ਜਲੰਧਰ (ਖੁਰਾਣਾ)— ਪੰਜਾਬ ਦੇ ਪ੍ਰਮੁੱਖ ਸ਼ਹਿਰ ਜਲੰਧਰ ਦਾ ਨਾਂ ਬੁੱਧਵਾਰ ਉਸ ਸਮੇਂ ਹਵਾਬਾਜ਼ੀ ਖੇਤਰ ਨਾਲ ਸਬੰਧਤ ਇੰਟਰਨੈਸ਼ਨਲ ਮੈਪ 'ਤੇ ਆ ਗਿਆ, ਜਦੋਂ ਸ਼ਹਿਰੀ ਹਵਾਬਾਜ਼ੀ ਮੰਤਰਾਲਾ ਨੇ ਆਦਮਪੁਰ ਏਅਰਪੋਰਟ ਦਾ ਨਾਂ ਬਦਲ ਕੇ ਰਸਮੀ ਤੌਰ 'ਤੇ ਜਲੰਧਰ ਏਅਰਪੋਰਟ ਰੱਖ ਦਿੱਤਾ। ਜ਼ਿਕਰਯੋਗ ਹੈ ਕਿ ਆਦਮਪੁਰ 'ਚ ਸਭ ਤੋਂ ਪਹਿਲਾਂ ਜੋ ਹਵਾਈ ਪੱਟੀ ਬਣੀ ਸੀ, ਉਸ ਨੂੰ ਏਅਰਫੋਰਸ ਦੀਆਂ ਹਵਾਈ ਉਡਾਣਾਂ ਲਈ ਵਰਤਿਆ ਜਾਂਦਾ ਸੀ ਪਰ ਜਲੰਧਰ ਦੇ ਵਸਨੀਕਾਂ ਅਤੇ ਉਨ੍ਹਾਂ ਦੀ ਨੁਮਾਇੰਦਗੀ ਕਰਨ ਵਾਲੀ ਸੰਸਥਾ 'ਦਾਅਵਾ' ਦੀ ਲਗਾਤਾਰ ਮੰਗ ਤੋਂ ਬਾਅਦ ਸਰਕਾਰ ਨੇ 1 ਮਈ 2018 ਨੂੰ ਆਦਮਪੁਰ ਏਅਰਪੋਰਟ ਨੂੰ ਸਿਵਲ ਉਡਾਣਾਂ ਲਈ ਖੋਲ੍ਹ ਦਿੱਤਾ ਸੀ ਅਤੇ ਉਸ ਸਮੇਂ ਤੋਂ ਲੈ ਕੇ ਅੱਜ ਤੱਕ ਇਥੋਂ ਦਿੱਲੀ ਤੱਕ ਇਕ ਫਲਾਈਟ ਚਲਾਈ ਜਾ ਰਹੀ ਹੈ। ਹੁਣ ਤੱਕ ਇਸ ਨੂੰ ਆਦਮਪੁਰ ਏਅਰਪੋਰਟ ਦੇ ਨਾਂ ਨਾਲ ਜਾਣਿਆ ਜਾਂਦਾ ਸੀ ਪਰ ਹੁਣ ਇਹ 'ਜਲੰਧਰ ਏਅਰਪੋਰਟ' ਕਹਾਵੇਗਾ ਅਤੇ ਸਿਵਲ ਉਡਾਣਾਂ ਲਈ ਇਸ ਦਾ ਇੰਟਰਨੈਸ਼ਨਲ ਕੋਡ ਪਹਿਲਾਂ ਵਾਂਗ ਹੀ ਏ. ਆਈ. ਪੀ. ਰਹੇਗਾ। ਹੁਣ ਦਿੱਲੀ ਤੋਂ ਆਦਮਪੁਰ ਏਅਰਪੋਰਟ ਲਈ ਸਪਾਈਸਜੈੱਟ ਦੀ ਟਿਕਟ ਹੁਣ ਆਦਮਪੁਰ ਦੀ ਬਜਾਏ ਜਲੰਧਰ ਦੇ ਨਾਂ 'ਤੇ ਬੁੱਕ ਹੋਵੇਗੀ। ਮਿਨਿਸਟਰੀ ਆਫ ਏਵੀਏਸ਼ਨ ਨੇ ਇਸ ਸਬੰਧੀ ਫੈਸਲਾ ਲਿਆ ਹੈ।
'ਦਾਅਵਾ' ਸੰਸਥਾ ਦੇ ਨੁਮਾਇੰਦਿਆਂ ਐੱਸ. ਵੀ. ਹੰਸ, ਅਸ਼ਵਨੀ ਬੱਬੂ ਵਿਕਟਰ, ਗਿਆਨ ਭੰਡਾਰੀ, ਬਲਰਾਮ ਕਪੂਰ, ਚਰਨਜੀਤ ਸਿੰਘ ਚੰਨੀ, ਨਰੇਸ਼ ਮਿੱਤਲ, ਨਰਿੰਦਰ ਸਿੰਘ ਮੈਂਗੀ, ਮਨਮੋਹਨ ਸਿੰਘ ਕਲਸੀ ਅਤੇ ਰਾਕੇਸ਼ ਸੱਭਰਵਾਲ ਆਦਿ ਨੇ ਆਦਮਪੁਰ ਏਅਰਪੋਰਟ ਦਾ ਨਾਂ ਜਲੰਧਰ ਕੀਤੇ ਜਾਣ 'ਤੇ ਖੁਸ਼ੀ ਪ੍ਰਗਟ ਕੀਤੀ ਅਤੇ ਕਿਹਾ ਕਿ 'ਦਾਅਵਾ' ਸੰਸਥਾ ਇਸ ਦਾ ਇੰਟਰਨੈਸ਼ਨਲ ਕੋਡ ਕਿਊ. ਜੇ. ਯੂ. ਕਰਵਾਉਣ ਲਈ ਯਤਨਸ਼ੀਲ ਰਹੇਗੀ।
ਸੜਕਾਂ ਦੀ ਹਾਲਤ ਸੁਧਾਰੀ ਜਾਵੇ
'ਦਾਅਵਾ' ਸੰਸਥਾ ਦੇ ਸੈਕਟਰੀ ਅਸ਼ਵਨੀ ਕੁਮਾਰ ਬੱਬੂ ਨੇ ਸਰਕਾਰ ਕੋਲੋਂ ਮੰਗ ਕੀਤੀ ਹੈ ਕਿ ਜਲੰਧਰ ਤੋਂ ਏਅਰਪੋਰਟ ਜਾਣ ਵਾਲੇ ਸਾਰੇ ਰਸਤਿਆਂ ਦੀਆਂ ਸੜਕਾਂ ਨੂੰ ਜਲਦੀ ਠੀਕ ਕਰਵਾਇਆ ਜਾਵੇ। ਉਨ੍ਹਾਂ ਕਿਹਾ ਕਿ ਇਸ ਸਮੇਂ ਜਲੰਧਰ ਲੰਮਾ ਪਿੰਡ ਚੌਕ ਤੋਂ ਜੰਡੂਸਿੰਘਾ ਤੱਕ ਦੀਆਂ ਸੜਕਾਂ ਬੇਹੱਦ ਖਰਾਬ ਹਾਲਤ ਹਨ, ਜਿਸ ਕਾਰਨ ਯਾਤਰੀਆਂ ਨੂੰ ਰਾਮਾਮੰਡੀ ਅਤੇ ਪੀ. ਏ. ਪੀ. ਵੱਲੋਂ ਘੁੰਮ ਕੇ ਆਉਣਾ ਪੈਂਦਾ ਹੈ ਪਰ ਉਥੇ ਵੀ ਟ੍ਰੈਫਿਕ ਦੇ ਹਾਲਾਤ ਠੀਕ ਨਹੀਂ ਹਨ। ਏਅਰਪੋਰਟ ਦੇ ਰਸਤੇ ਨੂੰ ਫੋਰਲੇਨ ਕਰਨ ਦਾ ਕੰਮ ਵੀ ਹੌਲੀ ਚੱਲ ਰਿਹਾ ਹੈ, ਜਿਸ ਨੂੰ ਤੇਜ਼ ਕੀਤਾ ਜਾਵੇ।
ਮੀਂਹ ਤੋਂ ਬਾਅਦ ਉੱਤਰੀ ਭਾਰਤ 'ਚ ਠੰਡ ਨੇ ਮੁੜ ਠੁਰ-ਠੁਰ ਕਰਨ ਲਾਏ ਲੋਕ (ਤਸਵੀਰਾਂ)
NEXT STORY