ਚੰਡੀਗੜ੍ਹ/ਗੁਰਦਾਸਪੁਰ- ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਟਵੀਟ ਕਰਕੇ ਗੁਰਦਾਸਪੁਰ ਵਿੱਚ ਹੋਏ ਰਣਜੀਤ ਸਿੰਘ ਦੇ ਕਥਿਤ ਫਰਜ਼ੀ ਪੁਲਸ ਐਨਕਾਊਂਟਰ ਮਾਮਲੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਅਤੇ ਐਡਹਾਕ ਡੀਜੀਪੀ ਗੌਰਵ ਯਾਦਵ ਦੇ ਅਸਤੀਫੇ ਦੀ ਮੰਗ ਕੀਤੀ ਹੈ। ਮਜੀਠੀਆ ਨੇ ਅਦਾਲਤ ਵੱਲੋਂ ਪੁਲਸ ਕਾਰਵਾਈ 'ਤੇ ਉਠਾਏ ਗਏ ਸਵਾਲਾਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਇਸ ਮਾਮਲੇ ਵਿੱਚ ਮੁੱਖ ਮੰਤਰੀ ਅਤੇ ਡੀਜੀਪੀ ਪੂਰੀ ਤਰ੍ਹਾਂ ਬੇਨਕਾਬ ਹੋ ਚੁੱਕੇ ਹਨ।
ਗੁਰਦਾਸਪੁਰ ਦੀ ਇੱਕ ਅਦਾਲਤ ਨੇ 19 ਸਾਲਾ ਰਣਜੀਤ ਸਿੰਘ ਦੇ ਪੁਲਿਸ ਐਨਕਾਊਂਟਰ ਮਾਮਲੇ ਵਿੱਚ ਪੁਲਿਸ ਦੀ ਕਹਾਣੀ 'ਤੇ ਗੰਭੀਰ ਸਵਾਲ ਉਠਾਉਂਦਿਆਂ ਕਈ ਅਹਿਮ ਨਿਰਦੇਸ਼ ਜਾਰੀ ਕੀਤੇ ਹਨ। ਡਿਊਟੀ ਮੈਜਿਸਟ੍ਰੇਟ ਨਿਰਮਲਾ ਦੇਵੀ ਨੇ ਮ੍ਰਿਤਕ ਦੀ ਮਾਂ ਸੁਖਜਿੰਦਰ ਕੌਰ ਦੀ ਅਰਜ਼ੀ 'ਤੇ ਸੁਣਵਾਈ ਕਰਦਿਆਂ ਐੱਸ.ਐੱਸ.ਪੀ. ਗੁਰਦਾਸਪੁਰ, ਸੀ.ਆਈ.ਏ. ਇੰਚਾਰਜ ਗੁਰਮੀਤ ਸਿੰਘ ਅਤੇ ਹੋਰ ਸਬੰਧਤ ਪੁਲਿਸ ਅਧਿਕਾਰੀਆਂ ਦੇ 20 ਫਰਵਰੀ ਤੋਂ 28 ਫਰਵਰੀ 2026 ਤੱਕ ਦੇ ਕਾਲ ਡਿਟੇਲ ਰਿਕਾਰਡ (CDR) ਅਤੇ ਜੀ.ਪੀ.ਐਸ. ਲੋਕੇਸ਼ਨ ਨੂੰ ਸੁਰੱਖਿਅਤ ਰੱਖਣ ਦੇ ਹੁਕਮ ਦਿੱਤੇ ਹਨ। ਅਦਾਲਤ ਨੇ ਪੁਲਸ ਦੀ ਉਸ ਦਲੀਲ ਨੂੰ ਰੱਦ ਕਰ ਦਿੱਤਾ ਹੈ ਜਿਸ ਵਿੱਚ ਉਨ੍ਹਾਂ ਨੇ ਇਹ ਕਹਿ ਕੇ ਕਾਲ ਡਿਟੇਲ ਦੇਣ ਦਾ ਵਿਰੋਧ ਕੀਤਾ ਸੀ ਕਿ ਇਸ ਨਾਲ ਅਧਿਕਾਰੀਆਂ ਦੀ ਸੁਰੱਖਿਆ ਨੂੰ ਖਤਰਾ ਹੋ ਸਕਦਾ ਹੈ। ਅਦਾਲਤ ਅਨੁਸਾਰ, ਆਰਟੀਕਲ 21 ਤਹਿਤ ਸੱਚਾਈ ਸਾਹਮਣੇ ਲਿਆਉਣਾ ਅਤੇ ਨਿਰਪੱਖ ਸੁਣਵਾਈ ਯਕੀਨੀ ਬਣਾਉਣਾ ਵਧੇਰੇ ਜ਼ਰੂਰੀ ਹੈ।
ਅਦਾਲਤ ਨੇ ਸੀਆਈਏ ਇੰਚਾਰਜ ਗੁਰਮੀਤ ਸਿੰਘ, ਜੋ ਕਿ ਐਨਕਾਊਂਟਰ ਦੌਰਾਨ ਜ਼ਖਮੀ ਦੱਸਿਆ ਗਿਆ ਸੀ, ਦੀ ਜਾਂਚ ਲਈ ਤਿੰਨ ਡਾਕਟਰਾਂ ਦਾ ਮੈਡੀਕਲ ਬੋਰਡ ਗਠਿਤ ਕਰਨ ਦੇ ਨਿਰਦੇਸ਼ ਦਿੱਤੇ ਹਨ। ਇਹ ਬੋਰਡ ਇਹ ਵੀ ਪਤਾ ਲਗਾਏਗਾ ਕਿ ਕੀ ਉਸ ਨੂੰ ਲੱਗੀ ਗੋਲੀ ਖੁਦ ਮਾਰੀ ਗਈ ਸੀ ਜਾਂ ਨਹੀਂ। ਇਸ ਤੋਂ ਇਲਾਵਾ, ਘਟਨਾ ਸਥਾਨ ਦੇ ਆਲੇ-ਦੁਆਲੇ ਲੱਗੇ ਸਾਰੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਕਬਜ਼ੇ ਵਿੱਚ ਲੈ ਕੇ ਜਾਂਚ ਦਾ ਹਿੱਸਾ ਬਣਾਉਣ ਲਈ ਕਿਹਾ ਗਿਆ ਹੈ।
ਪਟੀਸ਼ਨਕਰਤਾ ਨੇ ਦੋਸ਼ ਲਾਇਆ ਹੈ ਕਿ ਪੁਲਸ ਨੇ ਰਣਜੀਤ ਸਿੰਘ ਨੂੰ ਐਨਕਾਊਂਟਰ ਤੋਂ ਇੱਕ ਦਿਨ ਪਹਿਲਾਂ, 24 ਫਰਵਰੀ 2026 ਨੂੰ ਹੀ ਉਸਦੇ ਘਰੋਂ ਚੁੱਕ ਲਿਆ ਸੀ। ਪੁਲਸ ਦਾ ਇਹ ਦਾਅਵਾ ਕਿ ਗੱਡੀ ਪਲਟਣ ਤੋਂ ਬਾਅਦ ਉਹ ਭੱਜ ਗਿਆ ਸੀ, ਨੂੰ ਝੂਠਾ ਅਤੇ ਕਾਲਪਨਿਕ ਦੱਸਿਆ ਗਿਆ ਹੈ। ਅਦਾਲਤ ਨੇ ਇਹ ਵੀ ਨੋਟ ਕੀਤਾ ਕਿ ਪੁਲਸ ਵੱਲੋਂ ਗਠਿਤ ਕੀਤੀ ਗਈ ਐੱਸਆਈਟੀ ਮੌਜੂਦਾ ਹਾਲਾਤ ਵਿੱਚ ਪ੍ਰਭਾਵਸ਼ਾਲੀ ਨਜ਼ਰ ਨਹੀਂ ਆਉਂਦੀ ਅਤੇ ਇਸ ਵਿੱਚ 'ਹਿੱਤਾਂ ਦਾ ਟਕਰਾਅ' ਸਪੱਸ਼ਟ ਦਿਸਦਾ ਹੈ।
ਬਿਕਰਮ ਮਜੀਠੀਆ ਨੇ ਜ਼ੋਰ ਦੇ ਕੇ ਕਿਹਾ ਕਿ ਉੱਭਰ ਰਹੇ ਤੱਥਾਂ ਅਤੇ ਅਦਾਲਤੀ ਟਿੱਪਣੀਆਂ ਦੇ ਮੱਦੇਨਜ਼ਰ ਭਗਵੰਤ ਮਾਨ ਅਤੇ ਗੌਰਵ ਯਾਦਵ ਨੂੰ ਨੈਤਿਕ ਆਧਾਰ 'ਤੇ ਤੁਰੰਤ ਅਸਤੀਫਾ ਦੇਣਾ ਚਾਹੀਦਾ ਹੈ।
ਪ੍ਰੀਖਿਆ ਦੌਰਾਨ ਅੰਮ੍ਰਿਤਧਾਰੀ ਬੱਚੀ ਦੀ ਦਸਤਾਰ ਤੇ ਕਿਰਪਾਨ ਲੁਹਾਉਣਾ ਮੰਦਭਾਗਾ : ਰਾਜਪਾਲ
NEXT STORY