ਅੰਮ੍ਰਿਤਸਰ (ਇੰਦਰਜੀਤ, ਤਰੁਣ)- ਹਵਾਈ ਉਡਾਣਾਂ ਲਈ ਲੰਬੇ ਸਮੇਂ ਤੋਂ ਖਤਰਾ ਬਣ ਕੇ ਚੱਲ ਰਹੇ ਆਸਮਾਨ 'ਚ ਉਡਦੇ ਪੰਛੀਆਂ ਦੇ ਮਾਮਲਿਆਂ ਤੋਂ ਬਾਅਦ ਹੁਣ ਹਵਾਈ ਉਡਾਣਾਂ ਲਈ ਜ਼ਮੀਨ 'ਤੇ ਚੱਲਣ ਵਾਲਾ 'ਕਬਰ ਬਿੱਜੂ' ਭਾਰੀ ਖਤਰਾ ਬਣ ਕੇ ਸਾਹਮਣੇ ਆ ਗਿਆ ਹੈ। ਇਸ ਦੇ ਲਈ ਨਾ ਸਿਰਫ ਹਵਾਈ ਯਾਤਰੀਆਂ ਨੂੰ ਬਲਕਿ ਏਅਰਪੋਰਟ ਪ੍ਰਬੰਧਨ ਨੂੰ ਵੀ ਇਸ ਜੀਵ ਦੇ ਕਹਿਰ ਨੂੰ ਰੋਕਣ ਲਈ ਕਰੋੜਾਂ ਰੁਪਏ ਦੀ ਮਾਰ ਪੈ ਰਹੀ ਹੈ ਕਿਉਂਕਿ ਇਹ ਜੀਵ ਜ਼ਮੀਨ ਪੁੱਟਣ ਵਿਚ ਮਾਹਿਰ ਮੰਨਿਆ ਜਾਂਦਾ ਹੈ ਅਤੇ ਇਸ ਵੱਲੋਂ ਬਣਾਏ ਗਏ ਜ਼ਮੀਨ 'ਚ ਖੁਫੀਆ ਰਸਤਿਆਂ ਤੋਂ ਕੁੱਤੇ ਏਅਰਪੋਰਟ ਦੇ ਰਨਵੇ 'ਚ ਪਹੁੰਚ ਜਾਂਦੇ ਹਨ। ਇਸ ਕਾਰਨ 3 ਸਾਲ ਵਿਚ ਦੇਸ਼ ਦੇ ਵੱਖ-ਵੱਖ ਏਅਰਪੋਰਟਾਂ 'ਤੇ 70 ਤੋਂ ਜ਼ਿਆਦਾ ਵਾਰ ਉਡਾਣਾਂ ਨੂੰ ਰੋਕਣਾ ਪਿਆ ਅਤੇ ਹਜ਼ਾਰਾਂ ਯਾਤਰੀ ਵਾਲ-ਵਾਲ ਬਚੇ।
ਕੀ ਹੈ ਕਬਰ ਬਿੱਜੂ? : ਬਿੱਜੂ ਜਾਤੀ ਦੇ ਜੀਵ 'ਚ ਇਕ ਪ੍ਰਜਾਤੀ ਅਜਿਹੀ ਵੀ ਆਉੁਂਦੀ ਹੈ, ਜੋ ਜ਼ਮੀਨ ਵਿਚ ਦੱਬੇ ਮੁਰਦੇ ਨੂੰ ਖਾਂਦੀ ਹੈ। ਇਹ ਬਿੱਜੂ ਇੰਨੇ ਚਲਾਕ ਹੁੰਦੇ ਹਨ ਕਿ ਜ਼ਮੀਨ 'ਚ ਕਈ-ਕਈ ਫੁੱਟ ਡੂੰਘੇ ਸੁਰੰਗ ਜਿਹੇ ਟੋਏ ਪੁੱਟ ਦਿੰਦੇ ਹਨ ਤੇ ਕਬਰਾਂ ਤੱਕ ਪਹੁੰਚ ਜਾਂਦੇ ਹਨ, ਜਿਥੋਂ ਇਹ ਦੱਬੀਆਂ ਲਾਸ਼ਾਂ ਨੂੰ ਖਾ ਜਾਂਦੇ ਹਨ। ਕਬਰਾਂ ਨੂੰ ਪੁੱਟਣ ਵਿਚ ਮਾਹਿਰ ਮੰਨੇ ਜਾਣ ਵਾਲੇ ਇਸ ਬਿੱਜੂ ਨੂੰ ਕਬਰ ਬਿੱਜੂ ਕਿਹਾ ਜਾਂਦਾ ਹੈ।
ਕਿਵੇਂ ਬਣਾਉਂਦੇ ਹਨ ਬਿੱਜੂ ਕੁੱਤਿਆਂ ਲਈ ਰਸਤਾ: ਏਅਰਪੋਰਟਾਂ ਨੇੜੇ ਬਾਊਂਡਰੀ ਵਾਲ ਤੋਂ ਬਾਹਰ ਅਕਸਰ ਖੁੱਲ੍ਹੇ ਖੇਤ ਹੁੰਦੇ ਹਨ। ਇਨ੍ਹਾਂ ਖੇਤਾਂ ਵਿਚ ਕਦੇ-ਕਦੇ ਲੋਕ ਮਰੇ ਹੋਏ ਜੀਵਾਂ ਨੂੰ ਵੀ ਛੱਡ ਦਿੰਦੇ ਹਨ। ਕਈ ਥਾਵਾਂ 'ਤੇ ਖੁੱਲ੍ਹੀ ਜਗ੍ਹਾ ਹੋਣ ਕਾਰਨ ਲੋਕ ਮੁਰਦੇ ਦਬਾਉਣ ਲਈ ਵੀ ਵਰਤੋਂ ਕਰਦੇ ਹਨ। ਕਦੇ-ਕਦੇ ਲੋਕ ਮਰੇ ਹੋਏ ਜੀਵਾਂ ਦੀ ਬਦਬੂ ਤੋਂ ਬਚਣ ਲਈ ਟੋਆ ਪੁੱਟ ਕੇ ਦਬਾ ਦਿੰਦੇ ਹਨ।
ਜਾਣਕਾਰ ਲੋਕਾਂ ਦਾ ਕਹਿਣਾ ਹੈ ਕਿ ਅਜਿਹੀਆਂ ਥਾਵਾਂ 'ਤੇ ਜ਼ਿਆਦਾਤਰ ਚੂਹੇ, ਗਲਹਿਰੀ ਆਦਿ ਆ ਜਾਂਦੇ ਹਨ ਕਿਉਂਕਿ ਚੂਹੇ ਤੇ ਗਲਹਿਰੀ ਜ਼ਮੀਨ ਵਿਚ ਖੁੱਡਾਂ ਵਿਚ ਰਹਿੰਦੇ ਹਨ ਅਤੇ ਰੇਂਗਣ ਵਾਲੇ ਜੀਵ ਹੋਣ ਕਾਰਨ ਇਹ ਜ਼ਮੀਨ ਦੀ ਡੂੰਘਾਈ ਵਿਚ ਚਲੇ ਜਾਂਦੇ ਹਨ। ਇਨ੍ਹਾਂ ਨੂੰ ਫੜ ਕੇ ਆਪਣਾ ਸ਼ਿਕਾਰ ਬਣਾਉਣ ਲਈ ਕਬਰ ਬਿੱਜੂ ਖੁੱਡਾਂ 'ਚ ਉਨ੍ਹਾਂ ਨੂੰ ਲੱਭਣ ਲਈ ਦਾਖਲ ਹੋਣ ਲੱਗਦੇ ਹਨ ਅਤੇ ਹੌਲੀ-ਹੌਲੀ ਇਹ ਜੀਵ ਜ਼ਮੀਨ ਵਿਚ ਲੰਬੀ ਸੁਰੰਗ ਬਣਾ ਲੈਂਦੇ ਹਨ।
ਕਬਰ ਬਿੱਜੂ ਨੂੰ ਫੜਨ ਲਈ ਸੁਰੰਗ 'ਚ ਦਾਖਲ ਹੁੰਦਾ ਹੈ ਕੁੱਤਾ : ਇਕ ਪਾਸੇ ਇਨ੍ਹਾਂ ਛੋਟੀਆਂ ਸੁਰੰਗਾਂ ਵਿਚ ਆਪਣਾ ਸ਼ਿਕਾਰ ਲੱਭਣ ਲਈ ਕਬਰ ਬਿੱਜੂ ਜ਼ਮੀਨ ਪੁੱਟਣ ਲੱਗਦਾ ਹੈ, ਉਥੇ ਇਸ ਜੀਵ ਦੀ ਬਣਾਈ ਸੁਰੰਗ 'ਤੇ ਆਵਾਰਾ ਕੁੱਤੇ ਕਬਰ ਬਿੱਜੂ ਨੂੰ ਹੀ ਫੜਨ ਲਈ ਸੁਰੰਗ ਵਿਚ ਦਾਖਲ ਹੋ ਜਾਂਦੇ ਹਨ ਅਤੇ ਦੂਜੇ ਪਾਸੇ ਰਸਤਾ ਜੇ ਏਅਰਪੋਰਟ ਵੱਲ ਨਿਕਲਦਾ ਹੈ ਤਾਂ ਕੁੱਤੇ ਇਸ ਸਥਾਨ ਨੂੰ ਸੁਰੱਖਿਅਤ ਸਮਝਦੇ ਹੋਏ ਆਪਣੇ ਰਹਿਣ ਦਾ ਟਿਕਾਣਾ ਬਣਾ ਲੈਂਦੇ ਹਨ। ਇਥੋਂ ਹੀ ਆਵਾਰਾ ਕੁੱਤਿਆਂ ਦੇ ਰਨਵੇ 'ਤੇ ਪਹੁੰਚ ਕੇ ਚੱਲਦੇ ਜਹਾਜ਼ਾਂ ਦੀ ਰਫਤਾਰ ਨੂੰ ਰੋਕ ਦੇਣ ਦੀ ਹਿੰਮਤ ਆ ਜਾਂਦੀ ਹੈ ਕਿਉਂਕਿ ਕੁੱਤਾ ਗੁਸਤਾਖ ਜੀਵ ਮੰਨਿਆ ਜਾਂਦਾ ਹੈ ਅਤੇ ਇਕੱਠੇ ਹੋ ਕੇ ਖੜ੍ਹੇ ਹੋਏ ਕੁੱਤੇ ਦੂਰ ਤੋਂ ਆਉਂਦੇ ਜਹਾਜ਼ ਨੂੰ ਰੋਕਣ ਦੇ ਯਤਨ ਨਾਲ ਜਹਾਜ਼ ਦੇ ਸਾਹਮਣੇ ਆ ਜਾਂਦੇ ਹਨ। ਸਮੱਸਿਆ ਉਦੋਂ ਵੱਧ ਜਾਂਦੀ ਹੈ ਜਦੋਂ ਕਬਰ ਬਿੱਜੂਆਂ ਦਾ ਮਿੱਤਰ ਮੰਨਿਆ ਜਾਣ ਵਾਲਾ ਖਰਗੋਸ਼ ਵੀ ਜ਼ਮੀਨ ਪੁੱਟਣ ਵਿਚ ਸ਼ਾਮਲ ਹੋ ਜਾਂਦਾ ਹੈ।
ਏਅਰਪੋਰਟ ਪ੍ਰਬੰਧਕਾਂ ਨੂੰ ਕਰੋੜਾਂ 'ਚ ਪੈ ਜਾਂਦੇ ਹਨ ਕਬਰ ਬਿੱਜੂ : ਇਸ ਸਬੰਧੀ ਪਤਾ ਲੱਗਾ ਹੈ ਕਿ ਕਬਰ ਬਿੱਜੂਆਂ ਤੋਂ ਪ੍ਰੇਸ਼ਾਨ ਦੇਸ਼ ਭਰ ਦੇ ਏਅਰਪੋਰਟ ਪ੍ਰਬੰਧਕਾਂ ਨੇ ਮੀਲਾਂ ਲੰਬੇ ਰਨਵੇ ਦੇ ਆਲੇ-ਦੁਆਲੇ ਚਾਰਦੀਵਾਰੀ ਕੀਤੀ ਹੋਈ ਹੈ। ਇਸ ਦੀ ਉਚਾਈ 8 ਫੁੱਟ ਹੁੰਦੀ ਹੈ, ਜਦ ਕਿ ਇਸ ਦੇ ਉਪਰ 2 ਫੁੱਟ ਦੇ ਲੋਹੇ ਦੇ ਐਂਗਲ ਆਦਿ ਲੱਗੇ ਹੁੰਦੇ ਹਨ। ਇੰਨੀ ਉਚਾਈ ਤੋਂ ਨਾ ਤਾਂ ਕੋਈ ਜੀਵ ਅੰਦਰ ਆ ਸਕਦਾ ਹੈ, ਨਾ ਬਾਹਰ ਜਾ ਸਕਦਾ ਹੈ ਪਰ ਕਬਰ ਬਿੱਜੂ ਇਨ੍ਹਾਂ ਕੰਧਾਂ ਨੂੰ ਪੁੱਟ ਦਿੰਦੇ ਹਨ। ਇਸ ਤੋਂ ਬਚਣ ਲਈ ਏਅਰਪੋਰਟ ਪ੍ਰਬੰਧਕ ਉਕਤ ਕੰਧਾਂ ਨੂੰ ਉਪਰ ਲਿਜਾਣ ਦੇ ਨਾਲ-ਨਾਲ ਜ਼ਮੀਨ ਵਿਚ 3 ਫੁੱਟ ਹੇਠਾਂ ਕੰਕਰੀਟ ਦੇ ਬੀਮ ਪਾਉਂਦੇ ਹਨ। ਮੀਲਾਂ ਲੰਬੇ ਏਰੀਏ ਵਿਚ ਕੰਕਰੀਟ ਪਾਉਣ ਵਿਚ ਦੇਸ਼ ਭਰ ਦੇ ਹਵਾਈ ਹੱਡਿਆਂ ਨੂੰ ਕਰੋੜਾਂ ਦਾ ਨੁਕਸਾਨ ਸਹਿਣਾ ਪੈਂਦਾ ਹੈ, ਜਦ ਕਿ ਪਹਿਲਾਂ ਸਿਰਫ 8 ਫੁੱਟ ਉੱਚੀ ਕੰਧ ਹੀ ਕਾਫੀ ਸੀ।
ਕੀ ਕਹਿੰਦੇ ਹਨ ਏਅਰਪੋਰਟ ਦੇ ਡਾਇਰੈਕਟਰ?: ਐੱਸ. ਜੀ. ਆਰ. ਡੀ. ਅੰਤਰਰਾਸ਼ਟਰੀ ਏਅਰਪੋਰਟ ਦੇ ਮਹਾਨਿਰਦੇਸ਼ਕ ਮਨੋਜ ਚੰਸੋਲੀਆ ਨੇ ਇਨ੍ਹਾਂ ਕਬਰ ਬਿੱਜੂਆਂ ਅਤੇ ਖਰਗੋਸ਼ਾਂ ਸਬੰਧੀ ਪੁਸ਼ਟੀ ਕਰਦਿਆਂ ਕਿਹਾ ਕਿ ਇਨ੍ਹਾਂ ਕਾਰਨ ਹੀ ਬਾਊਂਡਰੀ ਵਾਲ ਦੇ ਹੇਠਾਂ 3-3 ਫੁੱਟ ਜ਼ਮੀਨ ਵਿਚ ਕੰਕਰੀਟ ਪਾਈ ਜਾ ਰਹੀ ਹੈ। ਜਿਨ੍ਹਾਂ ਥਾਵਾਂ 'ਤੇ ਇਨ੍ਹਾਂ ਜੀਵਾਂ ਦਾ ਵੱਧ ਪ੍ਰਕੋਪ ਹੁੰਦਾ ਹੈ ਉਥੇ 5 ਫੁੱਟ ਡੂੰਘਾਈ ਵਿਚ ਵੀ ਕੰਕਰੀਟ ਪਾਈ ਜਾ ਸਕਦੀ ਹੈ। ਉਨ੍ਹਾਂ ਨੇ ਇਸ ਗੱਲ ਦੀ ਵੀ ਪੁਸ਼ਟੀ ਕੀਤੀ ਕਿ ਇਨ੍ਹਾਂ ਕਬਰ ਬਿੱਜੂਆਂ ਨੂੰ ਰੋਕਣ ਤੋਂ ਬਾਅਦ ਏਅਰਪੋਰਟ 'ਤੇ ਕੁੱਤਿਆਂ ਦੀ ਸਮੱਸਿਆ ਖਤਮ ਹੋ ਜਾਵੇਗੀ।
ਚੰਡੀਗੜ੍ਹ : ਔਰਤ ਨੂੰ ਖਰਾਬ ਸੂਟ ਦੇਣਾ ਕੰਪਨੀ ਨੂੰ ਪਿਆ ਮਹਿੰਗਾ
NEXT STORY