ਭਵਾਨੀਗੜ੍ਹ (ਕਾਂਸਲ) : ਸਥਾਨਕ ਸ਼ਹਿਰ ਤੋਂ ਸੰਗਰੂਰ ਨੂੰ ਜਾਂਦੀ ਨੈਸ਼ਨਲ ਹਾਈਵੇ ਨੰਬਰ 7 ਉਪਰ ਪਿੰਡ ਰੋਸ਼ਨਵਾਲਾ ਵਿਖੇ ਨਵੇ ਬਣ ਰਹੇ ਦਿੱਲੀ ਕਟੜਾ ਐਕਸਪ੍ਰੈਸ-ਵੇ ਦੇ ਓਵਰਬ੍ਰਿਜ ਨੇੜੇ ਸੰਘਣੀ ਧੁੰਦ ਦੇ ਕਾਰਨ ਪਿਛਲੇ ਕਈ ਦਿਨਾਂ ਲਗਾਤਾਰ ਵਾਪਰ ਰਹੇ ਹਾਦਸਿਆਂ ਨੂੰ ਰੋਕਣ ਲਈ ਵਿਭਾਗ ਵੱਲੋਂ ਕੀਤੇ ਆਰਜੀ ਪ੍ਰਬੰਧ ਖੇਰੂ ਖੇਰੂ ਹੋ ਜਾਣ ਕਾਰਨ ਇਥੇ ਹਾਦਸਿਆਂ ਦਾ ਦੌਰ ਲਗਾਤਾਰ ਜਾਰੀ ਹੈ। ਹਾਦਸਿਆਂ ਕਾਰਨ ਇਥੇ ਆਮ ਲੋਕਾਂ ਦਾ ਕਾਫੀ ਜਾਨੀ ਮਾਲੀ ਨੁਕਸਾਨ ਹੋ ਰਿਹਾ ਹੈ ਜਿਸ ਨੂੰ ਲੈ ਕੇ ਇਲਾਕਾ ਨਿਵਾਸੀਆਂ ਅਤੇ ਰਾਹਗੀਰਾਂ ’ਚ ਸਰਕਾਰ ਅਤੇ ਪ੍ਰਸ਼ਾਸਨ ਪ੍ਰਤੀ ਸਖ਼ਤ ਰੋਸ ਦੀ ਲਹਿਰ ਦੇਖਣ ਨੂੰ ਮਿਲ ਰਹੀ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਲੋਕਾਂ ਦੀ ਸੁਰੱਖਿਆ ਲਈ ਇਥੇ ਡਿਊਟੀ ’ਤੇ ਤਾਇਨਾਤ ਸੜਕ ਸੁਰੱਖਿਆ ਫੋਰਸ ਦੇ ਇੰਚਾਰਜ ਸਹਾਇਕ ਸਬ ਇੰਸਪੈਕਟਰ ਬਲਵਿੰਦਰ ਸਿੰਘ ਨੇ ਦੱਸਿਆ ਕਿ ਇਥੇ ਓਵਰਬ੍ਰਿਜ ਨੇੜੇ ਨਵੀਆਂ ਬਣਾਈਆਂ ਗਈਆਂ ਸੜਕਾਂ ਦੀ ਬਣਤਰ ਠੀਕ ਨਾ ਹੋਣ ਅਤੇ ਓਵਰਬ੍ਰਿਜ ਦੇ ਪਿੱਲਰ ਇਥੋਂ ਪਹਿਲਾਂ ਤੋਂ ਜਾਂਦੀਆਂ ਨੈਸ਼ਨਲ ਹਾਈਵੇ ਨੰਬਰ 7 ਦੀਆਂ ਸੜਕਾਂ ਦੇ ਬਿਲਕੁੱਲ ਉਪਰ ਬਣਾ ਦਿੱਤੇ ਜਾਣ ਕਾਰਨ ਸੰਘਣੀ ਧੁੰਦ ਦੇ ਵਿਚ ਕੁਝ ਵੀ ਨਜ਼ਰ ਨਾ ਆਉਣ ਕਾਰਨ ਵਾਹਾਨ ਚਾਲਕ ਇਥੇ ਆ ਕੇ ਰਸਤਾ ਭਟਕਣ ਕਾਰਨ ਰੋਜ਼ਾਨਾਂ ਹੀ ਹਾਦਸਿਆਂ ਦਾ ਸ਼ਿਕਾਰ ਹੋ ਰਹੇ ਹਨ।
ਉਨ੍ਹਾਂ ਕਿਹਾ ਕਿ ਵਿਭਾਗ ਵੱਲੋਂ ਇਥੇ ਹਾਦਸਿਆਂ ਨੂੰ ਰੋਕਣ ਲਈ ਕੀਤੇ ਗਏ ਆਰਜੀ ਪ੍ਰਬੰਧ ਨਾ ਕਾਫ਼ੀ ਸਿੱਧ ਹੋਏ ਸਨ ਜੋ ਕਿ ਸੰਘਣੀ ਧੁੰਦ ਕਾਰਨ ਅਗਲੇ ਦਿਨ ਹੀ ਖੇਰੂ ਖੇਰੂ ਹੋ ਗਏ ਸਨ ਅਤੇ ਇਸ ਤੋਂ ਬਾਅਦ ਫਿਰ ਇਥੇ ਦਰਜਨ ਤੋਂ ਵੱਧ ਛੋਟੇ ਵੱਡੇ ਵਾਹਨ ਹਾਦਸਿਆਂ ਦਾ ਸ਼ਿਕਾਰ ਹੋ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਵਿਭਾਗ ਵੱਲੋਂ ਇਥੇ ਓਵਰਬ੍ਰਿਜ ਉਪਰ ਚਿੱਟੀ ਰੋਸ਼ਨੀ ਵਾਲੀਆਂ ਲਾਈਟਾਂ ਲਗਾਈਆਂ ਸਨ ਜਿਸ ਦੀ ਰੋਸ਼ਨੀ ਧੁੰਦ ’ਚ ਨਜ਼ਰ ਨਹੀਂ ਆਉਂਦੀ ਅਤੇ ਦਿਸ਼ਾ ਸੂਚਕ ਲਈ ਰਿਫ਼ਲੈਕਟਰ ਲਗਾ ਕੇ ਖੜੇ ਕੀਤੇ ਗਏ ਢੋਲ ਵਾਹਨਾਂ ਦੀ ਟੱਕਰ ਨਾਲ ਇਥੋਂ ਰੁੜ ਚੁੱਕੇ ਹਨ। ਉਨ੍ਹਾਂ ਕਿਹਾ ਕਿ ਇਥੇ ਲਗਾਏ ਗਏ ਮਿੱਟੀ ਦੇ ਢੇਰ ਕਾਰਨ ਹੀ ਵਾਹਨ ਦੀ ਰਫ਼ਤਾਰ ਘੱਟ ਹੁੰਦੀ ਹੈ ਅਤੇ ਵਾਹਨਾਂ ਦਾ ਇਨ੍ਹਾਂ ਪਿੱਲਰਾਂ ਨਾਲ ਜ਼ੋਰਦਾਰ ਟੱਕਰ ਹੋਣ ਤੋਂ ਬਚਾਅ ਹੋ ਜਾਂਦ ਹੈ।

ਉਨ੍ਹਾਂ ਕਿਹਾ ਉਹ ਇਸ ਸਬੰਧੀ ਆਪਣੇ ਉਚ ਅਧਿਕਾਰੀਆਂ ਸਮੇਤ ਨੈਸ਼ਨਲ ਹਾਈਵੇ ਨੂੰ ਵੀ ਕਈ ਵਾਰ ਇਥੇ ਪੁੱਖਤਾ ਪ੍ਰਬੰਧ ਕਾਰਨ ਸਬੰਧੀ ਲਿਖਤੀ ਪੱਤਰ ਭੇਜ ਚੁੱਕੇ ਹਨ। ਪਰ ਅਫ਼ਸੋਸ ਦੀ ਗੱਲ ਹੈ ਕਿ ਨੈਸ਼ਨਲ ਹਾਈਵੇ ਵੱਲੋਂ ਇਸ ਨੂੰ ਗੰਭੀਰਤਾਂ ਨਾਲ ਨਹੀਂ ਲਿਆ ਜਾ ਰਿਹਾ। ਉਨ੍ਹਾਂ ਕਿਹਾ ਕਿ ਇਥੇ ਪਹਿਲਾਂ ਵਾਂਗ ਸੜਕਾਂ ਉਪਰ ਦੋਵੇ ਸਾਇਡ ਵਾਹਨਾਂ ਦੀ ਰਫ਼ਤਾਰ ਘੱਟ ਕਾਰਨ ਲਈ ਛੋਟੇ-ਛੋਟੇ ਸਪੀਡ ਬਰੇਗਰ ਬਣਾਏ ਜਾਣ ਅਤੇ ਹਾਦਸਿਆਂ ਨੂੰ ਰੋਕਣ ਲਈ ਸੜਕਾਂ ਨੇੜੇ ਆਏ ਓਵਰਬ੍ਰਿਜ ਦੇ ਪਿੱਲਰਾਂ ਦਾ ਵੀ ਕੋਈ ਹੱਲ ਕੀਤਾ ਜਾਵੇ।
ਇਲਾਕਾ ਨਿਵਾਸੀਆਂ ਨੇ ਰੋਸ ਜ਼ਾਹਿਰ ਕਰਦਿਆਂ ਕਿਹਾ ਕਿ ਸਰਕਾਰ ਅਤੇ ਵਿਭਾਗ ਨੂੰ ਇਥੇ ਖਾਨਾਪੂਰਤੀ ਕਰਕੇ ਡੰਗ ਟਪਾਊ ਕੰਮ ਨਹੀਂ ਕਰਨਾ ਚਾਹੀਦਾ ਸਗੋਂ ਭਵਿੱਖ ’ਚ ਵੀ ਲੋਕਾਂ ਦੇ ਜਾਨ ਮਾਲ ਦੀ ਸੁਰੱਖਿਆ ਨੂੰ ਧਿਆਨ ’ਚ ਰੱਖਦੇ ਹੋਏ ਹਾਈਵੇ ਉਪਰ ਪੁੱਖਤਾ ਪ੍ਰਬੰਧ ਕਰਨੇ ਚਾਹੀਦੇ ਹਨ ਅਤੇ ਯੋਜਨਾ ’ਚ ਬਦਲਾਅ ਕਰਕੇ ਜੇਕਰ ਓਵਰਬ੍ਰਿਜ ਦੇ ਪਿੱਲਰ ਗਲਤ ਹਨ ਤਾਂ ਇਨ੍ਹਾਂ ਨੂੰ ਇਥੋਂ ਹਟਾਅ ਕੇ ਪਹਿਲਾਂ ਵਾਂਗ ਸੜਕਾਂ ਦਾ ਸਿੱਧਾ ਨਿਰਮਾਣ ਕਰਨਾ ਚਾਹੀਦਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਟਰੈਕਟਰ ਟਰਾਲੀ ਤੇ ਕਾਰ ਹਾਦਸੇ 'ਚ ਟਰੈਕਟਰ ਦੇ ਹੋਏ ਦੋ ਟੁਕੜੇ, ਵਾਲ-ਵਾਲ ਬਚੀ ਸੰਗਤ
NEXT STORY