ਲੁਧਿਆਣਾ (ਵਿੱਕੀ) : ਸਿੱਖਿਆ ਵਿਭਾਗ ਦੇ ਵਾਰ-ਵਾਰ ਕਹਿਣ ਦੇ ਬਾਵਜੂਦ ਵਿਦਿਆਰਥੀਆਂ ਦਾ ਆਧਾਰ ਕਾਰਡ ਈ-ਪੰਜਾਬ ਵੈੱਬ ਪੋਰਟਲ 'ਤੇ ਦਰਜ ਨਾ ਕਰਨ ਵਾਲੇ ਸਕੂਲਾਂ 'ਤੇ ਵਿਭਾਗ ਦੇ ਸਕੱਤਰ ਹੁਣ ਸਖਤੀ ਵਰਤਣ ਦੇ ਮੂਡ ਵਿਚ ਹਨ। ਇਹੀ ਵਜ੍ਹਾ ਹੈ ਕਿ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਨੇ ਇਕ ਪੱਤਰ ਜਾਰੀ ਕਰ ਕੇ ਸਮੂਹ ਸਕੂਲਾਂ ਨੂੰ ਚਿਤਾਵਨੀ ਦਿੱਤੀ ਹੈ ਕਿ ਜੇਕਰ 20 ਜਨਵਰੀ ਤੱਕ ਵਿਦਿਆਰਥੀਆਂ ਦਾ ਆਧਾਰ ਕਾਰਡ ਨੰਬਰ ਪੋਰਟਲ 'ਤੇ ਦਰਜ ਨਾ ਹੋਇਆ ਤਾਂ ਸਕੂਲਾਂ ਦੇ ਨਾਂ ਉਨ੍ਹਾਂ ਦੇ ਸਬੰਧਤ ਬੋਰਡ ਨੂੰ ਮਾਨਤਾ ਰੱਦ ਕਰਨ ਦੀ ਸਿਫਾਰਿਸ਼ ਦੇ ਨਾਲ ਭੇਜ ਦਿੱਤੇ ਜਾਣਗੇ।
ਦੱਸ ਦੇਈਏ ਕਿ ਪਿਛਲੇ ਕਰੀਬ 2 ਸਾਲਾਂ ਤੋਂ ਵਿਭਾਗੀ ਅਧਿਕਾਰੀ ਵੱਖ-ਵੱਖ ਸੈਮੀਨਾਰਾਂ ਅਤੇ ਨੋਟਿਸਾਂ ਰਾਹੀਂ ਸਕੂਲਾਂ ਨੂੰ ਪੂਰੇ ਵਿਦਿਆਰਥੀਆਂ ਦਾ ਆਧਾਰ ਕਾਰਡ ਨੰਬਰ ਈ-ਪੰਜਾਬ ਵੈੱਬ ਪੋਰਟਲ 'ਤੇ ਦਰਜ ਕਰਨ ਦੇ ਲਈ ਕਹਿ ਰਹੇ ਹਨ ਪਰ ਸਕੂਲ ਇਸ ਪ੍ਰਕਿਰਿਆ ਨੂੰ ਮੁਕੰਮਲ ਕਰਨ ਵਿਚ ਪੂਰੀ ਤਰ੍ਹਾਂ ਲਾਪ੍ਰਵਾਹੀ ਵਰਤ ਰਹੇ ਹਨ।
ਕਿਉਂ ਜ਼ਰੂਰੀ ਹੈ ਆਧਾਰ ਕਾਰਡ ਨੰਬਰ ਦੇਣਾ
ਸਿੱਖਿਆ ਸਕੱਤਰ ਨੇ ਸਮੂਹ ਸਕੂਲਾਂ ਨੂੰ ਜਾਰੀ ਪੱਤਰ ਵਿਚ ਸਾਫ ਕੀਤਾ ਹੈ ਕਿ ਸਰਕਾਰ ਵਲੋਂ ਚਲਾਈਆਂ ਜਾਣ ਵਾਲੀਆਂ ਵੱਖ-ਵੱਖ ਸਕੀਮਾਂ ਵਿਚ ਆਧਾਰ ਕਾਰਡ ਜ਼ਰੂਰੀ ਹੋ ਗਿਆ ਹੈ। ਅਜਿਹੇ ਵਿਚ ਵਿਦਿਆਰਥੀ ਦਾ ਆਧਾਰ ਕਾਰਡ ਨਾ ਹੋਣ ਕਾਰਨ ਉਸ ਨੂੰ ਕਈ ਸਹੂਲਤਾਂ ਮਿਲਣ ਵਿਚ ਮੁਸ਼ਕਲ ਆ ਸਕਦੀ ਹੈ। ਇਸ ਲਈ ਸਕੂਲਾਂ ਨੂੰ ਵਿਦਿਆਰਥੀਆਂ ਦਾ ਆਧਾਰ ਕਾਰਡ ਨੰਬਰ ਜਲਦ ਹੀ ਸਿੱਖਿਆ ਵਿਭਾਗ ਦੇ ਈ-ਪੰਜਾਬ ਵੈੱਬ ਪੋਰਟਲ 'ਤੇ ਦਰਜ ਕਰਨਾ ਹੋਵੇਗਾ।
ਸਕੂਲਾਂ ਨੇ ਨਰਸਰੀ ਕਲਾਸ 'ਚ ਦਾਖਲੇ ਲਈ ਲਏ ਹਨ ਆਧਾਰ ਕਾਰਡ
ਜ਼ਿਕਰਯੋਗ ਹੈ ਕਿ ਲੁਧਿਆਣਾ ਦੇ ਹੀ ਕਈ ਸਕੂਲਾਂ ਨੇ ਨਰਸਰੀ ਤੋਂ ਲੈ ਕੇ ਹੋਰਨਾਂ ਸਾਰੀਆਂ ਕਲਾਸਾਂ 'ਚ ਵਿਦਿਆਰਥੀਆਂ ਦੇ ਦਾਖਲੇ ਸਮੇਂ ਆਧਾਰ ਕਾਰਡ ਜ਼ਰੂਰੀ ਕਰ ਦਿੱਤਾ ਹੈ ਪਰ ਹੈਰਾਨੀ ਦੀ ਗੱਲ ਹੈ ਕਿ ਪੇਰੈਂਟਸ ਵਲੋਂ ਆਧਾਰ ਕਾਰਡ ਸਕੂਲਾਂ 'ਚ ਜਮ੍ਹਾ ਕਰਵਾਉਣ ਦੇ ਬਾਵਜੂਦ ਸਕੂਲਾਂ ਵਲੋਂ ਇਸ ਨੂੰ ਈ-ਪੰਜਾਬ 'ਤੇ ਦਰਜ ਕਰਨ ਵਿਚ ਪੂਰੀ ਤਰ੍ਹਾਂ ਗੰਭੀਰਤਾ ਨਹੀਂ ਦਿਖਾਈ ਜਾ ਰਹੀ। ਇਹੀ ਵਜ੍ਹਾ ਹੈ ਕਿ ਪੋਰਟਲ 'ਤੇ ਵਾਰ-ਵਾਰ ਆਧਾਰ ਕਾਰਡ ਪੈਂਡਿੰਗ ਦਿਖਾਈ ਦੇ ਰਹੇ ਹਨ।
ਚਾਲੂ ਭੱਠੀਆਂ ਅਤੇ ਹਜ਼ਾਰਾਂ ਲੀਟਰ ਲਾਹਣ ਬਰਾਮਦ
NEXT STORY