ਚੰਡੀਗੜ੍ਹ (ਪ੍ਰੀਕਸ਼ਿਤ) : ਜ਼ਿਲ੍ਹਾ ਅਦਾਲਤ ਨੇ ਚੈੱਕ ਬਾਊਂਸ ਮਾਮਲੇ 'ਚ ਇਕ ਮੁਲਜ਼ਮ ਨੂੰ ਦੋਸ਼ੀ ਕਰਾਰ ਦਿੰਦਿਆਂ 6 ਮਹੀਨੇ ਦੀ ਸਜ਼ਾ ਸੁਣਾਈ ਹੈ। ਸਜ਼ਾ ਸੁਣਾਏ ਗਏ ਦੋਸ਼ੀ ਦੀ ਪਛਾਣ ਰਾਜੇਸ਼ ਸੈਨ ਵਾਸੀ ਸੰਨੀ ਇਨਕਲੇਵ, ਖਰੜ ਵਜੋਂ ਹੋਈ ਹੈ। ਨਾਲ ਹੀ ਅਦਾਲਤ ਨੇ ਦੋਸ਼ੀ ਨੂੰ ਸ਼ਿਕਾਇਤਕਰਤਾ ਨੂੰ 8.90 ਲੱਖ ਰੁਪਏ ਅਦਾ ਕਰਨ ਦੇ ਨਿਰਦੇਸ਼ ਦਿੱਤੇ ਹਨ। ਅਦਾਲਤ ਨੇ ਇਹ ਫ਼ੈਸਲਾ ਬਿਲਡਿੰਗ ਮਟੀਰੀਅਲ ਕਿਰਾਏ ’ਤੇ ਦੇਣ ਦਾ ਕੰਮ ਕਰਨ ਵਾਲੀ ਕੰਪਨੀ ਐੱਸ. ਐੱਨ. ਐੱਸ. ਸ਼ਟਰਿੰਗ ਦੇ ਮਾਲਕ ਸਚਿਨ ਕਤਿਆਲ ਦੀ ਸ਼ਿਕਾਇਤ ’ਤੇ ਸੁਣਾਇਆ ਹੈ। ਕੰਪਨੀ ਦਾ ਕੇਸ ਲੜ ਰਹੇ ਐਡਵੋਕੇਟ ਅਰਚਿਤ ਗੁਪਤਾ ਨੇ ਪਟੀਸ਼ਨ ’ਚ ਦੱਸਿਆ ਕਿ ਦੋਸ਼ੀ ਰਾਜੇਸ਼ ਸੈਨ ਨੇ ਸ਼ਿਕਾਇਤਕਰਤਾ ਕੰਪਨੀ ਤੋਂ 26 ਜੂਨ 2019 ਨੂੰ ਸ਼ਟਰਿੰਗ ਸਮੱਗਰੀ ਕਿਰਾਏ ’ਤੇ ਲਈ ਸੀ। ਇਸ ਦੀ ਅਦਾਇਗੀ ਕਰਨ ਲਈ ਮੁਲਜ਼ਮ ਨੇ ਕੰਪਨੀ ਨੂੰ 8.90 ਲੱਖ ਰੁਪਏ ਦਾ ਚੈੱਕ ਦਿੱਤਾ ਪਰ ਜਦੋਂ ਮੁਲਜ਼ਮ ਵੱਲੋਂ ਦਿੱਤਾ ਗਿਆ ਚੈੱਕ 10 ਜੁਲਾਈ 2019 ਨੂੰ ਖਾਤੇ ਵਿਚ ਜਮ੍ਹਾਂ ਕਰਵਾਇਆ ਗਿਆ ਤਾਂ ਪੈਸੇ ਨਾ ਹੋਣ ਕਾਰਨ ਉਹ ਬਾਊਂਸ ਹੋ ਗਿਆ।
ਕੰਪਨੀ ਨੇ ਮੁਲਜ਼ਮ ਨੂੰ ਕਾਨੂੰਨੀ ਨੋਟਿਸ ਵੀ ਭੇਜਿਆ
ਅਜਿਹੇ ’ਚ ਕੰਪਨੀ ਨੇ ਮੁਲਜ਼ਮ ਨੂੰ ਕਾਨੂੰਨੀ ਨੋਟਿਸ ਵੀ ਭੇਜਿਆ। ਇਸ ਦੇ ਬਾਵਜੂਦ ਮੁਲਜ਼ਮ ਨੇ ਕੰਪਨੀ ਨੂੰ ਬਕਾਏ ਦੀ ਅਦਾਇਗੀ ਨਹੀਂ ਕੀਤੀ। ਜਿਸ ਕਾਰਨ ਕੰਪਨੀ ਨੇ ਮੁਲਜ਼ਮ ਖ਼ਿਲਾਫ਼ ਚੰਡੀਗੜ੍ਹ ਜ਼ਿਲ੍ਹਾ ਅਦਾਲਤ ਵਿਚ ਚੈੱਕ ਬਾਊਂਸ ਦਾ ਕੇਸ ਦਾਇਰ ਕੀਤਾ। ਇਸ ਦੇ ਨਾਲ ਹੀ ਮੁਲਜ਼ਮ ਨੇ ਅਦਾਲਤ ਵਿਚ ਆਪਣਾ ਪੱਖ ਪੇਸ਼ ਕਰਦਿਆਂ ਕਿਹਾ ਕਿ ਉਸ ਨੇ ਕੰਪਨੀ ਨੂੰ ਪੂਰੀ ਅਦਾਇਗੀ ਕਰ ਦਿੱਤੀ ਸੀ, ਫਿਰ ਵੀ ਕੰਪਨੀ ਨੇ ਉਸ ਦੇ ਚੈੱਕ ਦੀ ਦੁਰਵਰਤੋਂ ਕੀਤੀ। ਉਸ ਨੂੰ ਕੰਪਨੀ ਵੱਲੋਂ ਕੋਈ ਕਾਨੂੰਨੀ ਨੋਟਿਸ ਨਹੀਂ ਮਿਲਿਆ। ਇਸ ਲਈ ਉਸ ਨੇ ਇਸ ਮਾਮਲੇ ਨੂੰ ਖਾਰਜ ਕਰਨ ਦੀ ਮੰਗ ਕੀਤੀ। ਮਾਮਲੇ ਵਿਚ ਸਾਹਮਣੇ ਆਏ ਤੱਥਾਂ ਦੀ ਪੜਤਾਲ ਕਰਨ ਅਤੇ ਦੋਵਾਂ ਧਿਰਾਂ ਨੂੰ ਸੁਣਨ ਤੋਂ ਬਾਅਦ ਅਦਾਲਤ ਨੇ ਮੁਲਜ਼ਮ ਰਾਜੇਸ਼ ਸੈਨ ਨੂੰ ਦੋਸ਼ੀ ਪਾਇਆ ਅਤੇ ਉਸ ਨੂੰ 6 ਮਹੀਨੇ ਦੀ ਕੈਦ ਅਤੇ 8.90 ਲੱਖ ਰੁਪਏ ਮੁਆਵਜ਼ੇ ਸਮੇਤ ਅਦਾ ਕਰਨ ਦਾ ਹੁਕਮ ਸੁਣਾਇਆ।
ਨੌਜਵਾਨ ਦੀ ਕੁੱਟਮਾਰ ਕਰਨ ਵਾਲੇ 15 ਲੋਕ ਨਾਮਜ਼ਦ, ਇਕ ਗ੍ਰਿਫ਼ਤਾਰ
NEXT STORY