ਚੰਡੀਗੜ੍ਹ (ਬਿਊਰੋ) : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਮੁੱਖ ਮੰਤਰੀ ਭਗਵੰਤ ਮਾਨ ਨੂੰ ਆਖਿਆ ਕਿ ਸਹਿਕਾਰੀ ਖੰਡ ਮਿੱਲਾਂ ਤੋਂ ਗੰਨਾ ਉਤਪਾਦਕ ਕਿਸਾਨਾਂ ਦੇ 331 ਕਰੋੜ ਰੁਪਏ ਦੇ ਬਕਾਏ ਤੁਰੰਤ ਜਾਰੀ ਕਰਵਾਏ ਜਾਣ। ਇਥੇ ਜਾਰੀ ਕੀਤੇ ਇਕ ਬਿਆਨ ਵਿਚ ਅਕਾਲੀ ਦਲ ਦੇ ਕਿਸਾਨ ਵਿੰਗ ਦੇ ਪ੍ਰਧਾਨ ਸਿਕੰਦਰ ਸਿੰਘ ਮਲੂਕਾ ਨੇ ਕਿਹਾ ਕਿ ਗੰਨਾ ਉਤਪਾਦਕਾਂ ਦਾ ਬਕਾਇਆ ਕਾਫੀ ਦੇਰ ਤੋਂ ਲਟਕ ਰਿਹਾ ਹੈ, ਜਦੋਂ ਕਿਸਾਨ ਪਹਿਲਾਂ ਹੀ ਸੰਕਟ ’ਚ ਘਿਰੇ ਹੋਏ ਹਨ। ਉਨ੍ਹਾਂ ਕਿਹਾ ਕਿ ਪਹਿਲਾਂ ਹੀ ਕਿਸਾਨ ਕਰਜ਼ੇ ਦੀ ਮਾਰ ਹੇਠ ਹਨ ਤੇ ਜੇਕਰ ਗੰਨਾ ਉਤਪਾਦਕਾਂ ਦੇ ਬਕਾਏ ਸਮੇਂ ਸਿਰ ਅਦਾ ਨਾ ਕੀਤੇ ਗਏ ਤਾਂ ਕਿਸਾਨਾਂ ਸਿਰ ਹੋਰ ਕਰਜ਼ਾ ਚੜ੍ਹ ਜਾਵੇਗਾ। ਉਨ੍ਹਾਂ ਕਿਹਾ ਕਿ ਬਕਾਏ ਅਦਾ ਕਰਨ ’ਚ ਢਿੱਲਮੱਠ ਕਾਰਨ ਕਿਸਾਨਾਂ ਨੂੰ ਕਣਕ ਤੇ ਝੋਨੇ ਦੇ ਫਸਲੀ ਚੱਕਰ ਤੋਂ ਪਾਸੇ ਮੋੜ ਕੇ ਗੰਨਾ ਉਤਪਾਦਨ ਵੱਲ ਲਗਾਏ ਜਾਣ ਦੇ ਯਤਨ ਵੀ ਖੂਹ ਖਾਤੇ ਪੈ ਜਾਣਗੇ।
ਇਹ ਵੀ ਪੜ੍ਹੋ : ਸਿੱਧੂ ਮੂਸੇਵਾਲਾ ਕਤਲ ਕਾਂਡ ਨੂੰ ਲੈ ਕੇ ਦਿੱਲੀ ਪੁਲਸ ਦਾ ਵੱਡਾ ਖ਼ੁਲਾਸਾ, 6 ਸ਼ੂਟਰਾਂ ਦੀ ਹੋਈ ਪਛਾਣ
ਮਲੂਕਾ ਨੇ ਕਿਹਾ ਕਿ ਪ੍ਰਾਈਵੇਟ ਖੰਡ ਮਿੱਲਾਂ, ਜਿਨ੍ਹਾਂ ਨੇ ਗੰਨਾ ਉਤਪਾਦਕਾਂ ਦੇ ਬਕਾਏ ਅਦਾ ਨਹੀਂ ਕੀਤੇ, ਨੂੰ ਵੀ ਕਰੜੇ ਹੱਥੀਂ ਲੈਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਕ ਅੰਦਾਜ਼ੇ ਮੁਤਾਬਕ ਪ੍ਰਾਈਵੇਟ ਖੰਡ ਮਿੱਲਾਂ ਨੇ ਵੀ ਕਿਸਾਨਾਂ ਦੇ 343 ਕਰੋੜ ਰੁਪਏ ਦੇਣੇ ਹਨ। ਉਨ੍ਹਾਂ ਕਿਹਾ ਕਿ ਸਹਿਕਾਰੀ ਤੇ ਪ੍ਰਾਈਵੇਟ ਦੋਵੇਂ ਖੰਡ ਮਿੱਲਾਂ ਨੂੰ ਸਪੱਸ਼ਟ ਹਦਾਇਤ ਹੋਣੀ ਚਾਹੀਦੀ ਹੈ ਕਿ ਗੰਨਾ ਉਤਪਾਦਕ ਕਿਸਾਨਾਂ ਦੇ ਵਿਆਜ ਸਮੇਤ ਬਕਾਏ ਅਦਾ ਕੀਤੇ ਜਾਣ।
ਇਹ ਵੀ ਪੜ੍ਹੋ : ਤਲਵੰਡੀ ਸਾਬੋ ਵਿਖੇ ਗੁਰਦੁਆਰਾ ਸਾਹਿਬ ’ਚ ਲੱਗੀ ਅੱਗ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 4 ਸਰੂਪ ਅਗਨ ਭੇਟ
ਅਕਾਲੀ ਆਗੂ ਨੇ ਕਿਹਾ ਕਿ ਸ਼ੂਗਰਕੇਨ ਕੰਟਰੋਲ ਆਰਡਰ ਤੇ ਕਲਾਜ਼ 3 930 ਮੁਤਾਬਕ ਗੰਨੇ ਦੀ ਖਰੀਦ ਤੇ ਰੈਗੂਲੇਸ਼ਨ ਐਕਟ ਮੁਤਾਬਕ ਖੰਡ ਮਿੱਲਾਂ ਨੇ ਖਰੀਦ ਦੇ 14 ਦਿਨਾਂ ਦੇ ਅੰਦਰ-ਅੰਦਰ ਅਦਾਇਗੀ ਕਰਨੀ ਹੁੰਦੀ ਹੈ, ਨਹੀਂ ਤਾਂ ਵਿਆਜ ਅਦਾ ਕਰਨਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਸਰਕਾਰ ਨੂੰ ਇਹ ਐਕਟ ਸਖ਼ਤੀ ਨਾਲ ਸਹੀ ਭਾਵਨਾ ਅਨੁਸਾਰ ਲਾਗੂ ਕਰਨਾ ਚਾਹੀਦਾ ਹੈ। ਮਲੂਕਾ ਨੇ ਗੰਨਾ ਉਤਪਾਦਕਾਂ ਨਾਲ ਹਮਦਰਦੀ ਪ੍ਰਗਟ ਕੀਤੀ, ਜੋ ਬਕਾਏ ਜਾਰੀ ਨਾ ਕਰਨ ’ਤੇ ਖੰਡ ਮਿੱਲ ਮਾਲਕਾਂ ਦੇ ਖ਼ਿਲਾਫ਼ ਰੋਸ ਮੁਜ਼ਾਹਰੇ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਜੇਕਰ ਆਮ ਆਦਮੀ ਪਾਰਟੀ ਸਰਕਾਰ ਨੇ ਗੰਨਾ ਉਤਪਾਦਕਾਂ ਦੇ ਬਕਾਏ ਜਾਰੀ ਨਾ ਕੀਤੇ ਤਾਂ ਫਿਰ ਅਕਾਲੀ ਦਲ ਪ੍ਰਭਾਵਿਤ ਕਿਸਾਨਾਂ ਲਈ ਨਿਆਂ ਹਾਸਲ ਕਰਨ ਵਾਸਤੇ ਸੰਘਰਸ਼ ਵਿੱਢੇਗਾ।
ਆਟੋ ਚਲਾਉਣ ਦੀ ਆੜ ਵਿਚ ਕਰਦਾ ਸੀ ਹੈਰੋਇਨ ਸਮੱਗਲਿੰਗ, ਪੁਲਸ ਨੇ ਕੀਤਾ ਕਾਬੂ
NEXT STORY