ਚੰਡੀਗੜ੍ਹ,(ਜ.ਬ.)- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਕਣਕ ਤੇ ਝੋਨੇ ਦੇ ਘੱਟੋ-ਘੱਟ ਸਮਰਥਨ ਮੁੱਲ ਅਤੇ ਯਕੀਨੀ ਮੰਡੀਕਰਨ ਨਾਲ ਕੋਈ ਵੀ ਛੇੜਛਾੜ ਨਹੀਂ ਹੋਣ ਦੇਵੇਗਾ। ਇਸ ਦੌਰਾਨ ਉਨ੍ਹਾਂ ਨੇ 2017 ਦੀਆਂ ਵਿਧਾਨ ਸਭਾ ਚੋਣਾਂ ਵੇਲੇ ਦਾ ਕਾਂਗਰਸ ਦਾ ਚੋਣ ਮਨੋਰਥ ਪੱਤਰ ਵਿਖਾਇਆ, ਜਿਸ ਵਿਚ ਸਪੱਸ਼ਟ ਵਾਅਦਾ ਕੀਤਾ ਗਿਆ ਸੀ ਕਿ ਪਾਰਟੀ ਸੂਬੇ ਦੇ ਏ. ਪੀ. ਐੱਮ. ਸੀ. ਐਕਟ ਵਿਚ ਸੋਧ ਕਰ ਕੇ ਸੂਬੇ ਵਿਚ ਪ੍ਰਾਈਵੇਟ ਮੰਡੀਆਂ ਦੀ ਸਥਾਪਨਾ ਦੀ ਆਗਿਆ ਦੇਵੇਗੀ।
ਇਥੇ ਵਰਚੁਅਲ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸੁਖਬੀਰ ਨੇ ਕਿਹਾ ਕਿ ਚੋਣ ਮਨੋਰਥ ਪੱਤਰ ਵਿਚ ਏ. ਪੀ. ਐੱਮ. ਸੀ. ਐਕਟ ਵਿਚ ਸੋਧ ਕਰਨ ਦਾ ਵਾਅਦਾ ਕਰਨ ਦੇ ਬਾਵਜੂਦ ਕਾਂਗਰਸ ਪਾਰਟੀ ਹੁਣ ਇਸ ਮਾਮਲੇ 'ਤੇ ਰਾਜਨੀਤੀ ਕਰ ਕੇ ਕਿਸਾਨਾਂ ਨੂੰ ਗੁੰਮਰਾਹ ਕਰ ਰਹੀ ਹੈ ਕਿ ਘੱਟੋ-ਘੱਟ ਸਮਰਥਨ ਮੁੱਲ ਅਤੇ ਯਕੀਨੀ ਮੰਡੀਕਰਨ ਦੀ ਵਿਵਸਥਾ ਖਤਮ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਮੈਂ ਦਲੇਰ ਕਿਸਾਨਾਂ ਨੂੰ ਭਰੋਸਾ ਦੁਆਉਂਦਾ ਹਾਂ ਕਿ ਸ਼੍ਰੋਮਣੀ ਅਕਾਲੀ ਦਲ ਉਨ੍ਹਾਂ ਖਿਲਾਫ ਕੋਈ ਵੀ ਵਿਤਕਰਾ ਨਹੀਂ ਹੋਣ ਦੇਵੇਗਾ। ਅਸੀਂ ਕਿਸੇ ਨੂੰ ਵੀ ਘੱਟੋ-ਘੱਟ ਸਮਰਥਨ ਮੁੱਲ ਅਤੇ ਯਕੀਨੀ ਮੰਡੀਕਰਨ ਨਾਲ ਨਾ ਸਿਰਫ ਹੁਣ ਬਲਕਿ ਭਵਿੱਖ ਵਿਚ ਵੀ ਛੇੜਖਾਨੀ ਨਹੀਂ ਕਰਨ ਦਿਆਂਗੇ। ਸੁਖਬੀਰ ਨੇ ਇਹ ਵੀ ਐਲਾਨ ਕੀਤਾ ਕਿ ਉਹ ਸੰਸਦ ਵਿਚ ਇਹ ਮਾਮਲਾ ਉਠਾਉਣਗੇ ਤੇ ਕੇਂਦਰ ਤੋਂ ਭਰੋਸਾ ਲੈਣਗੇ ਕਿ ਕਣਕ ਅਤੇ ਝੋਨੇ ਦੇ ਘੱਟੋ-ਘੱਟ ਸਮਰਥਨ ਮੁੱਲ ਅਤੇ ਯਕੀਨੀ ਮੰਡੀਕਰਨ ਨਾਲ ਕਿਸੇ ਵੀ ਤਰੀਕੇ ਛੇੜਖਾਨੀ ਨਾ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਮੈਂ ਕਿਸਾਨ ਸੰਗਠਨਾਂ ਦੇ ਨਾਲ ਚੱਲ ਕੇ ਉਨ੍ਹਾਂ ਨੂੰ ਜੋ ਵੀ ਸਪੱਸ਼ਟੀਕਰਨ ਚਾਹੀਦਾ ਹੈ ਕੇਂਦਰੀ ਖੇਤੀਬਾੜੀ ਮੰਤਰੀ ਤੋਂ ਲੈ ਕੇ ਦੇਣ ਲਈ ਤਿਆਰ ਹਾਂ।
ਸੁਖਬੀਰ ਨੇ ਸੂਬੇ ਵਿਚ ਮੱਕੀ ਉਤਪਾਦਕ ਕਿਸਾਨਾਂ ਦੀ ਦੁਰਦਸ਼ਾ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਸਿੱਧੇ ਤੌਰ 'ਤੇ ਜ਼ਿੰਮੇਵਾਰ ਠਹਿਰਾਉਂਦਿਆਂ ਕਿਹਾ ਕਿ 1825 ਰੁਪਏ ਪ੍ਰਤੀ ਕੁਇੰਟਲ ਦਾ ਘੱਟੋ-ਘੱਟ ਸਮਰਥਨ ਮੁੱਲ ਨਿਸ਼ਚਿਤ ਹੋਣ ਦੇ ਬਾਵਜੂਦ ਸੂਬੇ ਦੇ ਦੁਆਬਾ ਖੇਤਰ ਵਿਚ ਮੱਕੀ 600 ਤੋਂ 800 ਰੁਪਏ ਕੁਇੰਟਲ ਦੇ ਹਿਸਾਬ ਨਾਲ ਵਿਕੀ ਹੈ। ਉਨ੍ਹਾਂ ਨੇ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੂੰ ਆਖਿਆ ਕਿ ਉਹ ਮੁੱਖ ਮੰਤਰੀ ਨੂੰ ਗੂੜ੍ਹੀ ਨੀਂਦ ਵਿਚੋਂ ਜਗਾਉਣ ਤੇ ਸਰਕਾਰ ਮੱਕੀ ਨੂੰ ਜਨਤਕ ਵੰਡ ਪ੍ਰਣਾਲੀ ਦੀ ਵਿਵਸਥਾ ਵਿਚ ਸ਼ਾਮਲ ਕਰੇ ਤੇ ਘੱਟੋ-ਘੱਟ ਸਮਰਥਨ ਮੁੱਲ 'ਤੇ ਮੱਕੀ ਦੀ ਖਰੀਦ ਕਰੇ।
ਸੁਖਬੀਰ ਨੇ ਪ੍ਰਾਈਵੇਟ ਕੰਪਨੀਆਂ ਤੋਂ ਖੇਤੀਬਾੜੀ ਮਸ਼ੀਨਰੀ ਮਹਿੰਗੇ ਭਾਅ ਖਰੀਦਣ ਦੇ ਬਹੁ-ਕਰੋੜੀ ਘਪਲੇ ਦੀ ਸੀ. ਬੀ. ਆਈ. ਜਾਂਚ ਦੀ ਵੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਨੇ ਪ੍ਰਾਈਵੇਟ ਕੰਪਨੀਆਂ ਤੋਂ ਖੇਤੀਬਾੜੀ ਮਸ਼ੀਨਰੀ ਦੀ ਖਰੀਦ ਵਿਚ ਘਪਲਾ ਕਰ ਕੇ ਕਿਸਾਨਾਂ ਨਾਲ ਧੋਖਾ ਕੀਤਾ ਹੈ। ਜੋ ਮਸ਼ੀਨਰੀ ਖਰੀਦੀ ਗਈ, ਉਹ ਖੁੱਲ੍ਹੀ ਮਾਰਕੀਟ ਵਿਚ ਉਪਲਬਧ ਮਸ਼ੀਨਰੀ ਨਾਲੋਂ ਕਿਤੇ ਮਹਿੰਗੇ ਭਾਅ 'ਤੇ ਖਰੀਦੀ ਗਈ ਤੇ ਇਸ ਦੀ ਕੁਆਲਿਟੀ ਵੀ ਮਾੜੀ ਹੈ। ਇਸ ਮੌਕੇ ਜਥੇ. ਤੋਤਾ ਸਿੰਘ, ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ, ਮਹੇਸ਼ਇੰਦਰ ਸਿੰਘ ਗਰੇਵਾਲ ਤੇ ਡਾ. ਦਲਜੀਤ ਸਿੰਘ ਚੀਮਾ ਵੀ ਹਾਜ਼ਰ ਸਨ।
ਇਸ MLA ਦਾ ਹੈ ਨਾਖਾਂ ਦਾ ਬਾਗ, ਕਰਦੇ ਹਨ ਲੱਖਾਂ ਦੀ ਕਮਾਈ
NEXT STORY