ਝਬਾਲ/ਬੀਡ਼ ਸਾਹਿਬ, (ਲਾਲੂਘੁੰਮਣ, ਬਖਤਾਵਰ)- ਕਸਬਾ ਝਬਾਲ ਅੰਦਰ ਕਿਸਾਨਾਂ ਦੀਆਂ ਮੋਟਰਾਂ ਤੋਂ ਕੇਬਲਾਂ ਅਤੇ ਸਿੰਗਲ ਪੋਲ ਟਰਾਂਸਫਾਰਮਰਾਂ ’ਚੋਂ ਤੇਲ ਚੋਰੀ ਕਰਨ ਦੀ ਵਾਰਦਾਤਾਂ ਕਾਰਨ ਜਿਥੇ ਕਿਸਾਨਾਂ ’ਚ ਪੁਲਸ ਪ੍ਰਸ਼ਾਸਨ ਪ੍ਰਤੀ ਭਾਰੀ ਰੋਸ ਪਾਇਆ ਜਾ ਰਿਹਾ ਹੈ, ਉਥੇ ਹੀ ਉਕਤ ਚੋਰ ਗਿਰੋਹ ਵੱਲੋਂ ਅਜਿਹੀਆਂ ਵਾਰਦਾਤਾਂ ਰਾਹੀਂ ਖੇਤਰ ਅੰਦਰ ਪੂਰੀ ਤਰ੍ਹਾਂ ਦਹਿਸ਼ਤ ਫੈਲਾਈ ਹੋਈ ਹੈ।
ਕਿਸਾਨ ਰਛਪਾਲ ਸਿੰਘ ਲਹਿਰੀ ਵਾਸੀ ਅੱਡਾ ਝਬਾਲ ਨੇ ਦੱਸਿਆ ਕਿ ਬੀਤੀ ਰਾਤ ਉਨ੍ਹਾਂ ਦੀ ਪਿੰਡ ਪੰਜਵਡ਼ ਨੇਡ਼ੇ ਖੇਤਾਂ ’ਚ ਮੋਟਰ ਦੇ ਕਮਰੇ ਦੇ ਦਰਵਾਜ਼ੇ ਨੂੰ ਲੱਗੇ ਤਾਲੇ ਨੂੰ ਚੋਰਾਂ ਵੱਲੋਂ ਤੋਡ਼ ਕੇ ਮੋਟਰ ਨੂੰ ਬਿਜਲੀ ਸਪਲਾਈ ਦੇਣ ਲਈ ਲਾਈ ਗਈ ਕਾਫੀ ਲੰਬੀ ਕੇਬਲ ਕੱਟ ਕੇ ਚੋਰੀ ਕਰ ਲਈ ਗਈ ਹੈ। ਉਨ੍ਹਾਂ ਦੱਸਿਆ ਕਿ ਉਪਰੋਂ ਝੋਨੇ ਦੀ ਫਸਲ ਨੂੰ ਪਾਣੀ ਲਾਉਣ ਦਾ ਸੀਜ਼ਨ ਚੱਲ ਰਿਹਾ ਹੈ ਤੇ ਚੋਰਾਂ ਵੱਲੋਂ ਮੋਟਰਾਂ ਦੀਆਂ ਕੇਬਲਾਂ ਕੱਟਣ ਅਤੇ ਬੰਬੀਆਂ ’ਤੇ ਲੱਗੇ ਟਰਾਂਸਫਾਰਮਰ ’ਚੋਂ ਤੇਲ ਚੋਰੀ ਕਰ ਕੇ ਨੁਕਸਾਨ ਕੀਤਾ ਜਾ ਰਿਹਾ ਹੈ। ਉਨ੍ਹਾਂ ਸਥਾਨਕ ਪੁਲਸ ’ਤੇ ਭਾਰੀ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਕਈ ਵਾਰ ਥਾਣੇ ਵਿਖੇ ਸ਼ਿਕਾਇਤ ਦਰਜ ਕਰਵਾਉਣ ਦੇ ਬਾਵਜੂਦ ਚੋਰੀ ਦੀਆਂ ਅਜਿਹੀਆਂ ਵਾਰਦਾਤਾਂ ਦਾ ਸਿਲਸਿਲਾ ਬਾਦਸਤੂਰ ਜਾਰੀ ਹੈ। ਉਨ੍ਹਾਂ ਦੱਸਿਆ ਕਿ ਉਸਦੀ ਮੋਟਰ ’ਤੇ ਲੱਗੇ ਬਿਜਲੀ ਦੇ ਟਰਾਂਸਫਾਰਮਰ ’ਚੋਂ 5 ਵਾਰ ਚੋਰਾਂ ਵੱਲੋਂ ਤੇਲ ਚੋਰੀ ਕੀਤਾ ਗਿਆ ਹੈ। ਗੌਰਤਲਬ ਹੈ ਕਿ ਖੇਤਰ ਅੰਦਰ ਬਾਇਕ ਚੋਰ ਗਿਰੋਹ ਵੀ ਪੂਰੀ ਤਰ੍ਹ੍ਹਾਂ ਸਰਗਰਮ ਹੈ, ਜਿਸ ਵੱਲੋਂ ਅੱਡਾ ਮੰਨਣ ਅਤੇ ਖੈਰਦੀਨ ਕੇ ਨਜ਼ਦੀਕ ਦੇਰ-ਸਵੇਰ ਆਉਣ ਜਾਣ ਵਾਲੇ ਰਾਹਗੀਰਾਂ ਨੂੰ ਲੁੱਟ ਦਾ ਸ਼ਿਕਾਰ ਬਣਾਇਆ ਜਾ ਰਿਹਾ ਹੈ।
ਵਿਆਹੁਤਾ ਨੇ ਕੋਠੇ ਤੋਂ ਛਾਲ ਮਾਰ ਕੇ ਕੀਤੀ ਖੁਦਕੁਸ਼ੀ
NEXT STORY