ਰਾਜਪੁਰਾ, ਬਨੂੜ,(ਨਿਰਦੋਸ਼/ਚਾਵਲਾ/ਗੁਰਪਾਲ) : ਪਿਛਲੇ ਦਿਨੀਂ ਰਾਜਪੁਰਾ ਪੁਲਸ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ ਜਦੋਂ ਬਨੂੜ ਥਾਣਾ ਦੀ ਪੁਲਸ ਨੇ ਬਨੂੜ ਬੈਰੀਅਰ 'ਤੇ ਜਾਅਲੀ ਕਰੰਸੀ ਦਾ ਧੰਦਾ ਕਰਨ ਵਾਲੇ ਇਕ ਗਿਰੋਹ ਦੇ 5 ਮੈਂਬਰਾਂ ਨੂੰ ਕਾਬੂ ਕੀਤਾ ਸੀ ਤੇ ਉਨ੍ਹਾਂ ਕੋਲੋਂ 9100 ਰੁਪਏ ਦੀ ਜਾਅਲੀ ਕਰੰਸੀ ਬਰਾਮਦ ਕੀਤੀ ਸੀ। ਇਸ ਉਪਰੰਤ ਪੁੱਛਗਿੱਛ ਦੌਰਾਨ ਉਕਤ ਵਿਅਕਤੀਆਂ ਕੋਲੋਂ 47 ਹਜ਼ਾਰ 500 ਰੁਪਏ ਦੀ ਹੋਰ ਜਾਅਲੀ ਕਰੰਸੀ, ਸਕੈਨਰ ਤੇ ਪ੍ਰਿੰਟਰ ਬਰਾਮਦ ਕੀਤੇ ਗਏ ਸਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀ. ਐੱਸ. ਪੀ. ਰਾਜਪੁਰਾ ਏ. ਐੱਸ. ਔਲਖ ਨੇ ਦੱਸਿਆ ਕਿ ਬਨੂੜ ਪੁਲਸ ਦੇ ਐੱਸ. ਐੱਚ. ਓ. ਇੰਸਪੈਕਟਰ ਗੁਰਮੁਖ ਸਿੰਘ ਤੇ ਐੱਸ. ਆਈ. ਮੋਹਨ ਸਿੰਘ ਨੇ ਬੀਤੇ ਦਿਨ ਕੁਲਦੀਪ ਸਿੰਘ, ਜਗਤਾਰ ਸਿੰਘ, ਗੁਰਮੁਖ ਸਿੰਘ ਤੇ ਸੁਮਨ ਜੋ 10 ਹਜ਼ਾਰ ਰੁਪਇਆਂ ਬਦਲੇ 20 ਹਜ਼ਾਰ ਦੀ ਜਾਅਲੀ ਕਰੰਸੀ ਦੇਣ ਦਾ ਸੌਦਾ ਮਲਕੀਤ ਸਿੰਘ ਨਾਲ ਕਰ ਰਹੇ ਸਨ ਤਾਂ ਪੁਲਸ ਨੇ ਇਨ੍ਹਾਂ ਨੂੰ ਕਾਬੂ ਕੀਤਾ ਤੇ ਮੌਕੇ 'ਤੇ ਇਨ੍ਹਾਂ ਕੋਲੋਂ 9100 ਰੁਪਏ ਦੀ ਜਾਅਲੀ ਕਰੰਸੀ ਬਰਾਮਦ ਕੀਤੀ ਗਈ ਸੀ।
ਪੁਲਸ ਨੇ ਉਕਤ ਵਿਅਕਤੀਆਂ ਦਾ ਅਦਾਲਤ ਤੋਂ ਪੁਲਸ ਰਿਮਾਂਡ ਪ੍ਰਾਪਤ ਕਰ ਕੇ ਪੁੱਛਗਿੱਛ ਕੀਤੀ ਤਾਂ ਇਨ੍ਹਾਂ ਕੋਲੋਂ 47 ਹਜ਼ਾਰ 500 ਰੁਪਏ ਦੀ ਹੋਰ ਜਾਅਲੀ ਕਰੰਸੀ ਬਰਾਮਦ ਹੋਈ । ਡੀ. ਐੱਸ. ਪੀ. ਨੇ ਦੱਸਿਆ ਕਿ ਇਸ ਗਿਰੋਹ ਦਾ ਸਰਗਣਾ ਜਗਤਾਰ ਸਿੰਘ, ਜੋ ਸਰਹਿੰਦ ਦਾ ਰਹਿਣ ਵਾਲਾ ਹੈ, ਦੇ ਘਰੋਂ ਜਾਅਲੀ ਕਰੰਸੀ ਬਣਾਉਣ ਲਈ ਵਰਤੋਂ ਕੀਤਾ ਜਾ ਰਿਹਾ ਸਕੈਨਰ ਤੇ ਪ੍ਰਿੰਟਰ ਬਰਾਮਦ ਹੋਇਆ ਹੈ। ਉਨ੍ਹਾਂ ਦੱਸਿਆ ਕਿ ਉਕਤ ਗਿਰੋਹ ਦੇ ਮੈਂਬਰ ਅਸਲੀ ਨੋਟ ਸਕੈਨ ਕਰ ਕੇ ਪ੍ਰਿੰਟਰ ਨਾਲ ਇਨ੍ਹਾਂ ਦਾ ਪ੍ਰਿੰਟ ਕੱਢ ਕੇ ਉਸ ਦੀ ਕਟਿੰਗ ਕਰ ਕੇ ਜਾਅਲੀ ਕਰੰਸੀ ਤਿਆਰ ਕਰਦੇ ਸਨ। ਜਗਤਾਰ ਸਿੰਘ 'ਤੇ ਫਤਿਹਗੜ੍ਹ ਸਾਹਿਬ ਪੁਲਸ ਨੇ ਸਾਲ 2015 'ਚ ਵੀ ਜਾਅਲੀ ਕਰੰਸੀ ਦਾ ਕੇਸ ਦਰਜ ਕੀਤਾ ਸੀ । ਉਸ ਸਮੇਂ ਉਸ ਤੋਂ ਇਕ ਲੱਖ 62 ਹਜ਼ਾਰ ਰੁਪਏ ਦੀ ਜਾਅਲੀ ਕਰੰਸੀ ਬਰਾਮਦ ਹੋਈ ਸੀ। ਡੀ. ਐੱਸ. ਪੀ. ਨੇ ਦੱਸਿਆ ਕਿ ਉਕਤ ਗਿਰੋਹ ਦੇ ਮੈਂਬਰਾਂ ਤੋਂ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ ਜਿਸ 'ਚ ਕਈ ਹੋਰ ਅਹਿਮ ਸੁਰਾਗ ਮਿਲਣ ਦੀ ਸੰਭਾਵਨਾ ਹੈ। ਡੀ. ਐੱਸ. ਪੀ. ਨੇ ਦੱਸਿਆ ਕਿ ਜਾਅਲੀ ਕਰੰਸੀ ਦੇ ਫੜੇ ਗਏ ਨੋਟਾਂ 'ਚ 200 ਦੇ 22 ਜਾਅਲੀ ਨੋਟ, 100 ਰੁਪਏ ਦੇ 32, 2 ਹਜ਼ਾਰ ਰੁਪਏ ਦੇ 20 ਅਤੇ 500 ਦੇ 15 ਨੋਟ ਬਰਾਮਦ ਹੋਏ ਹਨ।
ਜਲੰਧਰ ਦੇ ਜੋਤੀ ਚੌਂਕ 'ਚ ਚੱਲੀ ਗੋਲੀ
NEXT STORY