ਲੁਧਿਆਣਾ (ਸੰਨੀ) : ਸ਼ਹਿਰ ਦੀਆਂ ਸੜਕਾਂ ’ਤੇ ਟਿੱਪਰ ਜਮਦੂਤ ਬਣ ਕੇ ਘੁੰਮ ਰਹੇ ਹਨ। ਪਿਛਲੇ 7 ਦਿਨਾਂ ’ਚ 5 ਸੜਕ ਹਾਦਸਿਆਂ ਦੌਰਾਨ ਟਿੱਪਰ ਚਾਲਕਾਂ ਨੇ 5 ਦੋਪਹੀਆ ਵਾਹਨ ਚਾਲਕਾਂ ਨੂੰ ਦਰੜ ਦਿੱਤਾ। ਇਸ ’ਚ 4 ਵਿਅਕਤੀਆਂ ਦੀ ਮੌਤ ਹੋ ਗਈ, ਜਦੋਂ ਕਿ ਇਕ ਜ਼ਖਮੀ ਹੋਇਆ ਹੈ। ਟਿੱਪਰ ਚਾਲਕਾਂ ਵੱਲੋਂ ਕੀਤੇ ਜਾ ਰਹੇ ਹਾਦਸਿਆਂ ’ਚ ਚੰਡੀਗੜ੍ਹ ਰੋਡ ਅਤੇ ਰਾਹੋਂ ਰੋਡ ਹੌਟ ਸਪੋਟ ਬਣੇ ਹੋਏ ਹਨ। ਜ਼ਿਆਦਾਤਰ ਹਾਦਸੇ ਚੰਡੀਗੜ੍ਹ ਰੋਡ ਅਤੇ ਇਸ ਦੇ ਆਸ-ਪਾਸ ਦੀਆਂ ਮੁੱਖ ਸੜਕਾਂ ’ਤੇ ਹੀ ਹੋਏ ਹਨ। ਬੁੱਧਵਾਰ ਨੂੰ ਵੀ ਰਾਹੋਂ ਰੋਡ ’ਤੇ ਹੋਏ ਸੜਕ ਹਾਦਸੇ ਦੌਰਾਨ ਇਕ ਔਰਤ ਦੀ ਮੌਤ ਹੋ ਗਈ।
ਦੋਪਹੀਆ ਵਾਹਨ ’ਤੇ ਸਵਾਰ ਔਰਤ ਟਿੱਪਰ ਅਤੇ ਆਟੋ ’ਚ ਫਸ ਕੇ ਮੌਤ ਦੇ ਮੂੰਹ ’ਚ ਚਲੀ ਗਈ। ਇਕੱਠੀ ਕੀਤੀ ਜਾਣਕਾਰੀ ਮੁਤਾਬਕ ਜ਼ਿਆਦਾਤਰ ਟਿੱਪਰ ਸੰਚਾਲਕ ਆਪਣੀ ਗੱਡੀ ’ਚ ਸਮਰੱਥਾ ਤੋਂ ਵੱਧ ਰੇਤ ਜਾਂ ਮਿੱਟੀ ਲੋਡ ਕਰ ਲੈਂਦੇ ਹਨ, ਜਿਸ ਕਾਰਨ ਸੜਕ ’ਤੇ ਚੱਲਦੇ ਸਮੇਂ ਚਾਲਕਾਂ ਨੂੰ ਜੇਕਰ ਅਚਾਨਕ ਬ੍ਰੇਕ ਲਗਾਉਣੀ ਪਵੇ ਤਾਂ ਉਨ੍ਹਾਂ ਦਾ ਗੱਡੀ ਤੋਂ ਕੰਟਰੋਲ ਖ਼ਤਮ ਹੋ ਜਾਂਦਾ ਹੈ, ਜਿਸ ਕਾਰਨ ਹਾਦਸੇ ਵਾਪਰ ਰਹੇ ਹਨ। ਸ਼ਹਿਰ ਦੀਆਂ ਸੜਕਾਂ ’ਤੇ ਟ੍ਰੈਫਿਕ ਦਾ ਦਬਾਅ ਕਾਫੀ ਵੱਧ ਚੁੱਕਾ ਹੈ, ਜਦੋਂ ਕਿ ਪੁਲਸ ਦਾ ਟ੍ਰੈਫਿਕ ਵਿੰਗ ਇਸ ਸਮੇਂ ਨਫ਼ਰੀ ਘੱਟ ਹੋਣ ਦੀ ਸਮੱਸਿਆ ਨਾਲ ਜੂਝ ਰਿਹਾ ਹੈ। ਅਜਿਹੇ ’ਚ ਟਿੱਪਰਾਂ ਨਾਲ ਹੋ ਰਹੇ ਹਾਦਸਿਆਂ ਤੋਂ ਬਚਾਅ ਲਈ ਪੁਲਸ ਪ੍ਰਸ਼ਾਸਨ ਨੂੰ ਕੋਈ ਠੋਸ ਯੋਜਨਾ ਬਣਾਏ ਜਾਣ ਦੀ ਲੋੜ ਹੈ।
ਟਿੱਪਰਾਂ ਵੱਲੋਂ ਬੀਤੇ ਦਿਨੀਂ ਕੀਤੇ ਗਏ ਹਾਦਸੇ
18 ਅਪ੍ਰੈਲ : ਬਸਤੀ ਜੋਧੇਵਾਲ ਪੁਲ ਦੇ ਉੱਪਰ ਹਾਦਸੇ ਦੌਰਾਨ ਨੌਜਵਾਨ ਦੀ ਮੌਤ
19 ਅਪ੍ਰੈਲ : ਤਾਜਪੁਰ ਰੋਡ ਵਿਖੇ ਹਾਦਸੇ ਦੌਰਾਨ 18 ਸਾਲਾਂ ਨੌਜਵਾਨ ਦੀ ਮੌਤ
20 ਅਪ੍ਰੈਲ : ਚੰਡੀਗੜ੍ਹ ਰੋਡ ’ਤੇ ਹਾਦਸੇ ’ਚ 22 ਸਾਲਾਂ ਨੌਜਵਾਨ ਦੀ ਮੌਤ
23 ਅਪ੍ਰੈਲ : ਵਰਧਮਾਨ ਚੌਂਕ, ਚੰਡੀਗੜ੍ਹ ਰੋਡ ਵਿਖੇ ਹਾਦਸੇ ਦੌਰਾਨ ਔਰਤ ਜ਼ਖਮੀ
24 ਅਪ੍ਰੈਲ : ਰਾਹੋਂ ਰੋਡ ’ਤੇ ਹਾਦਸੇ ਦੌਰਾਨ ਔਰਤ ਦੀ ਮੌਤ
ਸ਼ਹਿਰ ਦੀਆਂ ਸੜਕਾਂ ’ਤੇ ਸੁਰੱਖਿਅਤ ਨਹੀਂ ਦੋਪਹੀਆ ਵਾਹਨ ਚਾਲਕ
ਸ਼ਹਿਰ ਦੀਆਂ ਸੜਕਾਂ ’ਤੇ ਦੋਪਹੀਆ ਵਾਹਨ ਚਾਲਕ ਸੁਰੱਖਿਅਤ ਨਹੀਂ ਹਨ। ਮਨਿਸਟਰੀ ਆਫ ਰੋਡ ਟਰਾਂਸਪੋਰਟ ਵੱਲੋਂ ਜਾਰੀ 2022 ਦੇ ਸੜਕੀ ਹਾਦਸਿਆਂ ਦੇ ਅੰਕੜਿਆਂ ਦੀ ਰਿਪੋਰਟ ਮੁਤਾਬਕ ਲੁਧਿਆਣਾ ਤੋਂ 2022 ਵਿਚ ਹੋਏ 467 ਸੜਕ ਹਾਦਸਿਆਂ ’ਚ 364 ਵਿਅਕਤੀਆਂ ਦੀ ਜਾਨ ਚਲੀ ਗਈ, ਜਦੋਂਕਿ 174 ਵਿਅਕਤੀ ਜ਼ਖਮੀ ਹੋਏ। ਹਾਦਸਿਆਂ ’ਚ ਮਰਨ ਵਾਲੇ 364 ਵਿਅਕਤੀਆਂ ਵਿਚੋਂ 148 ਲੋਕ ਦੋਪਹੀਆ ਵਾਹਨ ’ਤੇ ਸਵਾਰ ਸਨ, ਜੋ ਕੁੱਲ ਮੌਤਾਂ ਦਾ 40 ਫ਼ੀਸਦੀ ਹੈ।
ਪੁਲਸ ਕਰ ਰਹੀ ਹੈ ਕਾਰਵਾਈ : ਜੇ. ਸੀ. ਪੀ. ਤੇਜ਼ਾ
ਇਸ ਮਾਮਲੇ ’ਤੇ ਜੁਆਇੰਟ ਕਮਿਸ਼ਨਰ ਆਫ ਪੁਲਸ ਜਸਕਿਰਨਜੀਤ ਸਿੰਘ ਤੇਜ਼ਾ ਦਾ ਕਹਿਣਾ ਹੈ ਕਿ ਪੁਲਸ ਰੂਟੀਨ ’ਚ ਟਿੱਪਰ ਚਾਲਕਾਂ ਦੇ ਚਲਾਨ ਕਰਦੀ ਹੈ। ਬੀਤੇ ਕੁਝ ਦਿਨਾਂ ’ਚ ਲਗਾਤਾਰ ਹੋਏ ਸੜਕੀ ਹਾਦਸਿਆਂ ਨੂੰ ਉਨ੍ਹਾਂ ਨੇ ਇੱਤਫਾਕ ਦੱਸਿਆ ਹੈ। ਉਨ੍ਹਾਂ ਦੱਸਿਆ ਕਿ ਸ਼ਹਿਰ ’ਚ ਟ੍ਰੈਫਿਕ ਨਿਯਮਾਂ ਨੂੰ ਲਾਗੂ ਕਰਵਾਉਣ ਲਈ ਟਿੱਪਰ ਚਾਲਕਾਂ ਦੇ ਵੀ ਓਵਰਲੋਡਿੰਗ, ਡਰੰਕਨ ਡਰਾਈਵਿੰਗ ਆਦਿ ਦੇ ਚਾਲਾਨ ਕੀਤੇ ਜਾਂਦੇ ਹਨ, ਜਦੋਂਕਿ ਇਕ ਹਾਦਸੇ ਦੀ ਐੱਫ. ਆਈ. ਆਰ. ਵਿਚ ਟਿੱਪਰ ਚਾਲਕ ਖਿਲਾਫ 304-ਏ ਧਾਰਾ ਵੀ ਜੋੜੀ ਗਈ ਹੈ।
ਲੰਗਰ ਅਤੇ ਸਿਆਸੀ ਪਾਰਟੀ ਖ਼ਿਲਾਫ਼ ਟਿੱਪਣੀ ਕਰਨੀ ਪਈ ਮਹਿੰਗੀ! ਮੁਆਫ਼ੀ ਮੰਗ ਕੇ ਛੁਡਵਾਇਆ ਖਹਿੜਾ
NEXT STORY