ਮੋਹਾਲੀ (ਜੱਸੀ) : ਕਰ ਤੇ ਆਬਕਾਰੀ ਵਿਭਾਗ ਦੇ ਅਫ਼ਸਰਾਂ ਨਾਲ ਮਿਲ ਕੇ ਟੈਕਸ ਚੋਰੀ ਕਰਨ ਦੇ ਮਾਮਲੇ ’ਚ ਵਿਜੀਲੈਂਸ ਵਲੋਂ ਨਾਮਜ਼ਦ ਮੁਲਜ਼ਮ ਰਾਜਿੰਦਰ ਕੁਮਾਰ ਗਰਗ ਵਾਸੀ ਮੌੜ ਮੰਡੀ ਨੇ ਵਕੀਲ ਰਾਹੀਂ ਵਧੀਕ ਜ਼ਿਲ੍ਹਾ ਸੈਸ਼ਨ ਜੱਜ ਦੀ ਅਦਾਲਤ ’ਚ ਜ਼ਮਾਨਤ ਅਰਜ਼ੀ ਦਾਇਰ ਕੀਤੀ ਸੀ। ਅਦਾਲਤ ਵੱਲੋਂ ਸਰਕਾਰੀ ਧਿਰ ਅਤੇ ਬਚਾਅ ਪੱਖ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਮੁਲਜ਼ਮ ਰਜਿੰਦਰ ਕੁਮਾਰ ਗਰਗ ਦੀ ਜ਼ਮਾਨਤ ਖਾਰਜ ਕਰਦਿਆਂ ਕਿਹਾ ਕਿ ਇਸਤਗਾਸਾ ਪੱਖ ਦੇ ਕੇਸ ਮੁਤਾਬਕ, ਮੌਜੂਦਾ ਕੇਸ ’ਚ ਪਟੀਸ਼ਨਰ ਰਾਜਿੰਦਰ ਕੁਮਾਰ ਗਰਗ ਦੀ ਭੂਮਿਕਾ ਤੇ ਮਿਲੀਭੁਗਤ ਰਿਕਾਰਡ ਤੋਂ ਸਾਹਮਣੇ ਆ ਰਹੀ ਹੈ। ਇਸਤਗਾਸਾ ਪੱਖ ਦੇ ਵਰਜਨ ਅਨੁਸਾਰ ਮੁਲਜ਼ਮ ਰਾਜਿੰਦਰ ਕੁਮਾਰ ਗਰਗ ਉਰਫ ਬੱਬੂ ਮੋਰ, ਵਿਜੇ ਕੁਮਾਰ ਘਈ ਨਾਲ ਕੰਮ ਕਰਦਾ ਸੀ ਤੇ ਉਸ ਦੀ ਗੱਲਬਾਤ ਉਸ ਨਾਲ ਰਿਕਾਰਡ ਕੀਤੀ ਗਈ ਸੀ। ਉਸ ਨੇ ਮੁਲਜ਼ਮਾਂ ਨਾਲ ਕੰਮ ਕੀਤਾ ਤੇ ਮੌਜੂਦਾ ਕੇਸ ’ਚ ਅਪਰਾਧ ਕਰਨ ’ਚ ਮਦਦ ਕੀਤੀ।
ਦੋਸ਼ ਗੰਭੀਰ ਹਨ ਤੇ ਇਸ ’ਚ ਵੱਡੀ ਗਿਣਤੀ ’ਚ ਮੁਲਜ਼ਮ ਵਿਅਕਤੀ ਸ਼ਾਮਲ ਹਨ। ਟੈਕਸ ਚੋਰੀ ’ਚ ਇਕ ਵੱਡਾ ਨੈੱਟਵਰਕ ਸ਼ਾਮਲ ਸੀ ਤੇ ਮੁਲਜ਼ਮ ਵਿਅਕਤੀਆਂ ਨੇ ਸਰਕਾਰੀ ਅਧਿਕਾਰੀਆਂ ਨੂੰ ਗਲਤ ਲਾਭ ਪ੍ਰਾਪਤ ਕਰਨ ਲਈ ਪ੍ਰੇਰਿਤ ਤੇ ਪ੍ਰਭਾਵਿਤ ਕੀਤਾ। ਅਪਰਾਧ ਕਰਨ ’ਚ ਜਾਅਲੀ ਦਸਤਾਵੇਜ਼ਾਂ ਦੀ ਵਰਤੋਂ ਕੀਤੀ ਗਈ ਸੀ। ਪਟੀਸ਼ਨਰ ਵੱਲੋਂ ਕੀਤੇ ਗਏ ਕਥਿਤ ਅਪਰਾਧ ਦੀ ਪ੍ਰਕਿਰਤੀ ਤੇ ਗੰਭੀਰਤਾ ਨੂੰ ਧਿਆਨ ’ਚ ਰੱਖਦੇ ਹੋਏ ਪਟੀਸ਼ਨਰ ਜ਼ਮਾਨਤ ਪ੍ਰਾਪਤ ਕਰਨ ਦਾ ਹੱਕਦਾਰ ਨਹੀਂ ਹੈ। ਇਸ ਲਈ ਮੁਲਜ਼ਮ ਰਾਜਿੰਦਰ ਕੁਮਾਰ ਗਰਗ ਦੀ ਮੌਜੂਦਾ ਜ਼ਮਾਨਤ ਵਾਲੀ ਅਰਜ਼ੀ ਖਾਰਜ ਕੀਤੀ ਜਾਂਦੀ ਹੈ। ਵਿਜੀਲੈਂਸ ਮੁਤਾਬਕ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਵਿਜੇ ਕੁਮਾਰ ਖੰਨਾ, ਲੁਧਿਆਣਾ ਤੇ ਨੇੜਲੇ ਇਲਾਕਿਆਂ ’ਚ ਟਰਾਂਸਪੋਰਟ ਦਾ ਕਾਰੋਬਾਰ ਕਰਦਾ ਸੀ, ਪੰਜਾਬ ਦੇ ਆਬਕਾਰੀ ਅਤੇ ਕਰ ਵਿਭਾਗ ਦੇ ਕਈ ਅਧਿਕਾਰੀਆਂ ਅਤੇ ਕਰਮਚਾਰੀਆਂ ਨਾਲ ਮਿਲੀਭੁਗਤ ਕਰਕੇ ਵੱਡੇ ਪੱਧਰ 'ਤੇ ਟੈਕਸ ਚੋਰੀ ਦਾ ਰੈਕੇਟ ਚਲਾ ਰਿਹਾ ਸੀ।
ਮਾਵਾਂ-ਧੀਆਂ ਸਤਿਕਾਰ ਯੋਜਨਾ : ਰੱਖੜੀ ਮੌਕੇ ਜਾਰੀ ਹੋਵੇਗਾ 3 ਮਹੀਨਿਆਂ ਦਾ ਭੱਤਾ, ਪੰਜਾਬ ਸਰਕਾਰ ਦਾ ਅਹਿਮ ਫ਼ੈਸਲਾ
NEXT STORY