ਫਿਰੋਜ਼ਪੁਰ (ਪਰਮਜੀਤ ਸੋਢੀ) : ਰੇਲ ਯਾਤਰੀਆਂ ਦੇ ਸਫ਼ਰ ਨੂੰ ਸੁਖਾਲਾ ਅਤੇ ਆਰਾਮਦਾਇਕ ਬਣਾਉਣ ਲਈ ਰੇਲਵੇ ਵਿਭਾਗ ਵੱਲੋਂ ਗਰਮੀ ਦੇ ਮੌਸਮ (ਸਮਰ ਸੀਜ਼ਨ) ਦੌਰਾਨ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ। ਮੁਸਾਫ਼ਰਾਂ ਦੀ ਸਹੂਲਤ ਅਤੇ ਰੇਲਗੱਡੀਆਂ 'ਚ ਵੱਧਦੀ ਭੀੜ ਨੂੰ ਮੁੱਖ ਰੱਖਦਿਆਂ ਪ੍ਰਸ਼ਾਸਨ ਨੇ ਵੱਖ-ਵੱਖ ਰੂਟਾਂ ’ਤੇ ਚੱਲਣ ਵਾਲੀਆਂ ਟਰੇਨਾਂ 'ਚ ਵਾਧੂ ਕੋਚ ਜੋੜਨ ਦਾ ਅਹਿਮ ਫ਼ੈਸਲਾ ਲਿਆ ਹੈ ਤਾਂ ਜੋ ਆਮ ਜਨਤਾ ਨੂੰ ਰਾਹਤ ਮਿਲ ਸਕੇ। ਇਸੇ ਯੋਜਨਾ ਤਹਿਤ ਫਿਰੋਜ਼ਪੁਰ ਰੇਲਵੇ ਮੰਡਲ ਵੱਲੋਂ ਯਾਤਰੀਆਂ ਦੀ ਸਹੂਲਤ ਨੂੰ ਮੁੱਖ ਰੱਖਦਿਆਂ ਇਕ ਵਿਸ਼ੇਸ਼ ਕਦਮ ਚੁੱਕਿਆ ਗਿਆ ਹੈ।
ਰੇਲਵੇ ਅਧਿਕਾਰੀ ਨੇ ਦੱਸਿਆ ਕਿ ਗੱਡੀ ਨੰਬਰ 20498 ਫਿਰੋਜ਼ਪੁਰ ਕੈਂਟ–ਰਾਮੇਸ਼ਵਰਮ ਹਮਸਫ਼ਰ ਐਕਸਪ੍ਰੈਸ ਵਿਚ 13 ਜੂਨ 2026 ਨੂੰ ਵਾਤਾਨੁਕੂਲਿਤ 3 ਟਾਇਰ ਦਾ ਇਕ ਵਾਧੂ ਕੋਚ ਲਗਾਇਆ ਜਾਵੇਗਾ। ਫਿਰੋਜ਼ਪੁਰ ਮੰਡਲ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹ ਯਾਤਰੀਆਂ ਨੂੰ ਬਿਹਤਰ ਸੇਵਾਵਾਂ ਅਤੇ ਸੁਰੱਖਿਅਤ ਸਫ਼ਰ ਪ੍ਰਦਾਨ ਕਰਨ ਲਈ ਲਗਾਤਾਰ ਯਤਨਸ਼ੀਲ ਹਨ। ਇਸ ਵਾਧੂ ਕੋਚ ਦੇ ਲੱਗਣ ਨਾਲ ਟਰੇਨ ਦੀ ਯਾਤਰੀ ਸਮਰੱਥਾ ਵਧੇਗੀ, ਜਿਸ ਨਾਲ ਸੀਟਾਂ ਦੀ ਮਾਰੋਮਾਰੀ ਘਟੇਗੀ ਅਤੇ ਲੰਬੀ ਦੂਰੀ ਦਾ ਸਫ਼ਰ ਕਰਨ ਵਾਲੇ ਮੁਸਾਫ਼ਰਾਂ ਨੂੰ ਵੇਟਿੰਗ ਲਿਸਟ ਤੋਂ ਵੱਡੀ ਰਾਹਤ ਮਿਲੇਗੀ।
ਰੇਲਵੇ ਪ੍ਰਸ਼ਾਸਨ ਨੇ ਮੁਸਾਫ਼ਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੀ ਯਾਤਰਾ ਦੀ ਯੋਜਨਾ ਬਣਾਉਣ ਤੋਂ ਪਹਿਲਾਂ ਰੇਲਵੇ ਦੀ ਅਧਿਕਾਰਤ ਹੈਲਪਲਾਈਨ ਨੰਬਰ 139 (ਰੇਲ ਮਦਦ) ’ਤੇ ਸੰਪਰਕ ਕਰਨ। ਇਸ ਤੋਂ ਇਲਾਵਾ ਯਾਤਰੀ ਨੈਸ਼ਨਲ ਟਰੇਨ ਇੰਕੁਆਇਰੀ ਸਿਸਟਮ ਰਾਹੀਂ ਵੀ ਟਰੇਨਾਂ ਦੀ ਮੌਜੂਦਾ ਸਥਿਤੀ ਅਤੇ ਕੋਚਾਂ ਦੀ ਉਪਲਬੱਧਤਾ ਬਾਰੇ ਤਾਜ਼ਾ ਜਾਣਕਾਰੀ ਹਾਸਲ ਕਰ ਸਕਦੇ ਹਨ, ਤਾਂ ਜੋ ਸਫ਼ਰ ਦੌਰਾਨ ਕਿਸੇ ਵੀ ਤਰ੍ਹਾਂ ਦੀ ਪਰੇਸ਼ਾਨੀ ਤੋਂ ਬਚਿਆ ਜਾ ਸਕੇ।
2027 ਲਈ ਕਾਂਗਰਸ ਦਾ ‘ਮਾਸਟਰ ਪਲਾਨ’ ਤਿਆਰ? ਇਨ੍ਹਾਂ ਆਗੂਆਂ ਨੂੰ ਮਿਲ ਸਕਦੀ ਹੈ ਅਹਿਮ ਜ਼ਿੰਮੇਵਾਰੀ
NEXT STORY