ਮਾਛੀਵਾੜਾ ਸਾਹਿਬ (ਟੱਕਰ) : ਵਿਧਾਨ ਸਭਾ ਹਲਕਾ ਸਮਰਾਲਾ ਜਿੱਥੇ ਕਿ ਸਾਰੀਆਂ ਹੀ ਸਿਆਸੀ ਪਾਰਟੀਆਂ ਦੇ ਸੰਭਾਵੀ ਉਮੀਦਵਾਰਾਂ ਵਲੋਂ ਚੋਣ ਮੈਦਾਨ 'ਚ ਉਤਰਨ ਸਬੰਧੀ ਟਿਕਟ ਲਈ ਜ਼ੋਰ-ਅਜਮਾਇਸ਼ ਸ਼ੁਰੂ ਕਰ ਦਿੱਤੀ ਹੈ ਅਤੇ ਇਲਾਕੇ 'ਚ ਪੋਸਟਰ ਅਤੇ ਬੈਨਰ ਲਗਾ ਕੇ ਆਪਣੀ ਮਜ਼ਬੂਤ ਦਾਅਵੇਦਾਰੀ ਪੇਸ਼ ਕਰਨ 'ਚ ਜੁੱਟ ਗਏ ਹਨ। ਹਲਕਾ ਸਮਰਾਲਾ 'ਚ ਜੇਕਰ ਕਿਸੇ ਸਿਆਸੀ ਪਾਰਟੀ ਦਾ ਆਪਸ 'ਚ ਗਠਜੋੜ ਨਾ ਹੋਇਆ ਤਾਂ ਛੇਕੋਣਾ ਬੜਾ ਰੌਚਕ ਮੁਕਾਬਲਾ ਦੇਖਣ ਨੂੰ ਮਿਲ ਸਕਦਾ ਹੈ, ਜਿਸ ਕਾਰਨ ਵੋਟ ਬੈਂਕ ਵੰਡਿਆ ਜਾਵੇਗਾ ਅਤੇ ਹਾਰ-ਜਿੱਤ ਦਾ ਅੰਤਰ ਵੀ ਬਹੁਤ ਘੱਟ ਰਹਿ ਸਕਦਾ ਹੈ। ਵਿਧਾਨ ਸਭਾ ਹਲਕਾ ਸਮਰਾਲਾ ਦੇ ਪਿਛੋਕੜ ’ਤੇ ਜੇਕਰ ਝਾਤ ਮਾਰੀਏ ਤਾਂ ਇੱਥੇ ਜ਼ਿਆਦਾਤਰ ਕਾਂਗਰਸ ਪਾਰਟੀ ਕਾਬਜ਼ ਰਹੀ ਹੈ। ਚਾਰ ਵਾਰ ਵਿਧਾਇਕ ਅਮਰੀਕ ਸਿੰਘ ਢਿੱਲੋਂ, ਇੱਕ ਵਾਰ ਅਕਾਲੀ ਦਲ ਦੇ ਜਗਜੀਵਨ ਸਿੰਘ ਖੀਰਨੀਆਂ ਅਤੇ ਹੁਣ ‘ਆਪ’ ਦੇ ਜਗਤਾਰ ਸਿੰਘ ਦਿਆਲਪੁਰਾ ਵਿਧਾਇਕ ਹਨ।

ਵਿਧਾਇਕ ਦਿਆਲਪੁਰਾ ਮਜ਼ਬੂਤ ਦਾਅਵੇਦਾਰ ਪਰ ਖੀਰਨੀਆਂ ਵੀ ‘ਆਪ’ ਦੀ ਟਿਕਟ ਲਈ ਯਤਨਸ਼ੀਲ
ਹਲਕਾ ਸਮਰਾਲਾ ਤੋਂ ਆਮ ਆਦਮੀ ਪਾਰਟੀ ਦੀ ਗੱਲ ਕਰੀਏ ਤਾਂ ਇੱਥੋਂ ਪਿਛਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਰਿਕਾਰਡ ਤੋੜ ਵੋਟਾਂ ਨਾਲ ਜੇਤੂ ਰਹੇ ਆਮ ਆਦਮੀ ਪਾਰਟੀ ਦੇ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ 2027 ਦੀਆਂ ਵਿਧਾਨ ਸਭਾ ਚੋਣਾਂ ਲਈ ਮਜ਼ਬੂਤ ਦਾਅਵੇਦਾਰ ਹਨ। ਪਿਛਲੇ 5 ਸਾਲ ਦੌਰਾਨ ਵਿਧਾਇਕ ਦਿਆਲਪੁਰਾ ’ਤੇ ਕੋਈ ਭ੍ਰਿਸ਼ਟਾਚਾਰ ਜਾਂ ਕੋਈ ਹੋਰ ਦੋਸ਼ ਨਹੀਂ ਲੱਗੇ ਅਤੇ ਨਾ ਹੀ ਉਨ੍ਹਾਂ ਦੀ ਪਾਰਟੀ 'ਚ ਜ਼ਿਆਦਾ ਵਿਰੋਧਤਾ ਹੈ। ਉਨ੍ਹਾਂ ਦੇ ਸਮਰਥਕਾਂ ਵਲੋਂ ਹਲਕਾ ਸਮਰਾਲਾ 'ਚ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਦੇ ਪੋਸਟਰ ਵੀ ਲਗਾ ਦਿੱਤੇ ਗਏ ਹਨ। ਦੂਸਰੇ ਪਾਸੇ ਪਿਛਲੀਆਂ 2022 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਸਾਬਕਾ ਵਿਧਾਇਕ ਜਗਜੀਵਨ ਸਿੰਘ ਖੀਰਨੀਆਂ ਵੀ ਟਿਕਟ ਦੇ ਇਛੁੱਕ ਸਨ ਪਰ ਉਨ੍ਹਾਂ ਨੂੰ ਟਿਕਟ ਨਾ ਮਿਲੀ, ਜਿਸ ਕਾਰਨ ਉਨ੍ਹਾਂ ਨੇ ਪਾਰਟੀ ਉਮੀਦਵਾਰ ਜਗਤਾਰ ਸਿੰਘ ਦਿਆਲਪੁਰਾ ਦੀ ਡੱਟ ਕੇ ਦਦ ਕੀਤੀ। ਸਾਬਕਾ ਵਿਧਾਇਕ ਜਗਜੀਵਨ ਸਿੰਘ ਖੀਰਨੀਆਂ ਦੀ ਇਲਾਕੇ 'ਚ ਆਪਣੀ ਅਲੱਗ ਹੀ ਪਛਾਣ ਹੈ ਕਿਉਂਕਿ ਉਹ ਹਰੇਕ ਦੇ ਦੁੱਖ-ਸੁੱਖ 'ਚ ਸ਼ਾਮਲ ਹੋ ਕੇ ਹਰਮਨ ਪਿਆਰੇ ਨੇਤਾ ਵਜੋਂ ਜਾਣੇ ਜਾਂਦੇ ਹਨ ਅਤੇ ਇੱਕ ਈਮਾਨਦਾਰ ਤੇ ਨੇਕ ਦਿਲ ਸਖ਼ਸ਼ੀਅਤ ਦੇ ਮਾਲਕ ਹਨ। ਜੇਕਰ ‘ਆਪ’ ਹਾਈਕਮਾਨ ਹਲਕਾ ਸਮਰਾਲਾ ਤੋਂ ਟਿਕਟ ਬਦਲਣਾ ਚਾਹੁੰਦੀ ਹੈ ਤਾਂ ਖੀਰਨੀਆਂ ਪਾਰਟੀ ਦੇ ਇੱਕ ਮਜ਼ਬੂਤ ਸੰਭਾਵੀ ਉਮੀਦਵਾਰ ਹੋ ਸਕਦੇ ਹਨ। ਇਸ ਤੋਂ ਇਲਾਵਾ ਮਾਛੀਵਾੜਾ ਨਗਰ ਕੌਂਸਲ ਦੇ ਪ੍ਰਧਾਨ ਮੋਹਿਤ ਕੁੰਦਰਾ ਜਿਨ੍ਹਾਂ ਦੀ ਪਿਛਲੇ ਸਵਾ ਸਾਲ ਤੋਂ ਇਤਿਹਾਸਕ ਸ਼ਹਿਰ ਮਾਛੀਵਾੜਾ ਵਿਚ ਕੀਤੀ ਵਧੀਆ ਕਾਰਗੁਜ਼ਾਰੀ ਕਾਰਨ ਪੂਰੇ ਹਲਕਾ ਸਮਰਾਲਾ 'ਚ ਪੂਰੀ ਚਰਚਾ ’ਚ ਹਨ। ਬੇਸ਼ੱਕ ਉਨ੍ਹਾਂ ਵਲੋਂ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਦੀ ਰਹਿਨੁਮਾਈ ਹੇਠ ਕੰਮ ਕੀਤਾ ਜਾ ਰਿਹਾ ਹੈ ਪਰ ਪ੍ਰਧਾਨ ਕੁੰਦਰਾ ਦੇ ਵਧੀਆ ਕੰਮਾਂ ਨੂੰ ਦੇਖਦਿਆ ਲੋਕ ਉਨ੍ਹਾਂ ਨੂੰ ਆਉਣ ਵਾਲੇ ਸਮੇਂ ’ਚ ਵਿਧਾਇਕ ਵਜੋਂ ਵੀ ਦੇਖ ਰਹੇ ਹਨ।

ਕਾਂਗਰਸ 'ਚ ਰਾਜਾ ਗਿੱਲ ਅਤੇ ਕਰਨਵੀਰ ਢਿੱਲੋਂ ਵਿਚਕਾਰ ਖਿੱਚੋਤਾਣ ਜ਼ੋਰਾਂ ’ਤੇ
ਵਿਧਾਨ ਸਭਾ ਹਲਕਾ ਸਮਰਾਲਾ ਜੋ ਕਿ ਕਾਂਗਰਸ ਦਾ ਗੜ੍ਹ ਰਿਹਾ ਹੈ ਅਤੇ ਪਿਛਲੀ ਵਾਰ ਇੱਥੋਂ ਅਮਰੀਕ ਸਿੰਘ ਢਿੱਲੋਂ ਨੂੰ ਟਿਕਟ ਨਾ ਮਿਲਣ ਕਾਰਨ ਨਵੇਂ ਉਮੀਦਵਾਰ ਰੁਪਿੰਦਰ ਸਿੰਘ ਰਾਜਾ ਗਿੱਲ ਮੈਦਾਨ 'ਚ ਉਤਰੇ ਸਨ। ਬੇਸ਼ੱਕ ਉਹ ਆਮ ਆਦਮੀ ਪਾਰਟੀ ਦੀ ਲਹਿਰ ਅੱਗੇ ਚੋਣ ਹਾਰ ਗਏ ਪਰ ਉਨ੍ਹਾਂ ਪਿਛਲੇ 5 ਸਾਲਾਂ ਵਿਚ ਪਾਰਟੀ ਦੀ ਮਜ਼ਬੂਤੀ, ਵਰਕਰਾਂ ਨੂੰ ਲਾਮਬੰਦ ਕਰਨਾ 'ਚ ਕੋਈ ਕਸਰ ਬਾਕੀ ਨਹੀਂ ਛੱਡੀ ਅਤੇ ਹਲਕੇ ਦੇ ਲੋਕਾਂ ਨਾਲ ਦੁੱਖ-ਸੁੱਖ 'ਚ ਚੱਟਾਨ ਵਾਂਗ ਖੜ੍ਹੇ। ਕੁੱਝ ਮਹੀਨੇ ਪਹਿਲਾਂ ਤਾਂ ਇਹ ਮੰਨਿਆ ਜਾ ਰਿਹਾ ਸੀ ਕਿ ਰੁਪਿੰਦਰ ਸਿੰਘ ਰਾਜਾ ਗਿੱਲ ਹੀ ਕਾਂਗਰਸ ਦੇ ਸਿਰਫ ਇੱਕੋ ਇੱਕ ਉਮੀਦਵਾਰ ਹਨ ਪਰ ਜਦੋਂ ਤੋਂ ਚਾਰ ਵਾਰ ਵਿਧਾਇਕ ਰਹਿ ਚੁੱਕੇ ਅਮਰੀਕ ਸਿੰਘ ਢਿੱਲੋਂ ਦੇ ਪੋਤਰੇ ਕਰਨਵੀਰ ਸਿੰਘ ਢਿੱਲੋਂ ਯੂਥ ਕਾਂਗਰਸ ਦੀਆਂ ਚੋਣਾਂ ਜਿੱਤ ਸੂਬਾ ਉਪ ਪ੍ਰਧਾਨ ਬਣੇ, ਉਸ ਤੋਂ ਬਾਅਦ ਕਾਂਗਰਸ ਪਾਰਟੀ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਉਨ੍ਹਾਂ ਘਰ ਫੇਰੀ ਦੌਰਾਨ ਟਿਕਟ ਦੀ ਦਾਅਵੇਦਾਰੀ ਪੇਸ਼ ਕੀਤੀ ਤਾਂ ਉਸ ਤੋਂ ਬਾਅਦ ਰਾਜਾ ਗਿੱਲ ਅਤੇ ਕਰਨਵੀਰ ਢਿੱਲੋਂ ਵਿਚਕਾਰ ਟਿਕਟ ਨੂੰ ਲੈ ਕੇ ਖਿੱਚੋਤਾਣ ਜ਼ੋਰਾਂ ’ਤੇ ਦਿਖਾਈ ਦੇ ਰਹੀ ਹੈ। ਇਸ ਤੋਂ ਇਲਾਵਾ ਕਾਂਗਰਸ ਪਾਰਟੀ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਬਹੁਤ ਨਜ਼ਦੀਕੀ ਕਾਂਗਰਸ ਦੇ ਜ਼ਿਲ੍ਹਾ ਉਪ ਪ੍ਰਧਾਨ ਤੇ ਵਿਧਾਨ ਸਭਾ ਹਲਕੇ ਦੇ ਆਬਜ਼ਰਵਰ ਕਸਤੂਰੀ ਲਾਲ ਮਿੰਟੂ ਵੀ ਟਿਕਟ ਲਈ ਦਾਅਵੇਦਾਰੀ ਪੇਸ਼ ਕਰਨ ਲਈ ਤਿਆਰ ਹਨ।
ਅਕਾਲੀ ਦਲ ਦੇ ਪਰਮਜੀਤ ਢਿੱਲੋਂ ਉਮੀਦਵਾਰ ਵਜੋਂ ਐਲਾਨ
ਸ਼੍ਰੋਮਣੀ ਅਕਾਲੀ ਦਲ ਪਾਰਟੀ ਦੇ ਹਲਕਾ ਸਮਰਾਲਾ ਤੋਂ ਮੁੱਖ ਸੇਵਾਦਾਰ ਪਰਮਜੀਤ ਸਿੰਘ ਢਿੱਲੋਂ ਨੂੰ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਕੁੱਝ ਮਹੀਨੇ ਪਹਿਲਾਂ ਹੀ ਇੱਕ ਵਿਸ਼ਾਲ ਰੈਲੀ ਦੌਰਾਨ ਹਲਕਾ ਸਮਰਾਲਾ ਤੋਂ ਉਮੀਦਵਾਰ ਵਜੋਂ ਐਲਾਨ ਕੀਤਾ ਹੋਇਆ ਹੈ। ਇਸ ਹਲਕੇ ਤੋਂ ਉਨ੍ਹਾਂ ਦੇ ਮੁਕਾਬਲੇ ਪਾਰਟੀ ਨਾਲ ਸਬੰਧਿਤ ਨਾ ਕੋਈ ਹੋਰ ਉਮੀਦਵਾਰ ਹੈ ਅਤੇ ਨਾ ਹੀ ਉਨ੍ਹਾਂ ਦੀ ਪਾਰਟੀ 'ਚ ਕੋਈ ਵਿਰੋਧਤਾ ਹੈ। ਹਲਕਾ ਸਮਰਾਲਾ ਦੀਆਂ ਲੰਘੀਆਂ ਬਲਾਕ ਸੰਮਤੀ, ਜ਼ਿਲ੍ਹਾ ਪ੍ਰੀਸ਼ਦ, ਨਗਰ ਕੌਂਸਲ ਚੋਣਾਂ ਦੌਰਾਨ ਅਕਾਲੀ ਦਲ ਦੀ ਵਧੀਆ ਕਾਰਗੁਜ਼ਾਰੀ ਰਹੀ ਅਤੇ ਉਨ੍ਹਾਂ ਵਲੋਂ ਪਿਛਲੇ 5 ਸਾਲ ਦੌਰਾਨ ਹਲਕੇ 'ਚ ਪਾਰਟੀ ਦੀ ਮਜ਼ਬੂਤੀ ਲਈ ਕੋਈ ਕਸਰ ਬਾਕੀ ਨਾ ਛੱਡੀ ਪਰ ਜੇਕਰ ਅਕਾਲੀ ਦਲ ਅਤੇ ਭਾਜਪਾ ਦਾ ਗਠਜੋੜ ਹੋ ਜਾਂਦਾ ਹੈ ਤਾਂ ਇੱਥੋਂ ਭਾਜਪਾ ਦੇ ਮਜ਼ਬੂਤ ਉਮੀਦਵਾਰ ਅਤੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਦੇ ਨਜ਼ਦੀਕੀ ਨੀਸ਼ੂ ਸ਼ਰਮਾ ਹਲਕਾ ਸਮਰਾਲਾ ਤੋਂ ਗਠਜੋੜ ਦੀ ਦਾਅਵੇਦਾਰੀ ਪੇਸ਼ ਕਰ ਪਰਮਜੀਤ ਢਿੱਲੋਂ ਦੀ ਟਿਕਟ ਨੂੰ ਖ਼ਤਰਾ ਪੈਦਾ ਕਰ ਸਕਦੇ ਹਨ। ਅਕਾਲੀ ਦਲ ਅਤੇ ਭਾਜਪਾ ਦੇ ਉਮੀਦਵਾਰ ਦੀ ਸਹੀ ਸਥਿਤੀ ਤਾਂ ਗਠਜੋੜ ਹੁੰਦਾ ਹੈ ਜਾਂ ਨਹੀਂ ਉਸ ਤੋਂ ਬਾਅਦ ਹੀ ਸਪੱਸ਼ਟ ਹੋਵੇਗੀ।
ਅਕਾਲੀ ਦਲ ਵਾਰਿਸ ਪੰਜਾਬ ਵਲੋਂ ਬਬਲੂ ਲੋਪੋਂ ਤੋਂ ਇਲਾਵਾ ਹੋਰ ਵੀ ਕਈ ਸੰਭਾਵੀ ਉਮੀਦਵਾਰ
ਅਕਾਲੀ ਦਲ ਵਾਰਿਸ ਪੰਜਾਬ ਪਾਰਟੀ ਦੀ ਗੱਲ ਕਰੀਏ ਤਾਂ ਉਹ ਹਲਕਾ ਸਮਰਾਲਾ ਤੋਂ ਪਹਿਲੀ ਵਾਰ ਚੋਣ ਲੜੇਗੀ। ਇਸ ਪਾਰਟੀ ਦੇ ਸਭ ਤੋਂ ਸਰਗਰਮ ਤੇ ਨੌਜਵਾਨ ਆਗੂ ਬਰਜਿੰਦਰ ਸਿੰਘ ਬਬਲੂ ਲੋਪੋਂ ਜੋ ਕਿ ਸ਼੍ਰੋਮਣੀ ਅਕਾਲੀ ਦਲ (ਬ) ਯੂਥ ਵਿੰਗ ਦੇ ਪ੍ਰਧਾਨ ਵੀ ਰਹਿ ਚੁੱਕੇ ਹਨ ਉਹ ਇੱਥੋਂ ਚੋਣ ਲੜਨ ਦੇ ਇਛੁੱਕ ਹਨ। ਲੋਪੋਂ ਪਰਿਵਾਰ ਦਾ ਹਲਕਾ ਸਮਰਾਲਾ 'ਚ ਆਧਾਰ ਵੀ ਹੈ ਅਤੇ ਉਹ ਵੀ ਪਾਰਟੀ ਦੀਆਂ ਸਰਗਰਮ ਗਤੀਵਿਧੀਆਂ 'ਚ ਹਿੱਸਾ ਵੀ ਲੈ ਰਹੇ ਹਨ। ਇਸ ਤੋਂ ਇਲਾਵਾ ਪਾਰਟੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਨਾਲ ਜੇਲ੍ਹ 'ਚ ਬੰਦ ਇਸ਼ਵਰ ਸਿੰਘ, ਬਲਵਿੰਦਰ ਸਿੰਘ ਲਿਬੜਾ ਅਤੇ ਸਾਬਕਾ ਚੇਅਰਮੈਨ ਬਲਵੀਰ ਸਿੰਘ ਮਾਨ ਵੀ ਪਾਰਟੀ ਵਲੋਂ ਟਿਕਟ ਲੈਣ ਲਈ ਜ਼ੋਰ ਅਜਮਾਇਸ਼ ਕਰ ਰਹੇ ਹਨ।
ਲੁਧਿਆਣਾ: ਗੁਪਤ ਅੰਗ ’ਚ ਇੰਜੈਕਸ਼ਨ ਲਾਉਂਦੇ ਨੌਜਵਾਨ ਦੀ ਵੀਡੀਓ ਆਈ ਸਾਹਮਣੇ
NEXT STORY