ਲੁਧਿਆਣਾ (ਰਾਜ)- ਧੂਰੀ ਲਾਈਨ ਇਲਾਕੇ ’ਚ ਦੇਰ ਰਾਤ ਬਾਈਕ ਸਵਾਰ ਨੌਜਵਾਨਾਂ ਨੇ ਫਾਸਟ ਫੂਡ ਦਾ ਕੰਮ ਕਰਨ ਵਾਲੇ ’ਤੇ ਤੇਜ਼ਾਬੀ ਹਮਲਾ ਕਰ ਦਿੱਤਾ। ਨੌਜਵਾਨਾਂ ਨੇ ਕੋਲ ਆਉਂਦਿਆਂ ਹੀ ਕਿਹਾ ਕਿ ’ਤੇਰੇ ਲਈ ਕੁਝ ਲਿਆਇਆ ਹਾਂ’... ਇੰਨਾ ਕਹਿ ਕੇ ਉਨ੍ਹਾਂ ਨੇ ਫਾਸਟ ਫੂਡ ਵਾਲੇ ’ਤੇ ਲਿਫਾਫੇ ’ਚ ਭਰਿਆ ਤੇਜ਼ਾਬ ਸੁੱਟ ਦਿੱਤਾ। ਤੇਜ਼ਾਬ ਵਾਲਾ ਲਿਫਾਫਾ ਫਟਣ ਕਾਰਨ ਤੇਜ਼ਾਬ ਖਿੱਲਰ ਗਿਆ ਤੇ ਦੁਕਾਨ ਮਾਲਕ ਸਮੇਤ ਤਿੰਨ ਲੋਕ ਮੌਕੇ ’ਤੇ ਗੰਭੀਰ ਰੂਪ ’ਚ ਝੁਲਸ ਗਏ। ਵਾਰਦਾਤ ਨੂੰ ਅੰਜਾਮ ਦੇਣ ਲਈ ਹਮਲਾਵਰ ਆਪਣੀ ਮੋਟਰਸਾਈਕਲ ਦੀ ਨੰਬਰ ਪਲੇਟ ’ਤੇ ਨੀਲਾ ਲਿਫਾਫਾ ਚੜ੍ਹਾ ਕੇ ਆਇਆ ਸੀ ਤਾਂ ਜੋ ਪੁਲਸ ਦੀ ਨਜ਼ਰ ਤੋਂ ਬਚ ਸਕੇ ਪਰ ਭੱਜਦੇ ਸਮੇਂ ਮੁਸਤੈਦੀ ਦਿਖਾਉਂਦੇ ਦੁਕਾਨਦਾਰਾਂ ਅਤੇ ਲੋਕਾਂ ਨੇ ਮੁਲਜ਼ਮ ਨੂੰ ਦਬੋਚ ਲਿਆ ਤੇ ਕੁੱਟਮਾਰ ਕਰਨ ਤੋਂ ਬਾਅਦ ਮੌਕੇ ’ਤੇ ਪਹੁੰਚੀ ਪੀ.ਸੀ.ਆਰ. ਟੀਮ ਦੇ ਹਵਾਲੇ ਕਰ ਦਿੱਤਾ।
ਪੀੜਤ ਦੇਵ ਕੁਮਾਰ ਨੇ ਦੱਸਿਆ ਕਿ ਉਹ ਧੂਰੀ ਲਾਈਨ ’ਤੇ ਦੁਕਾਨ ਦੇ ਬਾਹਰ ਕਾਊਂਟਰ ਲਗਾਉਂਦਾ ਹੈ। ਐਤਵਾਰ ਦੇਰ ਰਾਤ ਉਹ ਰੋਜ਼ਾਨਾ ਦੀ ਤਰ੍ਹਾਂ ਆਪਣੀ ਦੁਕਾਨ ਦੇ ਕਾਊਂਟਰ ਦੇ ਅੰਦਰ ਫਾਸਟ ਫੂਡ ਤਿਆਰ ਕਰ ਰਿਹਾ ਸੀ। ਉਸੇ ਵੇਲੇ ਦੁਕਾਨ ਦੇ ਬਿਲਕੁਲ ਬਾਹਰ ਇਕ ਅਣਪਛਾਤਾ ਨੌਜਵਾਨ ਮੋਟਰਸਾਈਕਲ ’ਤੇ ਆ ਕੇ ਰੁਕਿਆ। ਉਸ ਨੇ ਆਪਣਾ ਚਿਹਰਾ ਲੁਕਾਇਆ ਹੋਇਆ ਸੀ ਤੇ ਕੰਨ ’ਤੇ ਮੋਬਾਈਲ ਫ਼ੋਨ ਲਗਾ ਕੇ ਕਿਸੇ ਨਾਲ ਗੱਲ ਕਰਨ ਦਾ ਨਾਟਕ ਕਰਦਿਆਂ ਲਗਾਤਾਰ ਮੇਰੀ ਰੇਕੀ ਕਰ ਰਿਹਾ ਸੀ। ਜਿਵੇਂ ਹੀ ਦੁਕਾਨ ਦੇ ਅੱਗੇ ਭੀੜ ਥੋੜ੍ਹੀ ਘੱਟ ਹੋਈ, ਉਸ ਨੇ ਮੌਕਾ ਪਾਉਂਦੇ ਹੀ ਮੇਰੇ ਵੱਲ ਹੱਥ ਵਧਾ ਕੇ ਇਕ ਪਲਾਸਟਿਕ ਦਾ ਭਾਰੀ ਲਿਫਾਫਾ ਸੁੱਟ ਦਿੱਤਾ।
ਪੀੜਤ ਦੇਵ ਨੇ ਦੱਸਿਆ ਕਿ ਲਿਫਾਫਾ ਸੁੱਟਣ ਤੋਂ ਠੀਕ ਇੱਕ ਸੈਕਿੰਡ ਪਹਿਲਾਂ ਮੁਲਜ਼ਮ ਨੇ ਬੇਹੱਦ ਸ਼ਾਤਰ ਆਵਾਜ਼ ’ਚ ਕਿਹਾ, \"ਤੇਰੇ ਲਈ ਕੁਝ ਲਿਆਇਆ ਹਾਂ।’ ਦੇਵ ਨੇ ਜਿਵੇਂ ਹੀ ਉਸ ਵੱਲ ਦੇਖਿਆ ਤਾਂ ਮੁਲਜ਼ਮ ਨੇ ਲਿਫਾਫਾ ਸੁੱਟ ਦਿੱਤਾ। ਪ੍ਰੈਸ਼ਰ ਦੇ ਕਾਰਨ ਅਚਾਨਕ ਜ਼ੋਰਦਾਰ ਧਮਾਕੇ ਨਾਲ ਲਿਫਾਫਾ ਫਟ ਗਿਆ। ਲਿਫਾਫਾ ਫਟਦੇ ਹੀ ਉਸ ਦੇ ਅੰਦਰ ਭਰਿਆ ਖ਼ਤਰਨਾਕ ਤੇਜ਼ਾਬ ਸਿੱਧਾ ਉਸ ਦੀ ਪਿੱਠ ਤੇ ਉੱਥੇ ਕਾਊਂਟਰ ਦੇ ਕੋਲ ਖੜ੍ਹੇ ਦੋ ਹੋਰ ਗਾਹਕਾਂ ’ਤੇ ਜਾ ਡਿੱਗਿਆ।
ਤੇਜ਼ਾਬ ਡਿੱਗਦਿਆਂ ਹੀ ਦੇਵ ਦੀ ਪਿੱਠ ਦੀ ਚਮੜੀ ਬੁਰੀ ਤਰ੍ਹਾਂ ਸੜ ਗਈ। ਜਲਨ ਨਾਲ ਤੜਫਦੇ ਹੋਏ ਦੋਵੇਂ ਗਾਹਕ ਬਦਹਵਾਸ ਹਾਲਤ ’ਚ ਤੁਰੰਤ ਆਪਣੀ ਜਾਨ ਬਚਾਉਣ ਲਈ ਨਜ਼ਦੀਕੀ ਹਸਪਤਾਲ ਵੱਲ ਭੱਜੇ, ਜਿਨ੍ਹਾਂ ਦੀ ਪਛਾਣ ਅਜੇ ਨਹੀਂ ਹੋ ਸਕੀ ਹੈ। ਵਾਰਦਾਤ ਨੂੰ ਅੰਜਾਮ ਦੇ ਕੇ ਸ਼ਾਤਰ ਹਮਲਾਵਰ ਜਿਵੇਂ ਹੀ ਆਪਣੀ ਬਾਈਕ ਸਟਾਰਟ ਕਰਕੇ ਭੱਜਣ ਲੱਗਾ, ਦੇਵ ਤੇ ਆਲੇ-ਦੁਆਲੇ ਦੇ ਦੁਕਾਨਦਾਰਾਂ ਨੇ ਰੌਲਾ ਪਾ ਦਿੱਤਾ। ਗੁੱਸੇ ’ਚ ਆਈ ਭੀੜ ਨੇ ਘੇਰਾਬੰਦੀ ਕਰਕੇ ਮੁਲਜ਼ਮ ਨੂੰ ਸੜਕ ’ਤੇ ਹੀ ਦਬੋਚ ਲਿਆ।
ਪੁਲਸ ਦੇ ਉੱਚ ਅਧਿਕਾਰੀਆਂ ਦਾ ਕਹਿਣਾ ਹੈ ਕਿ ਘਟਨਾ ’ਚ ਵਰਤੇ ਤਰਲ ਪਦਾਰਥ ਦੇ ਸੈਂਪਲ ਸੀਲ ਕਰ ਕੇ ਫੋਰੈਂਸਿਕ ਜਾਂਚ ਲਈ ਸਰਕਾਰੀ ਲੈਬ ਭੇਜ ਦਿੱਤੇ ਗਏ ਹਨ। ਜਾਂਚ ਰਿਪੋਰਟ ਆਉਣ ਤੋਂ ਬਾਅਂਦ ਹੀ ਪੂਰੀ ਤਰ੍ਹਾਂ ਸਪਸ਼ਟ ਹੋਵੇਗਾ ਕਿ ਇਹ ਤੇਜ਼ਾਬ ਸੀ ਜਾਂ ਕੋਈ ਹੋਰ ਜਾਨਲੇਵਾ ਰਸਾਇਣਕ ਪਦਾਰਥ। ਫਿਲਹਾਲ ਮਾਮਲੇ ਦੀ ਜਾਂਚ ਜਾਰੀ ਹੈ।
ਗਲੀ 'ਚ ਖੜ੍ਹੀਆਂ ਗੱਡੀਆਂ ਦੇ ਭੰਨੇ ਸ਼ੀਸ਼ੇ! CCTV 'ਚ ਕੈਦ ਹੋਈ ਘਟਨਾ
NEXT STORY