ਚੰਡੀਗੜ੍ਹ, (ਅਸ਼ਵਨੀ)— ''ਜੋ ਹਾਦਸਾ ਹੋ ਗਿਆ, ਸੋ ਹੋ ਗਿਆ। ਕੋਈ ਗੱਲ ਨਹੀਂ। ਮੈਂ ਛੇਤੀ ਵਾਪਸ ਡਿਊਟੀ 'ਤੇ ਪਰਤਾਂਗਾ।'' ਇਹ ਸ਼ਬਦ ਪੰਜਾਬ ਪੁਲਸ ਦੇ ਉਸ ਜਾਂਬਾਜ਼ ਏ. ਐੱਸ. ਆਈ. ਹਰਜੀਤ ਸਿੰਘ ਦੇ ਹਨ, ਜਿਨ੍ਹਾਂ ਦਾ ਪਟਿਆਲਾ 'ਚ ਡਿਊਟੀ ਦੌਰਾਨ ਇਕ ਨਿਹੰਗ ਦੀ ਤਲਵਾਰ ਦੇ ਹਮਲੇ ਨਾਲ ਹੱਥ ਕੱਟ ਗਿਆ ਸੀ।
ਚੰਡੀਗੜ੍ਹ ਪੀ. ਜੀ. ਆਈ. 'ਚ ਇਲਾਜ ਅਧੀਨ ਹਰਜੀਤ ਸਿੰਘ ਦਾ ਡਾਕਟਰਾਂ ਨੇ ਹੱਥ ਜੋੜ ਦਿੱਤਾ ਹੈ। ਇਲਾਜ ਤੋਂ ਬਾਅਦ ਅੱਖ ਖੁੱਲ੍ਹਣ 'ਤੇ ਉਨ੍ਹਾਂ ਆਪਣੇ ਸਾਥੀ ਅਤੇ ਪਟਿਆਲਾ ਸਿਵਲ ਲਾਇਨਸ ਦੇ ਥਾਣਾ ਇੰਚਾਰਜ ਇੰਸਪੈਕਟਰ ਰਾਹੁਲ ਕੌਸ਼ਲ ਵਲੋਂ ਆਪਣੇ ਮਨ ਦੀਆਂ ਗੱਲਾਂ ਸਾਂਝੀਆਂ ਕੀਤੀਆਂ ਗਈਆਂ।
ਰਾਹੁਲ ਕੌਸ਼ਲ ਮੁਤਾਬਕ ਹਰਜੀਤ ਸਿੰਘ ਬੇਹੱਦ ਬਹਾਦੁਰ ਪੁਲਸ ਅਫ਼ਸਰ ਹੈ, ਜਦੋਂ ਹੱਥ ਕੱਟਿਆ ਤਾਂ ਉਹ ਖੁਦ ਆਪਣਾ ਹੱਥ ਚੁੱਕ ਕੇ ਪਟਿਆਲੇ ਦੇ ਰਾਜਿੰਦਰਾ ਹਸਪਤਾਲ 'ਚ ਇਲਾਜ ਲਈ ਗਿਆ। ਰਾਹੁਲ ਕੌਸ਼ਲ ਮੁਤਾਬਕ ਰਾਜਿੰਦਰਾ ਹਸਪਤਾਲ ਪ੍ਰਬੰਧਨ ਨੇ ਉਨ੍ਹਾਂ ਨੂੰ ਮੁਢਲਾ ਇਲਾਜ ਦੇ ਕੇ ਪੀ. ਜੀ. ਆਈ. ਸ਼ਿਫਟ ਕਰ ਦਿੱਤਾ ਸੀ ਤੇ ਇਸ ਦੌਰਾਨ ਉਹ ਪੂਰੇ ਰਸਤੇ ਅਤੇ ਪੀ. ਜੀ. ਆਈ. 'ਚ ਹਰਜੀਤ ਸਿੰਘ ਦੀ ਦੇਖਭਾਲ 'ਚ ਜੁਟੇ ਰਹੇ।
ਕੌਸ਼ਲ ਨੇ ਦੱਸਿਆ ਕਿ ਪੰਜਾਬ ਪੁਲਸ ਦੇ ਉੱਚ ਅਧਿਕਾਰੀਆਂ ਨੇ ਅਤੇ ਖਾਸਤੌਰ 'ਤੇ ਡੀ. ਜੀ. ਪੀ. ਦਿਨਕਰ ਗੁਪਤਾ ਨੇ ਪੀ. ਜੀ. ਆਈ. 'ਚ ਪੂਰਾ ਪ੍ਰਬੰਧ ਕਰਵਾਇਆ ਹੋਇਆ ਸੀ ਅਤੇ ਹਸਪਤਾਲ ਪੁੱਜਦੇ ਹੀ ਇਲਾਜ ਸ਼ੁਰੂ ਹੋ ਗਿਆ। ਇਸ ਦੇ ਚਲਦੇ ਹੁਣ ਉਨ੍ਹਾਂ ਦੀ ਹਾਲਤ ਪੂਰੀ ਤਰ੍ਹਾਂ ਸਥਿਰ ਹੈ।
ਰਾਜਿੰਦਰਾ ਹਸਪਤਾਲ ਦੇ ਡਾਕਟਰਾਂ ਨੇ ਕੀਤੀ ਕੱਟੇ ਹੱਥ ਦੀ ਪੈਕਿੰਗ
ਕੌਸ਼ਲ ਮੁਤਾਬਕ ਰਾਜਿੰਦਰਾ ਹਸਪਤਾਲ ਦੇ ਡਾਕਟਰਾਂ ਨੇ ਕੱਟੇ ਹੱਥ ਨੂੰ ਚੰਗੀ ਤਰ੍ਹਾਂ ਪੈਕ ਕੀਤਾ ਸੀ। ਇਸ ਦੇ ਚਲਦੇ ਪੀ. ਜੀ. ਆਈ. ਆਉਣ 'ਤੇ ਵੀ ਕੱਟਿਆ ਹੱਥ ਕਾਫ਼ੀ ਬਿਹਤਰ ਹਾਲਤ 'ਚ ਸੀ ਅਤੇ ਪੀ. ਜੀ. ਆਈ. 'ਚ ਡਾਕਟਰਾਂ ਨੂੰ ਹੱਥ ਜੋੜਨ 'ਚ ਮਦਦ ਮਿਲੀ। ਡਾਕਟਰਾਂ ਦਾ ਕਹਿਣਾ ਸੀ ਕਿ ਜੇਕਰ ਕੱਟੇ ਹੱਥ ਨੂੰ ਠੀਕ ਤਰੀਕੇ ਨਾਲ ਨਹੀਂ ਰੱਖਿਆ ਗਿਆ ਹੁੰਦਾ ਤਾਂ ਸਥਿਤੀਆਂ ਗੰਭੀਰ ਹੋ ਸਕਦੀਆਂ ਸਨ ਪਰ ਸੁਰੱਖਿਅਤ ਹੋਣ ਕਾਰਣ ਹੀ ਉਨ੍ਹਾਂ ਦੇ ਹੱਥ 'ਚ ਖੂਨ ਦਾ ਦੌਰਾ ਚਾਲੂ ਹੋ ਗਿਆ ਹੈ।
ਕੋਰੋਨਾ ਮਹਾਮਾਰੀ ਦੀ ਸਥਿਤੀ 'ਚ ਪੁਲਸ 'ਤੇ ਹਮਲਾ ਦੁਖਦ
ਪੁਲਸ 'ਤੇ ਹੋਏ ਇਸ ਹਮਲੇ ਨੂੰ ਲੈ ਕੇ ਪਟਿਆਲਾ ਦੇ ਸਾਰੇ ਪੁਲਸ ਵਾਲੇ ਕਾਫ਼ੀ ਦੁਖੀ ਹਨ। ਕੌਸ਼ਲ ਮੁਤਾਬਕ ਪੁਲਸ ਬਲ ਨਿਰਾਸ਼ ਨਹੀਂ ਹਨ, ਸਗੋਂ ਇਸ ਗੱਲ ਦਾ ਦੁੱਖ ਹੈ ਕਿ ਕੋਰੋਨਾ ਵਰਗੀ ਮਹਾਮਾਰੀ 'ਚ ਜਨਤਾ ਦੀ ਸੇਵਾ ਦੇ ਬਾਵਜੂਦ ਜਨਤਾ 'ਚ ਕੁੱਝ ਗਲਤ ਅਤੇ ਬੁੱਧੀਹੀਣ ਲੋਕ ਪੁਲਸ 'ਤੇ ਹਮਲਾ ਕਰ ਰਹੇ ਹਨ। ਜਨਤਾ ਨੂੰ ਪੁਲਸ ਦਾ ਸਹਿਯੋਗ ਕਰਨਾ ਚਾਹੀਦਾ ਹੈ ਤਾਂ ਕਿ ਕੋਰੋਨਾ ਵਾਇਰਸ ਦਾ ਡੱਟ ਕੇ ਮੁਕਾਬਲਾ ਕੀਤਾ ਜਾ ਸਕੇ।
ਚੰਡੀਗੜ੍ਹ : ਫਰਨੀਚਰ ਮਾਰਕਿਟ 'ਚ ਲੱਗੀ ਭਿਆਨਕ ਅੱਗ, ਲਪੇਟ 'ਚ ਆਈਆਂ 13 ਦੁਕਾਨਾਂ
NEXT STORY