ਚੰਡੀਗੜ੍ਹ (ਸ਼ਰਮਾ) : ਦੇਸ਼ ਵਿਚ ਲੋਕਤੰਤਰਿਕ ਸੁਧਾਰਾਂ ’ਤੇ ਵੱਡੇ ਪੱਧਰ ’ਤੇ ਕੰਮ ਕਰਨ ਵਾਲੀ ਸੰਸਥਾ ਏ. ਡੀ. ਆਰ. (ਐਸੋਸ਼ੀਏਸ਼ਨ ਫਾਰ ਡੈਮੋਕ੍ਰੇਟਿਕ ਰਿਫਾਰਮਜ਼) ਅਤੇ ਪੰਜਾਬ ਇਲੈਕਸ਼ਨ ਵਾਚ ਨੇ 2017 ਤੋਂ 2022 ਤਕ ਰਹੇ ਵਿਧਾਇਕਾਂ ਦੇ ਅਪਰਾਧਿਕ, ਵਿੱਤੀ ਅਤੇ ਵਿੱਦਿਅਕ ਪਿਛੋਕੜ ਬਾਰੇ ਵਿਸਥਾਰਤ ਰਿਪੋਰਟ ਜਾਰੀ ਕਰਦਿਆਂ ਪੰਜਾਬੀਆਂ ਨੂੰ ਰਾਜਸੀ ਪਾਰਟੀਆਂ, ਨੇਤਾਵਾਂ ਅਤੇ ਉਮੀਦਵਾਰਾਂ ਬਾਰੇ ਵੱਧ ਤੋਂ ਵੱਧ ਜਾਣਕਾਰੀ ਹਾਸਲ ਕਰਨ ਦਾ ਸੱਦਾ ਦਿੱਤਾ ਹੈ। ਰਿਪੋਰਟ ਜਾਰੀ ਕਰਦਿਆਂ ਏ. ਡੀ. ਆਰ. ਤੇ ਪੰਜਾਬ ਇਲੈਕਸ਼ਨ ਵਾਚ ਦੇ ਜਸਕੀਰਤ ਸਿੰਘ ਅਤੇ ਪਰਵਿੰਦਰ ਸਿੰਘ ਕਿੱਤਣਾ ਨੇ ਦੱਸਿਆ ਕਿ ਮੌਜੂਦਾ ਵਿਧਾਨ ਸਭਾ ਵਿਚ 117 ’ਚੋਂ 113 ਵਿਧਾਇਕਾਂ ਦੇ ਅਪਰਾਧਿਕ, ਵਿੱਤੀ ਅਤੇ ਹੋਰ ਪਿਛੋਕੜ ਬਾਰੇ ਵਿਸ਼ਲੇਸ਼ਣ ਕੀਤਾ ਗਿਆ ਕਿਉਂਕਿ ਇਸ ਸਮੇਂ ਚਾਰ ਸੀਟਾਂ ਖਾਲੀ ਹਨ। ਮੌਜੂਦਾ ਵਿਧਾਨ ਸਭਾ ’ਚ ਹੁਣ ਤਕ 6 ਵਿਧਾਇਕਾਂ ਨੇ ਆਪਣੀਆਂ ਪਾਰਟੀਆਂ ਬਦਲੀਆਂ, ਜਿਨ੍ਹਾਂ ਵਿਚ ਜਗਤਾਰ ਸਿੰਘ (ਰਾਏਕੋਟ), ਰੁਪਿੰਦਰ ਕੌਰ ਰੂਬੀ (ਬਠਿੰਡਾ ਦਿਹਾਤੀ), ਨਾਜ਼ਰ ਸਿੰਘ ਮਾਨਸ਼ਾਹੀਆ (ਮਾਨਸਾ), ਗੁਰਮੀਤ ਸਿੰਘ ਸੋਢੀ (ਗੁਰੂ ਹਰਸਹਾਏ), ਪਰਮਿੰਦਰ ਸਿੰਘ ਢੀਂਡਸਾ (ਲਹਿਰਾ) ਅਤੇ ਕੈਪਟਨ ਅਮਰਿੰਦਰ ਸਿੰਘ (ਪਟਿਆਲਾ) ਸ਼ਾਮਲ ਸਨ। ਇਸ ਵਿਧਾਨ ਸਭਾ ਦੇ 16 ਵਿਧਾਇਕਾਂ (14%) ਨੇ ਆਪਣੇ ਖਿਲਾਫ਼ ਅਪਰਾਧਿਕ ਮਾਮਲੇ ਦੱਸੇ, ਜਿਨ੍ਹਾਂ ਵਿਚੋਂ 12 (11%) ’ਤੇ ‘ਗੰਭੀਰ ਮਾਮਲੇ’ ਸਨ। ਇਕ ਵਿਧਾਇਕ ਨੇ ਕਤਲ ਦਾ ਮੁਕੱਦਮਾ, ਦੋ ਨੇ ਕਤਲ ਕਰਨ ਦੀ ਕੋਸ਼ਿਸ਼ ਦੇ ਮੁਕੱਦਮੇ ਅਤੇ ਇਕ ਨੇ ਔਰਤਾਂ ਖਿਲਾਫ਼ ਜ਼ੁਰਮ ਨਾਲ ਸਬੰਧਤ ਮਾਮਲੇ ਘੋਸ਼ਿਤ ਕੀਤੇ। ਪਾਰਟੀ ਪੱਧਰ ’ਤੇ ਗੱਲ ਕਰੀਏ ਤਾਂ ਇੰਡੀਅਨ ਨੈਸ਼ਨਲ ਕਾਂਗਰਸ ਦੇ 81 ਵਿਧਾਇਕਾਂ ’ਚੋਂ 8 (10%), ਆਮ ਆਦਮੀ ਪਾਰਟੀ ਦੇ 12 ਵਿਧਾਇਕਾਂ ’ਚੋਂ 3 (25%), ਸ਼੍ਰੋਮਣੀ ਅਕਾਲੀ ਦਲ ਦੇ 13 ’ਚੋਂ 2 (15%), ਪੰਜਾਬ ਲੋਕ ਕਾਂਗਰਸ ਦੇ 1 ’ਚੋਂ 1 (100%) ਅਤੇ ਲੋਕ ਇਨਸਾਫ਼ ਪਾਰਟੀ ਦੇ 2 ’ਚੋਂ 2 (100%) ਵਿਧਾਇਕਾਂ ਨੇ ਆਪਣੇ ਖਿਲਾਫ਼ ਅਪਰਾਧਕ ਮਾਮਲੇ ਦੱਸੇ। ਇਸੇ ਤਰ੍ਹਾਂ ਗੰਭੀਰ ਅਪਰਾਧਕ ਮਾਮਲਿਆਂ ਦੀ ਗੱਲ ਕਰੀਏ ਤਾਂ ਆਪਣੇ ਹਲਫ਼ੀਆ ਬਿਆਨਾਂ ਵਿਚ ਇੰਡੀਅਨ ਨੈਸ਼ਨਲ ਕਾਂਗਰਸ ਦੇ 6 (7%), ਆਮ ਆਦਮੀ ਪਾਰਟੀ ਦੇ 1 (8%), ਸ਼੍ਰੋਮਣੀ ਅਕਾਲੀ ਦਲ ਦੇ 2 (15%), ਪੰਜਾਬ ਲੋਕ ਕਾਂਗਰਸ ਦੇ 1 (100%) ਅਤੇ ਲੋਕ ਇਨਸਾਫ ਪਾਰਟੀ ਦੇ 2 (100%) ਨੇ ਆਪਣੇ ਖਿਲਾਫ ਗੰਭੀਰ ਅਪਰਾਧਕ ਮਾਮਲੇ ਦੱਸੇ।
ਇਹ ਵੀ ਪੜ੍ਹੋ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ 12 ਨੁਕਾਤੀ ਮੁੱਦਿਆਂ ’ਤੇ ਹੋਈ ਗੱਲਬਾਤ - ਸੁਖਦੇਵ ਸਿੰਘ ਢੀਂਡਸਾ
ਵਿਧਾਇਕਾਂ ਦਾ ਵਿੱਤੀ ਪੱਖ ਦੇਖੀਏ ਤਾਂ ਇਨ੍ਹਾਂ ਵਿਚ 92 (81%) ਕਰੋੜਪਤੀ ਸਨ। ਇੰਡੀਅਨ ਨੈਸ਼ਨਲ ਕਾਂਗਰਸ ਦੇ 69 (85%), ਸ਼੍ਰੋਮਣੀ ਅਕਾਲੀ ਦਲ ਦੇ 13 (100%), ਆਮ ਆਦਮੀ ਪਾਰਟੀ ਦੇ 3 (25%), ਭਾਰਤੀ ਜਨਤਾ ਪਾਰਟੀ ਦੇ 3 (100%) ਅਤੇ ਲੋਕ ਇਨਸਾਫ਼ ਪਾਰਟੀ ਦੇ 2 (100%) ਵਿਧਾਇਕਾਂ ਨੇ ਆਪਣੇ ਅਸਾਸਿਆਂ ਦੀ ਕੀਮਤ 1 ਕਰੋੜ ਤੋਂ ਉਪਰ ਦੱਸੀ। ਔਸਤਨ ਹਰ ਵਿਧਾਇਕ ਕੋਲ 13.34 ਕਰੋੜ ਦੇ ਅਸਾਸੇ ਸਨ। ਪਾਰਟੀ ਪੱਧਰ ’ਤੇ ਦੇਖੀਏ ਤਾਂ ਕਾਂਗਰਸ ਦੇ ਵਿਧਾਇਕਾਂ ਦੇ ਔਸਤਨ ਅਸਾਸੇ 14.88 ਕਰੋੜ ਰੁਪਏ, ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦੇ 6.25 ਕਰੋੜ ਰੁਪਏ, ਸ਼੍ਰੋਮਣੀ ਅਕਾਲੀ ਦਲ ਦੇ 9.80 ਕਰੋੜ ਰੁਪਏ, ਬੀ.ਜੇ.ਪੀ. ਦੇ 7.42 ਕਰੋੜ ਰੁਪਏ, ਲੋਕ ਇਨਸਾਫ਼ ਪਾਰਟੀ ਦੇ 10.14 ਕਰੋੜ ਅਤੇ ਪੰਜਾਬ ਲੋਕ ਕਾਂਗਰਸ ਦੇ ਇੱਕੋ-ਇਕ ਵਿਧਾਇਕ ਦੇ 48.31 ਕਰੋੜ ਅਤੇ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਇਕੋ-ਇਕ ਵਿਧਾਇਕ ਦੇ ਔਸਤਨ ਅਸਾਸੇ 9.62 ਕਰੋੜ ਸਨ।
ਇਹ ਵੀ ਪੜ੍ਹੋ : ਭਾਜਪਾ ਗਠਜੋੜ ਦੇ ਉਮੀਦਵਾਰ ਮਨਜੀਤ ਮੰਨਾ ਨੇ ਬਾਬਾ ਬਕਾਲਾ ਤੋਂ ਭਰੇ ਨਾਮਜ਼ਦਗੀ ਪੱਤਰ
ਇੰਡੀਅਨ ਨੈਸ਼ਨਲ ਕਾਂਗਰਸ ਦੇ ਵਿਧਾਇਕ ਰਮਿੰਦਰ ਸਿੰਘ ਆਵਲਾ, ਜੋ ਕਿ 21 ਅਕਤੂਬਰ 2019 ਨੂੰ ਚੋਣ ਜਿੱਤ ਕੇ ਵਿਧਾਇਕ ਬਣੇ, 283 ਕਰੋੜ ਦੇ ਅਸਾਸਿਆਂ ਨਾਲ ਸਭ ਤੋਂ ਅਮੀਰ ਵਿਧਾਇਕ ਵਜੋਂ ਸਾਹਮਣੇ ਆਉਂਦੇ ਹਨ। ਇਸੇ ਪਾਰਟੀ ਦੇ ਰਾਣਾ ਗੁਰਜੀਤ ਸਿੰਘ 169 ਕਰੋੜ ਰੁਪਏ ਦੇ ਅਸਾਸਿਆਂ ਨਾਲ ਦੂਜੇ ਨੰਬਰ ’ਤੇ ਅਤੇ ਆਮ ਆਦਮੀ ਪਾਰਟੀ ਦੇ ਅਮਨ ਅਰੋੜਾ 65 ਕਰੋੜ ਰੁਪਏ ਦੇ ਅਸਾਸਿਆਂ ਨਾਲ ਤੀਜੇ ਨੰਬਰ ’ਤੇ ਆਉਂਦੇ ਹਨ। ਸਭ ਤੋਂ ਘੱਟ ਅਸਾਸਿਆਂ ਵਾਲੇ ਤਿੰਨ ਵਿਧਾਇਕਾਂ ਵਿਚ ਇੰਡੀਅਨ ਨੈਸ਼ਨਲ ਕਾਂਗਰਸ ਦੀ ਰੁਪਿੰਦਰ ਕੌਰ ਰੂਬੀ (1 ਲੱਖ 74 ਹਜ਼ਾਰ ਰੁਪਏ), ਆਮ ਆਦਮੀ ਪਾਰਟੀ ਦੇ ਕੁਲਵੰਤ ਸਿੰਘ ਪੰਡੋਰੀ (2 ਲੱਖ 70 ਹਜ਼ਾਰ ਰੁਪਏ), ਆਮ ਆਦਮੀ ਪਾਰਟੀ ਦੇ ਹੀ ਬਲਜਿੰਦਰ ਕੌਰ (3 ਲੱਖ 65 ਹਜ਼ਾਰ ਰੁਪਏ) ਆਉਂਦੇ ਹਨ। ਸਭ ਤੋਂ ਵੱਧ ਦੇਣਦਾਰੀਆਂ ਦੇ ਮਾਮਲੇ ਵਿਚ ਕਾਂਗਰਸ ਦੇ ਰਾਣਾ ਗੁਰਜੀਤ ਸਿੰਘ ਸਿਰ 81 ਕਰੋੜ, ਰਮਿੰਦਰ ਸਿੰਘ ਆਵਲਾ ਸਿਰ 27 ਕਰੋੜ ਅਤੇ ਆਮ ਆਦਮੀ ਪਾਰਟੀ ਦੇ ਅਮਨ ਅਰੋੜਾ ਸਿਰ 15 ਕਰੋੜ ਤੋਂ ਜ਼ਿਆਦਾ ਦੀਆਂ ਦੇਣਦਾਰੀਆਂ ਹਨ। ਸਭ ਤੋਂ ਵੱਧ ਸਾਲਾਨਾ ਆਮਦਨੀ ਦੀ ਗੱਲ ਕਰੀਏ ਤਾਂ ਕਾਂਗਰਸ ਦੇ ਨਵਜੋਤ ਸਿੰਘ ਸਿੱਧੂ 9.9 ਕਰੋੜ ਨਾਲ ਪਹਿਲੇ ਨੰਬਰ ’ਤੇ, ਕਾਂਗਰਸ ਦੇ ਹੀ ਰਮਿੰਦਰ ਸਿੰਘ ਆਵਲਾ 8.53 ਕਰੋੜ ਨਾਲ ਦੂਜੇ ਅਤੇ ‘ਆਪ’ ਦੇ ਅਮਨ ਅਰੋੜਾ 4.23 ਕਰੋੜ ਨਾਲ ਤੀਜੇ ਸਥਾਨ ’ਤੇ ਰਹੇ।
38 ਫੀਸਦੀ 8ਵੀਂ ਤੋਂ ਬਾਰਵੀਂ ਪਾਸ
ਵਿਧਾਇਕਾਂ ਦੀ ਵਿੱਦਿਆ ਬਾਰੇ ਗੱਲ ਕੀਤੀ ਜਾਵੇ ਤਾਂ 43 (38%) 8ਵੀਂ ਤੋਂ 12ਵੀਂ ਪਾਸ ਅਤੇ 68 (60%) ਨੇ ਗ੍ਰੈਜ਼ੂਏਸ਼ਨ ਤੇ ਇਸ ਤੋਂ ਜ਼ਿਆਦਾ ਯੋਗਤਾ ਦੱਸੀ ਹੈ। 2 ਵਿਧਾਇਕ ਡਿਪਲੋਮਾ ਹੋਲਡਰ ਸਨ। ਇਨ੍ਹਾਂ ਵਿਚ 6 ਅੱਠਵੀਂ ਪਾਸ, 21 ਦਸਵੀਂ ਪਾਸ ਤੇ 16 ਬਾਰ੍ਹਵੀਂ ਪਾਸ ਸਨ। ਉਮਰ ਦੀ ਗੱਲ ਕਰੀਏ ਤਾਂ 53 (47%) ਵਿਧਾਇਕ 25 ਤੋਂ 50 ਸਾਲ ਦੇ ਅਤੇ 59 (52%) 51 ਤੋਂ 80 ਸਾਲ ਦੇ ਸਨ। ਇਕ ਵਿਧਾਇਕ ਦੀ ਉਮਰ 89 ਸਾਲ ਸੀ। ਔਰਤਾਂ ਦੀ ਬਰਾਬਰਤਾ ਦੀ ਗੱਲ ਕਰਨ ਵਾਲੀਆਂ ਸਾਰੀਆਂ ਪਾਰਟੀਆਂ ਵਲੋਂ ਸਿਰਫ 7 (6%) ਔਰਤਾਂ ਹੀ ਵਿਧਾਇਕ ਬਣ ਸਕੀਆਂ। ਏ.ਡੀ.ਆਰ. ਅਤੇ ਪੰਜਾਬ ਇਲੈਕਸ਼ਨ ਵਾਚ ਦੇ ਜਸਕੀਰਤ ਸਿੰਘ ਅਤੇ ਪਰਵਿੰਦਰ ਸਿੰਘ ਕਿਤਣਾ ਨੇ ਕਿਹਾ ਕਿ ਇਹ ਵਿਧਾਇਕ ਲੋਕ ਨੁਮਾਇੰਦੇ ਹਨ ਪਰ ਸਪੱਸ਼ਟ ਤੌਰ ’ਤੇ ਉਹ ਆਮ ਨਾਗਰਿਕਾਂ ਵਰਗੇ ਨਹੀਂ ਹਨ ਅਤੇ ਉਨ੍ਹਾਂ ਕੋਲ ਬਹੁਤ ਜ਼ਿਆਦਾ ਧਨ-ਬਲ ਅਤੇ ਬਾਹੂ-ਬਲ ਹੈ। ਅਸੀਂ ਵੋਟਰਾਂ ਨੂੰ ਅਪੀਲ ਕਰਦੇ ਹਾਂ ਕਿ ਉਹ ਆਪਣੇ ਨੁਮਾਇੰਦਿਆਂ ਨੂੰ ਬਹੁਤ ਧਿਆਨ ਨਾਲ ਚੁਣਨ ਅਤੇ ਇਹੋ ਜਿਹੇ ਉਮੀਦਵਾਰਾਂ ਨੂੰ ਆਪਣੇ ਨੁਮਾਇੰਦੇ ਚੁਣ ਕੇ ਭੇਜਣ ਜੋ ਚੋਣ ਜਿੱਤਣ ਲਈ ਜ਼ਿਆਦਾ ਧਨ-ਬਲ ਅਤੇ ਬਾਹੂ-ਬਲ ਦੀ ਵਰਤੋਂ ਨਹੀਂ ਕਰਦੇ।
ਇਹ ਵੀ ਪੜ੍ਹੋ : ਪ੍ਰਕਾਸ਼ ਸਿੰਘ ਬਾਦਲ ਨੇ ਲੰਬੀ ਵਿਧਾਨ ਸਭਾ ਹਲਕੇ ਤੋਂ ਨਾਮਜ਼ਦਗੀ ਪੇਪਰ ਭਰੇ
ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ
ਬਸੰਤ ਪੰਚਮੀ ਦੇ ਤਿਓਹਾਰ ਨੂੰ ਲੈ ਕੇ ਪਤੰਗਬਾਜ਼ਾਂ ਨੇ ਕੱਸੀ ਕਮਰ
NEXT STORY