ਚੰਡੀਗੜ੍ਹ (ਮਨਪ੍ਰੀਤ) : ਚੰਡੀਗੜ੍ਹ ਦੇ ਸਭ ਤੋਂ ਵੱਡੇ ਸ਼ਾਪਿੰਗ ਮਾਲ ਏਲਾਂਤੇ ’ਤੇ ਐਤਵਾਰ ਸਵੇਰੇ ਚੰਡੀਗੜ੍ਹ ਪ੍ਰਸ਼ਾਸਨ ਨੇ ਵੱਡੀ ਕਾਰਵਾਈ ਕਰਦਿਆਂ ਮਾਲ ਵਿਖੇ ਕੀਤੇ ਗ਼ੈਰ-ਕਾਨੂੰਨੀ ਨਿਰਮਾਣ ’ਤੇ ਬੁਲਡੋਜ਼ਰ ਚਲਾਇਆ। ਇੰਡਸਟਰੀਅਲ ਏਰੀਆ ਫੇਜ਼-1 ਵਿਖੇ ਸਥਿਤ ਮਾਲ ’ਚ ਕੁੱਲ 35,040 ਵਰਗ ਫੁੱਟ ਖੇਤਰ ’ਚ ਬਿਲਡਿੰਗ ਨਿਯਮਾਂ ਦੀ ਉਲੰਘਣਾ ਤੇ ਪ੍ਰਵਾਨਿਤ ਇਮਾਰਤ ਯੋਜਨਾ ਦੀ ਪਾਲਣਾ ਨੂੰ ਬਹਾਲ ਕਰਨ ਲਈ ਇਹ ਕਾਰਵਾਈ ਕੀਤੀ ਗਈ।
ਜਾਣਕਾਰੀ ਅਨੁਸਾਰ ਪ੍ਰਸ਼ਾਸਨ ਵੱਲੋਂ 8 ਅਗਸਤ ਨੂੰ ਮਾਲ ਦਾ ਨਿਰੀਖਣ ਕੀਤਾ ਗਿਆ ਸੀ, ਜਿਸ ਦੌਰਾਨ ਬਿਨਾਂ ਮਨਜ਼ੂਰੀ ਦੇ ਕਈ ਗੰਭੀਰ ਉਲੰਘਣਾਵਾਂ ਸਾਹਮਣੇ ਆਈਆਂ। ਇਸ ਤੋਂ ਬਾਅਦ ਸ਼ਾਪਿੰਗ ਮਾਲ ਪ੍ਰਬੰਧਨ (ਮੈਸਰਜ਼ ਸੀਐਸਜੇ ਇਨਫ਼੍ਰਾਸਟ੍ਰਕਚਰ ਪ੍ਰਾਈਵੇਟ ਲਿਮਟਿਡ) ਨੂੰ ਅਸਟੇਟ ਦਫ਼ਤਰ ਨੇ ਸ਼ੋਕਾਜ਼ ਨੋਟਿਸ ਜਾਰੀ ਕੀਤਾ ਗਿਆ। ਇਸ ਤੋਂ ਬਾਅਦ ਸ਼ਾਪਿੰਗ ਮਾਲ ਸੁਣਵਾਈ ਦਾ ਪੂਰਾ ਮੌਕਾ ਦਿੱਤਾ ਗਿਆ। ਪਰ ਦੋ ਮਹੀਨੇ ਬਾਅਦ ਵੀ ਸਥਿਤੀ ’ਚ ਕੋਈ ਸੁਧਾਰ ਨਾ ਹੋਣ ’ਤੇ ਐੱਸ.ਡੀ.ਐੱਮ. (ਪੂਰਬ) ਖੁਸ਼ਪ੍ਰੀਤ ਕੌਰ ਨੇ ਸ਼ਨੀਵਾਰ ਨੂੰ ਇੱਥੇ ਕੀਤੀਆਂ ਗ਼ੈਰ ਕਾਨੂੰਨੀ ਉਸਾਰੀਆਂ ਨੂੰ ਢਾਹੁਣ ਦੇ ਹੁਕਮ ਜਾਰੀ ਕੀਤੇ।
ਭਾਜਪਾ ਨੇਤਾ ਨੇ ਕਾਰਵਾਈ ਨੂੰ ਦੱਸਿਆ ਗਲਤ
ਹਾਲਾਂਕਿ, ਰੀਅਲ ਐਸਟੇਟ ਕਾਰੋਬਾਰੀ ਤੇ ਭਾਜਪਾ ਨੇਤਾ ਸੁਭਾਸ਼ ਸ਼ਰਮਾ ਨੇ ਇਸ ਕਾਰਵਾਈ ਨੂੰ ਗਲਤ ਅਤੇ ਇੱਕਤਰਫ਼ਾ ਦੱਸਦਿਆਂ ਗੰਭੀਰ ਇਤਰਾਜ਼ ਜਤਾਇਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਨੇ ਬਿਨਾਂ ਸਹੀ ਜਾਂਚ ਤੇ ਪੱਖ ਸੁਣੇ ਕਾਰਵਾਈ ਕਰ ਦਿੱਤੀ, ਜਿਸ ਨਾਲ ਕਈ ਜਾਇਜ਼ ਢਾਂਚਿਆਂ ਨੂੰ ਨੁਕਸਾਨ ਪਹੁੰਚਿਆ ਹੈ। ਸ਼ਰਮਾ ਨੇ ਦਾਅਵਾ ਕੀਤਾ ਕਿ ਜਿਨ੍ਹਾਂ ਹਿੱਸਿਆਂ ’ਤੇ ਬੁਲਡੋਜ਼ਰ ਚਲਾਇਆ ਗਿਆ, ਉੱਥੇ ਕੋਈ ਗ਼ੈਰ-ਕਾਨੂੰਨੀ ਨਿਰਮਾਣ ਨਹੀਂ ਸੀ, ਸਗੋਂ ਲੈਂਡਸਕੇਪਿੰਗ ਰਾਹੀਂ ਖੂਬਸੂਰਤ ਬਣਾਇਆ ਗਿਆ ਸੀ। ਉਨ੍ਹਾਂ ਮੰਗ ਕੀਤੀ ਹੈ ਕਿ ਪ੍ਰਸ਼ਾਸਨ ਪੂਰੇ ਮਾਮਲੇ ਦੀ ਨਿਰਪੱਖ ਜਾਂਚ ਕਰਵਾਏ ਤੇ ਜਿਨ੍ਹਾਂ ਢਾਂਚਿਆਂ ਨੂੰ ਨੁਕਸਾਨ ਪਹੁੰਚਿਆ ਹੈ, ਉਨ੍ਹਾਂ ਦਾ ਸਰਵੇ ਕਰਵਾ ਕੇ ਅਸਲ ਸਥਿਤੀ ਸਪੱਸ਼ਟ ਕੀਤੀ ਜਾਵੇ। ਸ਼ਰਮਾ ਨੇ ਕਿਹਾ ਕਿ ਉਹ ਇਸ ਮਾਮਲੇ ’ਚ ਕਾਨੂੰਨੀ ਸਲਾਹ ਵੀ ਲੈ ਰਹੇ ਹਨ ਤੇ ਲੋੜ ਪੈਣ ’ਤੇ ਉੱਚ ਪੱਧਰ ’ਤੇ ਮਾਮਲਾ ਉਠਾਇਆ ਜਾਵੇਗਾ। ਚੰਡੀਗੜ੍ਹ ਪ੍ਰਸ਼ਾਸਨ ਨੇ ਦੁਹਰਾਇਆ ਕਿ ਉਹ ਸ਼ਹਿਰ ਦੇ ਯੋਜਨਾਬੱਧ ਵਿਕਾਸ ਨੂੰ ਬਰਕਰਾਰ ਰੱਖਣ ਲਈ ਵਚਨਬੱਧ ਹੈ ਅਤੇ ਯੂਨੀਅਨ ਟੈਰੀਟਰੀ ’ਚ ਕਿਸੇ ਵੀ ਗੈਰ-ਕਾਨੂੰਨੀ ਨਿਰਮਾਣ ਜਾਂ ਸਾਈਟਾਂ ਦੀ ਦੁਰਵਰਤੋਂ ਦੇ ਖਿਲਾਫ਼ ਢਾਹੁਣ ਸਮੇਤ ਸਖ਼ਤ ਕਾਰਵਾਈ ਜਾਰੀ ਰਹੇਗੀ। ਕਾਰਵਾਈ ਦੌਰਾਨ ਵੱਡੀ ਗਿਣਤੀ ’ਚ ਪੁਲਸ ਬਲ ਵੀ ਮੌਕੇ ’ਤੇ ਤਾਇਨਾਤ ਸੀ।
ਪੰਜਾਬ ਸਰਕਾਰ ਦਾ ਵੱਡਾ ਫ਼ੈਸਲਾ, ਸੂਬੇ ਦੇ ਸਾਰੇ ਜ਼ਿਲ੍ਹਿਆਂ ਵਿਚ 20 ਨਵੰਬਰ ਤੱਕ...
NEXT STORY