਸ਼ਿਵਪਾਲ ਸਿੰਘ ਨੇ ਕਿਹਾ ਕਿ ਇਸ ਖ਼ਤਰਨਾਕ ਡਿਵਾਈਡਰ ਕਾਰਨ ਪਹਿਲਾਂ ਵੀ ਦਰਜਨਾਂ ਸੜਕ ਹਾਦਸੇ ਵਾਪਰ ਚੁੱਕੇ ਹਨ।
ਇਹ ਵੀ ਪੜ੍ਹੋ : ਪੰਜਾਬ 'ਚ ਨਿੱਜੀ ਹਸਪਤਾਲ 'ਤੇ ਹਮਲਾ, ਹੋਇਆ ਵੱਡਾ ਧਮਾਕਾ, ਮਰੀਜ਼ ਵੀ ਗਏ ਕੰਬ

ਉਨ੍ਹਾਂ ਦੱਸਿਆ ਕਿ ਕੁਝ ਦਿਨ ਪਹਿਲਾਂ ਇਸ ਮਸਲੇ ਨੂੰ ਲੈ ਕੇ ਬਾਜ਼ਾਰ ਵਿਚ ਧਰਨਾ ਵੀ ਦਿੱਤਾ ਗਿਆ ਸੀ, ਜਿਸ ਦੌਰਾਨ ਪ੍ਰਸ਼ਾਸਨ ਵੱਲੋਂ ਸਮੱਸਿਆ ਦੇ ਜਲਦੀ ਹੱਲ ਦਾ ਭਰੋਸਾ ਦਿੱਤਾ ਗਿਆ ਸੀ ਪਰ ਅਜੇ ਤੱਕ ਕੋਈ ਠੋਸ ਕਾਰਵਾਈ ਨਹੀਂ ਹੋਈ। ਆਗੂਆਂ ਨੇ ਦੋਸ਼ ਲਾਇਆ ਕਿ ਡਿਵਾਈਡਰ ਦੇ ਦੋਹਾਂ ਪਾਸਿਆਂ ਬਣੀਆਂ ਉੱਚੀਆਂ ਕੰਕਰੀਟ ਰੋਕਾਂ ਵਾਹਨ ਚਾਲਕਾਂ ਲਈ ਵੱਡਾ ਖ਼ਤਰਾ ਬਣੀਆਂ ਹੋਈਆਂ ਹਨ। ਲਗਾਤਾਰ ਵਾਪਰ ਰਹੇ ਹਾਦਸਿਆਂ ਦੇ ਬਾਵਜੂਦ ਲੋਕ ਨਿਰਮਾਣ ਵਿਭਾਗ ਵੱਲੋਂ ਇਸ ਮਸਲੇ ਨੂੰ ਗੰਭੀਰਤਾ ਨਾਲ ਨਹੀਂ ਲਿਆ ਜਾ ਰਿਹਾ। ਸਥਾਨਕ ਲੋਕਾਂ ਨੇ ਵੀ ਵਿਭਾਗ ਪ੍ਰਤੀ ਰੋਸ ਜਤਾਉਂਦਿਆਂ ਕਿਹਾ ਕਿ ਜੇਕਰ ਸਮੇਂ ਸਿਰ ਡਿਵਾਈਡਰ ਦੀ ਬਣਤਰ ਵਿਚ ਲੋੜੀਂਦੇ ਸੁਧਾਰ ਨਾ ਕੀਤੇ ਗਏ ਤਾਂ ਕਿਸੇ ਵੀ ਸਮੇਂ ਵੱਡਾ ਜਾਨੀ ਨੁਕਸਾਨ ਹੋ ਸਕਦਾ ਹੈ। ਇਸ ਮੌਕੇ ਆਗੂਆਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਅਗਲੇ ਦੋ ਦਿਨਾਂ ਅੰਦਰ ਡਿਵਾਈਡਰ ਦੇ ਦੋਹਾਂ ਪਾਸਿਆਂ ਬਣੀਆਂ ਉੱਚੀਆਂ ਰੋਕਾਂ ਨੂੰ ਹਟਾ ਕੇ ਸਮੱਸਿਆ ਦਾ ਪੱਕਾ ਹੱਲ ਨਾ ਕੀਤਾ ਗਿਆ ਤਾਂ ਉਹ ਲੋਕਾਂ ਨੂੰ ਨਾਲ ਲੈ ਕੇ ਤਿੱਖਾ ਸੰਘਰਸ਼ ਸ਼ੁਰੂ ਕਰਨ ਲਈ ਮਜਬੂਰ ਹੋਣਗੇ।
ਇਹ ਵੀ ਪੜ੍ਹੋ : ਪੰਜਾਬ ਨੈਸ਼ਨਲ ਬੈਂਕ 'ਚ ਹੋ ਗਈ ਵੱਡੀ ਵਾਰਦਾਤ, ਸੀ. ਸੀ. ਟੀ. ਵੀ. ਦੇਖ ਉਡੇ ਹੋਸ਼

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਪੰਜਾਬ ਦੇ ਇਸੀਗ੍ਰੇਸ਼ਨ ਕਾਰੋਬਾਰੀ ਨੂੰ ਜਾਨੋਂ ਮਾਰਨ ਦੀ ਧਮਕੀ! ਫ਼ਿਰੌਤੀ 'ਚ ਮੰਗੇ 50 ਲੱਖ ਰੁਪਏ
NEXT STORY