ਗੁਰਦਾਸਪੁਰ(ਹਰਮਨ, ਗੋਰਾਇਆ)- ਨਗਰ ਕੌਂਸਲ ਚੋਣਾਂ ਵਿੱਚ ਸ਼ਾਨਦਾਰ ਬਹੁਮਤ ਹਾਸਲ ਕਰਨ ਤੋਂ ਬਾਅਦ ਐਤਵਾਰ ਨੂੰ ਨਗਰ ਕੌਂਸਲ ਗੁਰਦਾਸਪੁਰ ਦੇ ਪ੍ਰਧਾਨ ਐਡਵੋਕੇਟ ਬਲਜੀਤ ਸਿੰਘ ਪਾਹੜਾ, ਉਪ ਪ੍ਰਧਾਨ ਸੰਜੀਵ ਅਗਰਵਾਲ ਅਤੇ ਸਮੂਹ ਕੌਂਸਲਰਾਂ ਨੇ ਵਿਧੀਵਤ ਤੌਰ ’ਤੇ ਆਪਣਾ ਅਹੁਦਾ ਸੰਭਾਲ ਲਿਆ। ਸਮਾਗਮ ਤੋਂ ਪਹਿਲਾਂ ਨਗਰ ਕੌਂਸਲ ਦਫ਼ਤਰ ਵਿੱਚ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਹਲਕਾ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਦੀ ਅਗਵਾਈ ਹੇਠ ਹੋਏ ਇਸ ਸਮਾਗਮ ਵਿੱਚ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ, ਸਾਬਕਾ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਅਤੇ ਗੁਰਮੀਤ ਸਿੰਘ ਪਾਹੜਾ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ।
ਇਹ ਵੀ ਪੜ੍ਹੋ- ਪੰਜਾਬ ਪੁਲਸ 'ਤੇ ਨਸ਼ਾ ਤਸਕਰਾਂ ਨੇ ਚਲਾਈਆਂ ਅੰਨ੍ਹੇਵਾਹ ਗੋਲੀਆਂ, ਹੈੱਡ ਕਾਂਸਟੇਬਲ ਤੇ ਇਕ ਕੁੜੀ ਨੂੰ ਲੱਗੀ ਗੋਲੀ
ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਕੋਈ ਵੀ ਵਿਅਕਤੀ ਉਦੋਂ ਤੱਕ ਆਗੂ ਨਹੀਂ ਬਣ ਸਕਦਾ, ਜਦੋਂ ਤੱਕ ਉਹ ਆਪਣੇ ਵਰਕਰਾਂ ਦੇ ਦਿਲਾਂ ਵਿੱਚ ਥਾਂ ਨਾ ਬਣਾਵੇ ਅਤੇ ਪਾਹੜਾ ਪਰਿਵਾਰ ਨੇ ਇਹ ਭਰੋਸਾ ਆਪਣੀ ਸੇਵਾ ਨਾਲ ਜਿੱਤਿਆ ਹੈ। ਉਨ੍ਹਾਂ ਕਿਹਾ ਕਿ ਸੇਵਾ ਉਨ੍ਹਾਂ ਨੂੰ ਵਿਰਾਸਤ ਵਿੱਚ ਮਿਲੀ ਹੈ ਅਤੇ ਹੁਣ ਐਡਵੋਕੇਟ ਬਲਜੀਤ ਸਿੰਘ ਪਾਹੜਾ ਦੇ ਮੋਢਿਆਂ ’ਤੇ ਵੱਡੀ ਜ਼ਿੰਮੇਵਾਰੀ ਹੈ। ਉਨ੍ਹਾਂ ਕਿਹਾ ਕਿ ਪਾਹੜਾ ਪਰਿਵਾਰ ਦੀ ਮਿਹਨਤ ਦਾ ਹੀ ਨਤੀਜਾ ਹੈ ਕਿ ਕਾਂਗਰਸ ਨੂੰ ਇਹ ਵੱਡੀ ਜਿੱਤ ਮਿਲੀ ਹੈ। ਉਨ੍ਹਾਂ ਸਰਕਾਰ ਨੂੰ ਅਪੀਲ ਕੀਤੀ ਕਿ ਸਫ਼ਾਈ ਸੇਵਕਾਂ ਦੀਆਂ ਜਾਇਜ਼ ਮੰਗਾਂ ਤੁਰੰਤ ਮੰਨ ਕੇ ਹੜਤਾਲ ਖ਼ਤਮ ਕਰਵਾਈ ਜਾਵੇ, ਨਹੀਂ ਤਾਂ ਗੰਦਗੀ ਕਾਰਨ ਬਿਮਾਰੀਆਂ ਫੈਲਣ ਦਾ ਖ਼ਤਰਾ ਬਣ ਸਕਦਾ ਹੈ।
ਇਹ ਵੀ ਪੜ੍ਹੋ-ਪੰਜਾਬ ਦੇ ਇਨ੍ਹਾਂ ਸਕੂਲਾਂ 'ਤੇ ਹੋ ਸਕਦੀ ਵੱਡੀ ਕਾਰਵਾਈ, ਸਿੱਖਿਆ ਵਿਭਾਗ ਨੇ ਸੋਮਵਾਰ ਤੱਕ ਦਿੱਤਾ ਸਮਾਂ
ਰੰਧਾਵਾ ਨੇ ਬਟਾਲਾ ਵਿੱਚ ਹੋਏ ਗ੍ਰਨੇਡ ਹਮਲੇ ਦਾ ਜ਼ਿਕਰ ਕਰਦਿਆਂ ਕਿਹਾ ਕਿ ਹਰ ਵਾਰ ਹਮਲੇ ਤੋਂ ਬਾਅਦ ਪੁਲਿਸ ਪਹਿਲਾਂ ਹੀ ਇਨਕਾਰ ਕਰ ਦਿੰਦੀ ਹੈ, ਜਦਕਿ ਅਜਿਹੇ ਮਾਮਲਿਆਂ ਵਿੱਚ ਗਲਤ ਜਾਣਕਾਰੀ ਦੇਣ ਵਾਲੇ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਜਿੱਥੇ ਵਿਧਾਇਕ ਅਤੇ ਚੇਅਰਮੈਨ ਹੀ ਗੈਂਗਸਟਰ ਬਣ ਜਾਣ, ਉੱਥੇ ਰਾਜ ਅਤੇ ਦੇਸ਼ ਨਹੀਂ ਚੱਲ ਸਕਦਾ। ਉਨ੍ਹਾਂ ਇਹ ਵੀ ਦੱਸਿਆ ਕਿ ਜ਼ਿਲ੍ਹੇ ਵਿੱਚ ਬੁਲੇਟ-ਪ੍ਰੂਫ਼ ਫਾਰਚੂਨਰ ਗੱਡੀਆਂ ਘੁੰਮਣ ਸਬੰਧੀ ਉਹ ਖ਼ੁਦ ਐੱਸਐੱਸਪੀ ਬਟਾਲਾ ਨੂੰ ਜਾਣਕਾਰੀ ਦੇ ਚੁੱਕੇ ਹਨ, ਪਰ ਕੋਈ ਕਾਰਵਾਈ ਨਹੀਂ ਹੋਈ।
ਇਹ ਵੀ ਪੜ੍ਹੋ-ਕੈਨੇਡਾ ਜਾਣ ਵਾਲੇ ਯਾਤਰੀਆਂ ਲਈ ਖੁਸ਼ਖਬਰੀ, ਏਅਰ ਇੰਡੀਆ ਨੇ ਲਿਆ ਵੱਡਾ ਫ਼ੈਸਲਾ, ਕਈ ਸਹੂਲਤਾਂ ਸ਼ਾਮਲ
ਸਾਬਕਾ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਪਾਹੜਾ ਪਰਿਵਾਰ ਨੂੰ ਵਧਾਈ ਦਿੰਦਿਆਂ ਕਿਹਾ ਕਿ ਉਨ੍ਹਾਂ ਨੇ ਵੀ ਆਪਣਾ ਰਾਜਨੀਤਿਕ ਸਫ਼ਰ ਕਾਦੀਆਂ ਤੋਂ ਕੌਂਸਲਰ ਵਜੋਂ ਸ਼ੁਰੂ ਕੀਤਾ ਸੀ। ਉਨ੍ਹਾਂ ਕਿਹਾ ਕਿ ਪਾਹੜਾ ਪਰਿਵਾਰ ਦੀ ਇਕਜੁੱਟਤਾ ਅਤੇ ਮਿਹਨਤ ਦਾ ਹੀ ਨਤੀਜਾ ਹੈ ਕਿ ਸਰਕਾਰ ਵਿੱਚ ਨਾ ਹੋਣ ਦੇ ਬਾਵਜੂਦ ਕਾਂਗਰਸ ਨੇ ਵੱਡੇ ਬਹੁਮਤ ਨਾਲ ਨਗਰ ਕੌਂਸਲ ਬਣਾਈ ਹੈ।
ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਨੇ ਕਿਹਾ ਕਿ ਗੁਰਦਾਸਪੁਰ ਦੇ ਲੋਕਾਂ ਨੇ ਦੂਜੀ ਵਾਰ ਉਨ੍ਹਾਂ ’ਤੇ ਭਰੋਸਾ ਜਤਾਉਂਦਿਆਂ ਕਾਂਗਰਸ ਨੂੰ ਭਾਰੀ ਬਹੁਮਤ ਦਿੱਤਾ ਹੈ ਅਤੇ ਉਨ੍ਹਾਂ ਦੇ ਛੋਟੇ ਭਰਾ ਐਡਵੋਕੇਟ ਬਲਜੀਤ ਸਿੰਘ ਪਾਹੜਾ ਲਗਾਤਾਰ ਦੂਜੀ ਵਾਰ ਨਗਰ ਕੌਂਸਲ ਦੇ ਪ੍ਰਧਾਨ ਬਣੇ ਹਨ। ਉਨ੍ਹਾਂ ਕਿਹਾ ਕਿ ਪਿਛਲੀਆਂ ਚੋਣਾਂ ਦੌਰਾਨ ਵਿਰੋਧੀਆਂ ਨੇ ਈਵੀਐਮ ਨਾਲ ਛੇੜਛਾੜ ਦੇ ਦੋਸ਼ ਲਗਾਏ ਸਨ, ਪਰ ਇਸ ਵਾਰ ਗਿਣਤੀ ਬੂਥਾਂ ’ਤੇ ਹੀ ਹੋਈ ਅਤੇ ਫਿਰ ਵੀ 29 ਵਿੱਚੋਂ 21 ਕੌਂਸਲਰ ਕਾਂਗਰਸ ਦੇ ਜੇਤੂ ਰਹੇ, ਜਿਸ ਨਾਲ ਲੋਕਾਂ ਨੇ ਵਿਰੋਧੀਆਂ ਨੂੰ ਜਵਾਬ ਦੇ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸ਼ਹਿਰ ਵਿੱਚ ਕੂੜੇ ਦੀ ਸਮੱਸਿਆ ਨੂੰ ਹਰ ਹਾਲ ਵਿੱਚ ਖ਼ਤਮ ਕੀਤਾ ਜਾਵੇਗਾ, ਪਰ ਇਸ ਵੇਲੇ ਸਫ਼ਾਈ ਕਰਮਚਾਰੀ ਆਪਣੀਆਂ ਜਾਇਜ਼ ਮੰਗਾਂ ਨੂੰ ਲੈ ਕੇ ਹੜਤਾਲ ’ਤੇ ਹਨ, ਜਿਸ ਕਾਰਨ ਕੂੜਾ ਨਹੀਂ ਚੁੱਕਿਆ ਜਾ ਰਿਹਾ ਅਤੇ ਸੀਵਰੇਜ ਦੀਆਂ ਸਮੱਸਿਆਵਾਂ ਵੀ ਆ ਰਹੀਆਂ ਹਨ। ਹੜਤਾਲ ਖ਼ਤਮ ਹੁੰਦਿਆਂ ਹੀ ਉਹ ਖ਼ੁਦ ਅੱਗੇ ਲੱਗ ਕੇ ਸ਼ਹਿਰ ਦੀ ਸਫ਼ਾਈ ਕਰਵਾਉਣਗੇ। ਉਨ੍ਹਾਂ ਨਵੇਂ ਪ੍ਰਧਾਨ ਅਤੇ ਸਮੂਹ ਟੀਮ ਨੂੰ ਤੁਰੰਤ ਵਿਕਾਸ ਕਾਰਜਾਂ ਵਿੱਚ ਜੁਟਣ ਦੀ ਅਪੀਲ ਕੀਤੀ। ਬਰਿੰਦਰਮੀਤ ਸਿੰਘ ਪਾਹੜਾ ਨੇ ਦੱਸਿਆ ਕਿ ਸ਼ਹਿਰ ਦੇ ਜਾਮ ਸੀਵਰੇਜ ਸਿਸਟਮ ਦੀ ਸਮੱਸਿਆ ਹੱਲ ਕਰਨ ਲਈ ਪਟਿਆਲਾ ਦੀ ਇੱਕ ਫ਼ਰਮ ਨੂੰ ਕੰਮ ਦਿੱਤਾ ਗਿਆ ਹੈ, ਜੋ ਛੋਟੇ ਕੈਮਰਿਆਂ ਰਾਹੀਂ ਸੀਵਰੇਜ ਦੀ ਜਾਂਚ ਕਰਕੇ ਬਲਾਕੇਜ ਦੂਰ ਕਰੇਗੀ। ਉਨ੍ਹਾਂ ਕਿਹਾ ਕਿ ਹਰ ਲੋੜਵੰਦ ਪਰਿਵਾਰ ਨੂੰ ਕੱਚੇ ਮਕਾਨ ਨੂੰ ਪੱਕਾ ਕਰਨ ਲਈ ਢਾਈ ਲੱਖ ਰੁਪਏ ਦੀ ਗ੍ਰਾਂਟ ਦਿੱਤੀ ਜਾਵੇਗੀ।
ਨਵੇਂ ਪ੍ਰਧਾਨ ਐਡਵੋਕੇਟ ਬਲਜੀਤ ਸਿੰਘ ਪਾਹੜਾ ਨੇ ਕਿਹਾ ਕਿ ਸ਼ਹਿਰ ਦੇ ਲੋਕਾਂ ਨੇ ਉਨ੍ਹਾਂ ਨੂੰ ਲਗਾਤਾਰ ਦੂਜੀ ਵਾਰ ਜੋ ਸਨਮਾਨ ਦਿੱਤਾ ਹੈ, ਉਸ ਲਈ ਉਹ ਹਮੇਸ਼ਾ ਰਿਣੀ ਰਹਿਣਗੇ ਅਤੇ ਪੂਰੀ ਇਮਾਨਦਾਰੀ ਨਾਲ ਆਪਣੀ ਜ਼ਿੰਮੇਵਾਰੀ ਨਿਭਾਉਣਗੇ। ਉਨ੍ਹਾਂ ਕਿਹਾ ਕਿ ਜੇਕਰ ਵਿਅਕਤੀ ਇਮਾਨਦਾਰੀ ਨਾਲ ਕੰਮ ਕਰੇ ਤਾਂ ਪਰਮਾਤਮਾ ਹਮੇਸ਼ਾ ਉਸ ਦਾ ਸਾਥ ਦਿੰਦਾ ਹੈ। ਉਨ੍ਹਾਂ ਕਿਹਾ ਕਿ ਸ਼ਹਿਰ ਦੇ ਵਿਕਾਸ ਲਈ ਪਹਿਲਾਂ ਹੀ 8.50 ਕਰੋੜ ਰੁਪਏ ਦੇ ਟੈਂਡਰ ਜਾਰੀ ਕੀਤੇ ਜਾ ਚੁੱਕੇ ਹਨ। ਇਸ ਤੋਂ ਇਲਾਵਾ ਸੀਵਰੇਜ ਸੁਧਾਰ ਲਈ ਇੱਕ ਕਰੋੜ ਰੁਪਏ ਅਤੇ ਲਗਭਗ 80 ਕਰੋੜ ਰੁਪਏ ਦੀ ਲਾਗਤ ਨਾਲ ਸੀਵਰੇਜ ਟ੍ਰੀਟਮੈਂਟ ਪਲਾਂਟ ਦਾ ਕੰਮ ਵੀ ਚੱਲ ਰਿਹਾ ਹੈ। ਉਨ੍ਹਾਂ ਵਿਸ਼ਵਾਸ ਦਿਵਾਇਆ ਕਿ ਆਉਣ ਵਾਲੇ ਸਮੇਂ ਵਿੱਚ ਗੁਰਦਾਸਪੁਰ ਨੂੰ ਵਿਕਾਸ ਪੱਖੋਂ ਸੂਬੇ ਦੇ ਅਗੇਤੀ ਸ਼ਹਿਰਾਂ ਵਿੱਚ ਸ਼ਾਮਲ ਕੀਤਾ ਜਾਵੇਗਾ। ਇਸ ਮੌਕੇ ’ਤੇ ਮਨਦੀਪ ਸਿੰਘ ਰੰਗੜਨੰਗਲ, ਗੁੱਡੂ ਸੇਠ ਬਟਾਲਾ, ਸਲਾਮਤ ਮਸੀਹ, ਦਰਸ਼ਨ ਮਹਾਜਨ ਸਮੇਤ ਵੱਡੀ ਗਿਣਤੀ ਵਿੱਚ ਕਾਂਗਰਸੀ ਆਗੂ ਅਤੇ ਵਰਕਰ ਹਾਜ਼ਰ ਸਨ।
ਦੂਜੀ ਵਾਰ ਬਣੇ ਨਗਰ ਕੌਂਸਲ ਪ੍ਰਧਾਨ
ਐਡਵੋਕੇਟ ਬਲਜੀਤ ਸਿੰਘ ਪਾਹੜਾ ਲਗਾਤਾਰ ਦੂਜੀ ਵਾਰ ਨਗਰ ਕੌਂਸਲ ਗੁਰਦਾਸਪੁਰ ਦੇ ਪ੍ਰਧਾਨ ਬਣੇ ਹਨ। ਪਿਛਲੇ ਪੰਜ ਸਾਲਾਂ ਦੌਰਾਨ ਕਰਵਾਏ ਗਏ ਵਿਕਾਸ ਕਾਰਜਾਂ ’ਤੇ ਲੋਕਾਂ ਨੇ ਮੋਹਰ ਲਗਾਉਂਦਿਆਂ ਉਨ੍ਹਾਂ ਨੂੰ ਮੁੜ ਇਹ ਜ਼ਿੰਮੇਵਾਰੀ ਸੌਂਪੀ ਹੈ। ਉਨ੍ਹਾਂ ਨੇ ਆਪਣਾ ਰਾਜਨੀਤਿਕ ਸਫ਼ਰ ਯੂਥ ਕਾਂਗਰਸ ਤੋਂ ਸ਼ੁਰੂ ਕੀਤਾ। ਉਹ 2011 ਵਿੱਚ ਲੋਕ ਸਭਾ ਹਲਕਾ ਸਕੱਤਰ, 2015 ਅਤੇ 2019 ਵਿੱਚ ਹਲਕਾ ਪ੍ਰਧਾਨ ਰਹੇ। ਇਸ ਤੋਂ ਇਲਾਵਾ 2019 ਤੋਂ 2021 ਤੱਕ ਮਿਲਕ ਪਲਾਂਟ ਗੁਰਦਾਸਪੁਰ ਦੇ ਚੇਅਰਮੈਨ, 2021 ਵਿੱਚ ਮਿਲਕਫੈਡ ਪੰਜਾਬ ਦੇ ਡਾਇਰੈਕਟਰ ਰਹੇ। ਕਾਂਗਰਸ ਦੇ ਸੰਗਠਨ ਸਿਰਜਣ ਅਭਿਆਨ ਦੌਰਾਨ ਉਨ੍ਹਾਂ ਨੂੰ ਅੰਮ੍ਰਿਤਸਰ ਰੂਰਲ, ਮੁਕੇਰੀਆਂ ਅਤੇ ਦਸੂਹਾ ਦਾ ਸੰਗਠਨ ਆਬਜ਼ਰਵਰ ਵੀ ਨਿਯੁਕਤ ਕੀਤਾ ਗਿਆ। 2021 ਤੋਂ ਬਾਅਦ ਹੁਣ 2026 ਵਿੱਚ ਉਹ ਦੂਜੀ ਵਾਰ ਨਗਰ ਕੌਂਸਲ ਪ੍ਰਧਾਨ ਬਣੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
ਬਿਕਰਮ ਸਿੰਘ ਮਜੀਠੀਆ ਨੂੰ 5 ਸਾਲ ਪੁਰਾਣੇ ਮਾਮਲੇ 'ਚ ਪੇਸ਼ੀ ਤੋਂ ਮਿਲੀ ਛੋਟ
NEXT STORY