ਸੁਨਾਮ ਊਧਮ ਸਿੰਘ ਵਾਲਾ (ਬਾਂਸਲ)- ਘਰੇਲੂ ਕਲੇਸ਼ ਕਾਰਨ ਪਿੰਡ ਖਡਿਆਲ ਦੇ ਇਕ ਨੌਜਵਾਨ ਵੱਲੋਂ ਕੋਈ ਜ਼ਹਿਰੀਲੀ ਚੀਜ਼ ਨਿਗਲ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲੈਣ ਦੀ ਦੁਖਦਾਈ ਖਬਰ ਹੈ। ਸਥਾਨਕ ਸਿਵਲ ਹਸਪਤਾਲ ਵਿਖੇ ਮ੍ਰਿਤਕ ਨੌਜਵਾਨ ਦੀ ਮਾਤਾ ਬਲਜੀਤ ਕੌਰ, ਭੈਣ ਬਲਜਿੰਦਰ ਕੌਰ ਅਤੇ ਸੁਖਵਿੰਦਰ ਕੌਰ ਨੇ ਦੱਸਿਆ ਕਿ ਗੁਰਮੇਲ ਸਿੰਘ ਦਾ ਕਰੀਬ 17 ਸਾਲ ਪਹਿਲਾਂ ਕੁਲਦੀਪ ਕੌਰ ਨਾਲ ਵਿਆਹ ਹੋਇਆ ਸੀ, ਜਿਨ੍ਹਾਂ ਦਾ ਇਕ 15-16 ਸਾਲਾਂ ਦਾ ਲੜਕਾ ਵੀ ਹੈ। ਉਨ੍ਹਾਂ ਦੱਸਿਆ ਕਿ ਪਿਛਲੇ ਦੋ ਕੁ ਮਹੀਨਿਆਂ ਤੋਂ ਉਨ੍ਹਾਂ ਦੀ ਨੂੰਹ ਕੁਲਦੀਪ ਕੌਰ ਆਪਣੇ ਇਕ ਨੇੜਲੇ ਰਿਸ਼ਤੇਦਾਰ ਸਮੇਤ ਦੋ ਵਿਅਕਤੀਆਂ ਨਾਲ ਮਿਲ ਕੇ ਗੁਰਮੇਲ ਸਿੰਘ ’ਤੇ ਆਪਣੇ ਪਿਤਾ ਦੀ ਜ਼ਮੀਨ ਆਪਣੇ ਨਾਂ ਕਰਵਾਉਣ ਦਾ ਦਬਾਅ ਬਣਾ ਰਹੀ ਸੀ ਪਰ ਗੁਰਮੇਲ ਸਿੰਘ ਇਸ ਗੱਲ ਤੋਂ ਇਨਕਾਰ ਕਰ ਰਿਹਾ ਸੀ।
ਉਨ੍ਹਾਂ ਦੱਸਿਆ ਕਿ ਇਸੇ ਗੱਲ ਨੂੰ ਲੈ ਕੇ ਦੋਵਾਂ ਵਿਚਕਾਰ ਕਲੇਸ਼ ਰਹਿੰਦਾ ਸੀ। ਬੀਤੀ 3 ਸਤੰਬਰ ਨੂੰ ਉਕਤ ਵਿਅਕਤੀਆਂ ਵੱਲੋਂ ਗੁਰਮੇਲ ਸਿੰਘ ਨੂੰ ਡਰਾਇਆ-ਧਮਕਾਇਆ ਵੀ ਗਿਆ, ਜਿਸ ਕਾਰਨ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਹੋ ਕੇ ਗੁਰਮੇਲ ਨੇ 3 ਸਤੰਬਰ ਨੂੰ ਆਪਣੇ ਘਰ ’ਚ ਹੀ ਕੋਈ ਜ਼ਹਿਰੀਲੀ ਚੀਜ਼ ਨਿਗਲ ਲਈ। ਹਾਲਤ ਵਿਗੜਨ ’ਤੇ ਪਰਿਵਾਰ ਵੱਲੋਂ ਉਸ ਨੂੰ ਇਲਾਜ ਲਈ ਸਥਾਨਕ ਇਕ ਨਿੱਜੀ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਪਰ ਅੱਜ ਸਵੇਰੇ ਇਲਾਜ ਦੌਰਾਨ ਗੁਰਮੇਲ ਸਿੰਘ (35) ਪੁੱਤਰ ਦਲਵਾਰਾ ਸਿੰਘ ਵਾਸੀ ਪਿੰਡ ਖਡਿਆਲ ਦੀ ਮੌਤ ਹੋ ਗਈ।
ਪੁਲਸ ਥਾਣਾ ਛਾਜਲੀ ਦੇ ਐੱਸ. ਐੱਚ. ਓ. ਇੰਸਪੈਕਟਰ ਕਮਲਦੀਪ ਸਿੰਘ ਨੇ ਦੱਸਿਆ ਕਿ ਪੁਲਸ ਵੱਲੋਂ ਮ੍ਰਿਤਕ ਦੀ ਪਤਨੀ ਕੁਲਦੀਪ ਕੌਰ, ਸੁਖਵਿੰਦਰ ਸਿੰਘ (ਦੋਵੇਂ ਵਾਸੀ ਪਿੰਡ ਖਡਿਆਲ) ਅਤੇ ਗੁਰਸੇਵਕ ਸਿੰਘ ਵਾਸੀ ਕੁਲਰੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਖਬਰ ਲਿਖੇ ਜਾਣ ਤੱਕ ਮੁਲਜ਼ਮਾਂ ਦੀ ਤੁਰੰਤ ਗ੍ਰਿਫਤਾਰੀ ਦੀ ਮੰਗ ਨੂੰ ਲੈ ਕੇ ਮ੍ਰਿਤਕ ਦੇ ਪਰਿਵਾਰਕ ਮੈਂਬਰ ਅਤੇ ਪਿੰਡ ਵਾਸੀ ਸਥਾਨਕ ਸਿਵਲ ਹਸਪਤਾਲ ’ਚ ਇਕੱਠੇ ਹੋ ਕੇ ਪੋਸਟਮਾਰਟਮ ਨਾ ਕਰਵਾਉਣ ਦੀ ਜ਼ਿੱਦ ’ਤੇ ਅੜੇ ਹੋਏ ਸਨ, ਜਦਕਿ ਪੁਲਸ ਅਧਿਕਾਰੀ ਪਰਿਵਾਰਕ ਮੈਂਬਰਾਂ ਨੂੰ ਪੋਸਟਮਾਰਟਮ ਕਰਵਾਉਣ ਲਈ ਮਨਾਉਣ ’ਚ ਲੱਗੇ ਹੋਏ ਸਨ।
ਕੰਮ 'ਤੇ ਜਾ ਰਹੇ ਵਿਅਕਤੀ ਦੀ ਸੜਕ ਹਾਦਸੇ 'ਚ ਮੌਤ
NEXT STORY