ਸੰਗਤ ਮੰਡੀ(ਮਨਜੀਤ)-ਬਠਿੰਡਾ-ਡੱਬਵਾਲੀ ਰਾਸ਼ਟਰੀ ਮਾਰਗ 'ਤੇ ਸਥਿਤ ਪਿੰਡ ਪਥਰਾਲਾ ਵਿਖੇ ਪਿਛਲੇ 7 ਸਾਲਾਂ ਤੋਂ ਪਿੰਡ ਦੀ ਧਰਮਸ਼ਾਲਾ 'ਚ ਪੰਜਾਬ ਐਜੂਕੇਸ਼ਨ ਡਿਵੈਲਪਮੈਂਟ ਬੋਰਡ 'ਤੇ ਦੂਸਰੀਆਂ ਵੱਖ-ਵੱਖ ਸੰਸਥਾਵਾਂ ਵੱਲੋਂ ਆਦਰਸ਼ ਸਕੂਲ ਚਲਾਇਆ ਜਾ ਰਿਹਾ ਹੈ। ਇਸ ਸਕੂਲ 'ਚ ਨੇੜਲੇ ਅੱਧੀ ਦਰਜਨ ਪਿੰਡਾਂ ਦੇ ਸੈਂਕੜੇ ਬੱਚੇ ਪੜ੍ਹਦੇ ਹਨ। ਸਕੂਲ ਦੇ ਬੰਦ ਹੋਣ ਦੀਆਂ ਅਫ਼ਵਾਹਾਂ ਕਾਰਨ ਬੱਚਿਆਂ ਦੇ ਭਵਿੱਖ 'ਤੇ ਤਲਵਾਰ ਲਟਕ ਗਈ ਹੈ। ਸਮੁੱਚੇ ਪਿੰਡ ਵਾਸੀਆਂ ਵੱਲੋਂ ਵੀ ਇਕਜੁਟ ਹੁੰਦਿਆਂ ਇਹ ਐਲਾਨ ਕੀਤਾ ਗਿਆ ਹੈ ਕਿ ਜੇਕਰ ਸਰਕਾਰ ਨੇ ਸਕੂਲ ਨੂੰ ਬੰਦ ਕੀਤਾ ਤਾਂ ਉਹ ਆਰ-ਪਾਰ ਦੀ ਲੜਾਈ ਲੜਨਗੇ। ਸਕੂਲ ਨੂੰ ਕਿਸੇ ਵੀ ਕੀਮਤ 'ਤੇ ਬੰਦ ਨਹੀਂ ਹੋਣ ਦੇਣਗੇ।
ਕੀ ਹੈ ਪੂਰਾ ਮਾਮਲਾ?
ਸਾਲ 2012 'ਚ ਪੰਜਾਬ ਐਜੂਕੇਸ਼ਨ ਡਿਵੈਲਪਮੈਂਟ ਬੋਰਡ ਪਿੰਡ ਦੀ ਧਰਮਸ਼ਾਲਾ 'ਚ ਆਦਰਸ਼ ਸਕੂਲ ਖੋਲ੍ਹਿਆ ਗਿਆ, ਜਿਸ 'ਚ ਆਸ-ਪਾਸ ਦੇ ਲਗਭਗ ਅੱਧੀ ਦਰਜਨ ਪਿੰਡਾਂ ਦੇ 510 ਬੱਚੇ ਪੜ੍ਹਦੇ ਹਨ। ਸਾਲ 2013 ਤੋਂ 2016 ਤੱਕ ਚਾਰ ਸਾਲ ਐੱਸ. ਡੀ. ਐੱਮ. ਦੀ ਦੇਖ-ਰੇਖ ਹੇਠ ਚਲਾਇਆ ਗਿਆ। ਉਸ ਤੋਂ ਬਾਅਦ ਸਰਕਾਰ ਵੱਲੋਂ ਸਕੂਲ ਨੂੰ ਸ਼ਹੀਦ ਊਧਮ ਸਿੰਘ ਵੈੱਲਫੇਅਰ ਸੋਸਾਇਟੀ ਨੂੰ 99 ਸਾਲਾਂ ਲਈ ਲੀਜ਼ 'ਤੇ ਦੇ ਦਿੱਤਾ ਗਿਆ। ਉਸ ਸਮੇਂ ਅਕਾਲੀ ਸਰਕਾਰ ਵੱਲੋਂ ਇਹ ਕਹਿੰਦਿਆਂ ਸਕੂਲ ਨੂੰ ਸੋਸਾਇਟੀ ਹਵਾਲੇ ਕੀਤਾ ਗਿਆ ਸੀ ਕਿ ਸਰਕਾਰ ਕੋਲ ਕੋਈ ਫੰਡ ਨਹੀਂ ਹਨ, ਇਸ ਲਈ ਉਹ ਸਕੂਲ ਨੂੰ ਨਹੀਂ ਚਲਾ ਸਕਦੀ। ਇਨ੍ਹਾਂ ਅੱਠ ਸਾਲਾਂ 'ਚ ਸਰਕਾਰ ਵੱਲੋਂ ਸਕੂਲ ਦੀ ਬਿਲਡਿੰਗ ਤਾਂ ਕੀ ਬਣਾਉਣੀ ਸੀ, ਧਰਮਸ਼ਾਲਾ 'ਚ ਚਲਦੇ ਸਕੂਲ ਲਈ ਕੋਈ ਫੰਡ ਵੀ ਜਾਰੀ ਨਹੀਂ ਕੀਤਾ ਗਿਆ। ਬੱਚੇ ਅੱਜ ਵੀ ਸਕੂਲ 'ਚ ਬੁਨਿਆਉਦੀ ਸਹੂਲਤਾਂ ਨੂੰ ਤਰਸ ਰਹੇ ਹਨ।
ਸਕੂਲ ਦੀ ਬਿਲਡਿੰਗ ਬਣਾਉਣ ਲਈ ਪੰਚਾਇਤ ਨੇ ਦਿੱਤੀ ਜ਼ਮੀਨ
-ਸਰਕਾਰ ਦੁਆਰਾ ਇਸ ਸ਼ਰਤ 'ਤੇ ਸਕੂਲ ਦੀ ਬਿਲਡਿੰਗ ਬਣਾਉਣ ਨੂੰ ਮਨਜ਼ੂਰੀ ਦਿੱਤੀ ਗਈ ਸੀ ਕਿ ਪਹਿਲਾਂ ਪਿੰਡ ਦੀ ਪੰਚਾਇਤ ਵੱਲੋਂ ਸਕੂਲ ਲਈ ਜਗ੍ਹਾ ਦਾਨ 'ਚ ਦਿੱਤੀ ਜਾਵੇ। ਇਸ 'ਤੇ ਪੰਚਾਇਤ ਵੱਲੋਂ ਸਕੂਲ ਲਈ ਸਾਢੇ ਪੰਜ ਕਿੱਲੇ ਜ਼ਮੀਨ ਦਾਨ 'ਚ ਦਿੰਦਿਆਂ ਐਜੂਕੇਸ਼ਨ ਬੋਰਡ ਦੇ ਨਾਂ ਕਰਵਾ ਦਿੱਤੀ। ਉਸ ਸਮੇਂ ਤੋਂ ਜ਼ਮੀਨ ਖਾਲੀ ਪਈ ਹੈ। ਪੰਚਾਇਤ ਨੇ ਦੱਸਿਆ ਕਿ ਜ਼ਮੀਨ ਦਾ ਹਰ ਸਾਲ ਲਗਭਗ ਦੋ ਲੱਖ ਦੇ ਕਰੀਬ ਠੇਕਾ ਬਣਦਾ ਸੀ। ਹੁਣ ਤੱਕ ਪੰਚਾਇਤ ਕੋਲ ਜ਼ਮੀਨ ਦਾ ਠੇਕਾ ਹੀ ਕਈ ਲੱਖ ਬਣ ਜਾਣਾ ਸੀ ਪ੍ਰੰਤੂ ਨਾ ਸਕੂਲ ਬਣਿਆ ਤੇ ਨਾ ਹੀ ਪੰਚਾਇਤ ਵੱਲੋਂ ਜ਼ਮੀਨ ਨੂੰ ਠੇਕੇ 'ਤੇ ਦਿੱਤਾ ਗਿਆ।
ਸਕੂਲ ਦੀ ਬਿਲਡਿੰਗ ਬਣਾਉਣ ਲਈ ਹੋਏ ਟੈਂਡਰ ਵੀ ਕੈਂਸਲ
ਸਰਕਾਰ ਵੱਲੋਂ ਸਕੂਲ ਦੀ ਬਿਲਡਿੰਗ ਬਣਾਉਣ ਲਈ 6 ਕਰੋੜ 60 ਲੱਖ ਰੁਪਏ ਦੇ ਟੈਂਡਰ ਵੀ ਕਰ ਦਿੱਤੇ ਗਏ ਸਨ ਪ੍ਰੰਤੂ ਕਿਸੇ ਵਜ੍ਹਾ ਕਾਰਨ ਉਸ ਤੋਂ ਬਾਅਦ ਟੈਂਡਰਾਂ ਨੂੰ ਕੈਂਸਲ ਕਰ ਦਿੱਤਾ ਗਿਆ। ਪੰਚ ਜਗਸੀਰ ਸਿੰਘ ਨੇ ਇਸ ਸਬੰਧੀ ਹਾਈ ਕੋਰਟ 'ਚ ਕੇਸ ਕੀਤਾ ਹੈ ਕਿ ਟੈਂਡਰ ਕਰਨ ਤੋਂ ਬਾਅਦ ਕੈਂਸਲ ਕਿਸ ਵਜ੍ਹਾ ਕਰ ਕੇ ਕੀਤੇ ਗਏ? ਉਨ੍ਹਾਂ ਇਸ 'ਚ ਐਜੂਕੇਸ਼ਨ ਬੋਰਡ ਤੇ ਸਰਕਾਰ ਨੂੰ ਪਾਰਟੀ ਬਣਾਇਆ ਹੈ। ਡੀ. ਜੀ. ਐੱਸ. ਈ. ਬੋਰਡ ਵੱਲੋਂ 6 ਮਾਰਚ ਨੂੰ ਐਫੀਡੇਵਿਟ ਦਰਜ ਕਰਵਾ ਕੇ ਕਹਿ ਦਿੱਤਾ ਕਿ ਬੋਰਡ ਨੇ ਇਸ ਸਕੂਲ ਨੂੰ ਬੰਦ ਕਰਨ ਦਾ ਫੈਸਲਾ ਕੀਤਾ ਹੈ।
ਪੰਚਾਇਤ ਸੋਸਾਇਟੀ ਦੇ ਵਿਰੁੱਧ
ਸਰਕਾਰ ਵੱਲੋਂ ਜਿਸ ਸਮੇਂ ਤੋਂ ਕਾਗਜ਼-ਪੱਤਰ ਸਕੂਲ ਨੂੰ ਸ਼ਹੀਦ ਊਧਮ ਸਿੰਘ ਵੈੱਲਫੇਅਰ ਸੋਸਾਇਟੀ ਨੂੰ ਦਿੱਤਾ ਗਿਆ ਹੈ, ਉਸ ਸਮੇਂ ਤੋਂ ਪੰਚਾਇਤ ਵੱਲੋਂ ਸੋਸਾਇਟੀ ਦੇ ਵਰਕਰਾਂ ਨੂੰ ਧਰਮਸ਼ਾਲਾ ਅੰਦਰ ਦਾਖਲ ਨਹੀਂ ਹੋਣ ਦਿੱਤਾ ਗਿਆ। ਪੰਚਾਇਤ ਦਾ ਤਰਕ ਹੈ ਕਿ ਸੋਸਾਇਟੀ ਦਾ ਚਾਲ-ਚੱਲਣ ਮਾੜਾ ਹੈ। ਸੋਸਾਇਟੀ ਦੇ ਚੇਅਰਮੈਨ ਰਾਓਵਿੰਦਰ ਸਿੰਘ ਉੱਪਰ ਅਪਰਾਧਿਕ ਮਾਮਲਾ ਦਰਜ ਹੈ। ਉਨ੍ਹਾਂ ਦੱਸਿਆ ਕਿ ਸੋਸਾਇਟੀ ਵੱਲੋਂ ਸਕੂਲ ਦੀ ਬਿਲਡਿੰਗ ਬਣਾਉਣ ਲਈ 30 ਫੀਸਦੀ ਯੋਗਦਾਨ ਪਾਉਣਾ ਸੀ ਜੋ ਕਿ ਉਨ੍ਹਾਂ ਵੱਲੋਂ ਆਪਣਾ ਬਣਦਾ ਹਿੱਸਾ ਹਾਲੇ ਤੱਕ ਨਹੀਂ ਦਿੱਤਾ ਗਿਆ। ਪੰਚ ਜਗਸੀਰ ਸਿੰਘ ਨੇ ਦੱਸਿਆ ਕਿ ਪੰਚਾਇਤ ਵੱਲੋਂ ਸੋਸਾਇਟੀ ਦੇ ਵਰਕਰਾਂ ਨੂੰ ਸਕੂਲ ਅੰਦਰ ਦਾਖਲ ਨਹੀਂ ਹੋਣ ਦਿੱਤਾ ਜਾਵੇਗਾ। ਸੋਸਾਇਟੀ ਬਦਲਣ ਲਈ ਉਨ੍ਹਾਂ ਵੱਲੋਂ ਸਿੱਖਿਆ ਮੰਤਰੀ ਅਰੁਣਾ ਚੌਧਰੀ ਕੋਲ ਸ਼ਿਕਾਇਤ ਕਰ ਕੇ ਇਹ ਕਿਹਾ ਗਿਆ ਹੈ ਕਿ ਜਾਂ ਤਾਂ ਸਰਕਾਰ ਸੋਸਾਇਟੀ ਬਦਲ ਦੇਵੇ ਜਾਂ ਫਿਰ ਸਕੂਲ ਨੂੰ ਉਹ ਖੁਦ ਚਲਾਉਣ।
ਕੀ ਕਹਿੰਦੇ ਨੇ ਸੋਸਾਇਟੀ ਦੇ ਡਾਇਰੈਕਟਰ ਆਫ਼ ਸਕੂਲਜ਼ ਮਹਿੰਦਰ ਕੌਰ
ਜਦ ਇਸ ਸਬੰਧੀ ਸ਼ਹੀਦ ਊਧਮ ਸਿੰਘ ਵੈੱਲਫੇਅਰ ਸੋਸਾਇਟੀ ਦੇ ਡਾਇਰੈਕਟਰ ਆਫ਼ ਸਕੂਲਜ਼ ਮਹਿੰਦਰ ਕੌਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਉਨ੍ਹਾਂ ਵੱਲੋਂ ਪੰਚਾਇਤ ਨਾਲ ਕੋਈ ਰੌਲਾ ਨਹੀਂ ਹੈ। ਉਨ੍ਹਾਂ ਦੀ ਸੋਸਾਇਟੀ ਵੱਲੋਂ ਬੱਚਿਆਂ ਤੋਂ ਕੋਈ ਫੰਡ ਨਹੀਂ ਲਿਆ ਗਿਆ ਬਲਕਿ ਕਿਤਾਬਾਂ-ਕਾਪੀਆਂ ਮੁਫ਼ਤ ਦੇ ਕੇ ਬੱਚਿਆਂ ਨੂੰ ਪੜ੍ਹਾਈ ਕਰਵਾਈ ਜਾ ਰਹੀ ਹੈ। ਜਦ ਉਨ੍ਹਾਂ ਤੋਂ ਸੋਸਾਇਟੀ ਦੇ ਚੇਅਰਮੈਨ ਉੱਪਰ ਮਾਮਲਾ ਦਰਜ ਹੋਣ ਦੀ ਗੱਲ ਪੁੱਛੀ ਤਾਂ ਉਨ੍ਹਾਂ ਕਿਹਾ ਕਿ ਚੇਅਰਮੈਨ ਉੱਪਰ ਕਿਸੇ ਵੀ ਤਰ੍ਹਾਂ ਦਾ ਕੋਈ ਮਾਮਲਾ ਦਰਜ ਨਹੀਂ ਹੈ। ਕੋਈ ਵਿਅਕਤੀ ਕਦੋਂ ਵੀ ਜਾਂਚ ਕਰ ਸਕਦਾ ਹੈ। ਉਨ੍ਹਾਂ ਦੀ ਸੁਸਾਇਟੀ ਪਹਿਲਾਂ ਵੀ ਸੱਤ ਅਜਿਹੇ ਸਕੂਲ ਚਲਾ ਰਹੀ ਹੈ। ਉਨ੍ਹਾਂ ਕਿਹਾ ਕਿ ਸਕੂਲ ਦੀ ਪੂਰੀ ਦੀ ਪੂਰੀ ਬਿਲਡਿੰਗ ਸਰਕਾਰ ਵੱਲੋਂ ਬਣਾ ਕੇ ਸੋਸਾਇਟੀ ਹਵਾਲੇ ਕਰਨੀ ਹੁੰਦੀ ਹੈ, ਜਦਕਿ ਸੋਸਾਇਟੀ ਸਕੂਲ ਚਲਾਉਣ ਲਈ ਪੂਰੀ ਤਰ੍ਹਾਂ ਤਿਆਰ ਹੈ।
ਇਟਲੀ ਭੇਜਣ ਦੇ ਨਾਂ 'ਤੇ 12 ਲੱਖ ਦੀ ਠੱਗੀ
NEXT STORY