ਬਾਘਾ ਪੁਰਾਣਾ (ਚਟਾਨੀ) : ਕਿਸਾਨ ਹੱਕਾਂ ਲਈ ਡੱਟ ਕੇ ਖੜ੍ਹਨ ਦਾ ਦਾਅਵਾ ਕਰਨ ਵਾਲੇ ਸ਼੍ਰੋਮਣੀ ਅਕਾਲੀ ਦਲ ਖ਼ਿਲਾਫ਼ ਹੁਣ ਕਿਸਾਨ ਹੀ ਡੱਟ ਕੇ ਖੜ੍ਹ ਗਏ ਹਨ। ਅਕਾਲੀ ਦਲ ਖ਼ਿਲਾਫ਼ ਡਟਣ ਦਾ ਕਿਸਾਨਾਂ ਵਲੋਂ ਵੱਡਾ ਤਰਕ ਇਹੀ ਦਿੱਤਾ ਜਾ ਰਿਹਾ ਹੈ ਕਿ ਉਸ ਨੇ ਆਪਣੀ ਕੇਂਦਰ ਵਿਚਲੀ ਮੰਤਰੀ ਪਦ ਨੂੰ ਬਚਾਉਣ ਲਈ ਪੂਰੀ ਵਾਹ ਲਾਈ ਅਤੇ ਜਦੋਂ ਉਨ੍ਹਾਂ ਨੂੰ ਮੋਦੀ ਸਰਕਾਰ ਨੇ ਪਰੇ ਵਗਾਹ ਸੁੱਟਿਆ ਤਦ ਹੀ ਅਕਾਲੀ ਦਲ ਨੇ ਕਿਸਾਨਾਂ ਨਾਲ ਖੜ੍ਹਨ ਦਾ ਫ਼ੈਸਲਾ ਲਿਆ। ਕਿਸਾਨਾਂ ਦੇ ਨਾਲ-ਨਾਲ ਕਾਂਗਰਸੀ ਨੇਤਾ ਵੀ ਬਾਦਲਕਿਆਂ ਨੂੰ ਘੇਰਦੇ ਹੋਏ ਕਹਿ ਰਹੇ ਹਨ ਕਿ ਹੁਣ ਸੱਪ ਲੰਘ ਗਿਆ, ਹੁਣ ਕੁੱਟੀ ਜਾ ਲਕੀਰ। ਇਧਰ ਮਾਲੇ ਦੇ ਗੜਗੱਜ ਕਹਿਲਾਉਂਦੇ ਕਾਂਗਰਸੀ ਨੇਤਾ ਦਰਸ਼ਨ ਸਿੰਘ ਬਰਾੜ ਵਿਧਾਇਕ ਬਾਘਾ ਪੁਰਾਣਾ ਨੇ ਇੱਥੇ ਪ੍ਰੈਸ ਕਾਨਫਰੰਸ ਕਰ ਕੇ ਕਿਹਾ ਕਿ ਬਾਦਲ ਨੇ ਮੰਤਰੀ ਪਦ ਛੱਡਿਆ ਨਹੀਂ ਸਗੋਂ ਮੋਦੀ ਨੇ ਗਲ 'ਚ ਗੂਠਾ ਦੇ ਕੇ ਵਾਪਸ ਲਿਐ।
ਵਿਧਾਇਕ ਨੇ ਤਾਂ ਇਹ ਵੀ ਕਿਹਾ ਕਿ ਮੋਦੀ ਤਾਂ ਇਨ੍ਹਾਂ ਨੂੰ ਆਪਣੇ ਗਠਜੋੜ ਨਾਲੋਂ ਵੀ ਤੋੜ ਰਿਹੈ ਪਰ ਅਕਾਲੀ ਦਲ ਮਿੰਨਤਾਂ ਕਰਕੇ ਹੀ ਨਾਲ ਚਿੰਬੜਿਆ ਹੋਇਆ ਹੈ। ਉਧਰ ਪੰਜਾਬ ਕਾਂਗਰਸ ਦੇ ਮੁੱਖ ਬੁਲਾਰੇ ਕਮਲਜੀਤ ਬਰਾੜ ਨੇ ਤਿੱਖੀ ਟਿੱਪਣੀ ਕਰਦਿਆਂ ਅਕਾਲੀ ਦਲ ਨੂੰ ਕਟਹਿਰੇ ਵਿਚ ਖੜ੍ਹਾ ਕਰਕੇ ਪੁੱਛਿਐ ਕਿ ਨਹੁੰ-ਮਾਸ ਦਾ ਰਿਸ਼ਤਾ ਰੱਖਣ ਵਾਲਿਓ ਹੁਣ ਘੰਟਿਆਂ ਦੇ ਅੰਦਰ-ਅੰਦਰ ਇਹ ਰਿਸ਼ਤਾ ਪਾਣੀ ਨਾਲੋਂ ਪਤਲਾ ਕਿਵੇਂ ਹੋ ਗਿਆ। ਉਨ੍ਹਾਂ ਕਿਹਾ ਕਿ ਹੁਣ ਬਾਦਲ ਪਰਿਵਾਰ ਦੇ ਪੈਰਾਂ ਹੇਠੋਂ ਸਿਆਸੀ ਜ਼ਮੀਨ ਪੂਰੀ ਤਰ੍ਹਾਂ ਖਿਸਕ ਚੁੱਕੀ ਹੈ। ਬਰਾੜ ਨੇ ਕਿਹਾ ਕਿ ਅਕਾਲੀ ਦਲ ਭਾਵੇਂ ਹੁਣ ਪੰਜਾਬ ਦੇ ਕਿਸਾਨਾਂ ਦੇ ਸੰਘਰਸ਼ ਦੀ ਅਗਵਾਈ ਦੀ ਗੱਲ ਕਰ ਰਿਹਾ ਹੈ ਪਰ ਕੋਈ ਵੀ ਕਿਸਾਨ ਜਥੇਬੰਦੀ ਬਾਦਲਾਂ ਨੂੰ ਮੂਹਰੇ ਨਹੀਂ ਲੱਗਣ ਦੇ ਰਹੀ ਅਤੇ ਬਾਦਲ ਪਰਿਵਾਰ ਦਾ ਘੁਮੰਡ ਉਨ੍ਹਾਂ ਨੂੰ ਕਿਸੇ ਜਥੇਬੰਦੀ ਦੇ ਪਿੱਛੇ ਲੱਗਣ ਦੀ ਇਜ਼ਾਜ਼ਤ ਨਹੀਂ ਦੇ ਰਿਹੈ। ਬਰਾੜ ਨੇ ਆਖਿਆ ਕਿ ਦੋ ਬੇੜੀਆਂ ਦੇ ਸਵਾਰ ਅਕਾਲੀ ਦਲ ਨੂੰ ਹੁਣ ਆਪਣਾ ਸਿਆਸੀ ਭਵਿੱਖ ਚੁਫੇਰਿਓਂ ਹੀ ਧੁੰਦਲਾ ਦਿਖਾਈ ਦੇ ਰਿਹਾ ਹੈ। ਵਿਧਾਇਕ ਦਰਸ਼ਨ ਸਿੰਘ ਬਰਾੜ ਅਤੇ ਪੰਜਾਬ ਕਾਂਗਰਸ ਦੇ ਮੁੱਖ ਬੁਲਾਰੇ ਕਮਲਜੀਤ ਸਿੰਘ ਬਰਾੜ ਨੇ ਪੂਰਨ ਦਾਅਵੇ ਨਾਲ ਕਿਹਾ ਕਿ ਭਾਵੇਂ ਕੇਂਦਰ ਨੇ ਕਿਸਾਨਾਂ ਨਾਲ ਧ੍ਰੋਹ ਕਮਾਇਆ ਹੈ, ਪਰ ਸੂਬਾ ਸਰਕਾਰ ਪੂਰੀ ਸਮਰਥਾ ਨਾਲ ਕਿਸਾਨਾਂ ਦੀ ਹਰ ਤਰ੍ਹਾ ਦੀ ਮਦਦ ਕਰੇਗੀ ਅਤੇ ਆਰਡੀਨੈਂਸਾਂ ਨੂੰ ਰੱਦ ਕਰਵਾਉਣ ਲਈ ਪੂਰੀ ਵਾਹ ਲਾਵੇਗੀ।
ਖਰੜ 'ਚ ਦਿਨ-ਦਿਹਾੜੇ ਲੁੱਟ ਦੀ ਵੱਡੀ ਵਾਰਦਾਤ, CCTV 'ਚ ਕੈਦ ਹੋਏ ਲੁਟੇਰਿਆਂ ਦੇ ਚਿਹਰੇ
NEXT STORY