ਫਿਰੋਜ਼ਪੁਰ (ਸੰਨੀ ਚੋਪੜਾ): ਪੰਜਾਬ ਦੇ ਜ਼ਿਲ੍ਹਾ ਫਿਰੋਜ਼ਪੁਰ ਦੇ ਪਿੰਡ ਹਜ਼ਾਰਾ ਸਿੰਘ ਵਾਲਾ ਵਿਚ ਪੀਲੀਏ ਨੇ ਦਸਤਕ ਦੇ ਦਿੱਤੀ ਹੈ। ਬੱਚਿਆਂ ਤੋਂ ਲੈ ਕੇ ਬਜ਼ੁਰਗ ਤਕ ਇਸ ਬਿਮਾਰੀ ਦੀ ਲਪੇਟ ਵਿਚ ਆ ਰਹੇ ਹਨ। ਜਾਣਕਾਰੀ ਮੁਤਾਬਕ 12 ਬੱਚਿਆਂ ਤੋਂ ਇਲਾਵਾ ਤਿੰਨ ਹੋਰ ਨੌਜਵਾਨ ਪੀਲੀਏ ਤੋਂ ਪੀੜਤ ਪਾਏ ਗਏ ਹਨ। ਇਨ੍ਹਾਂ ਵਿਚੋਂ 6 ਬੱਚਿਆਂ ਦੀ ਹਾਲਤ ਠੀਕ ਨਾ ਹੋਣ ਕਾਰਨ ਉਨ੍ਹਾਂ ਨੂੰ ਸਿਵਲ ਹਸਪਤਾਲ ਫਿਰੋਜ਼ਪੁਰ ਵਿਚ ਦਾਖ਼ਲ ਕਰਵਾਇਆ ਗਿਆ ਹੈ।
ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਪਿਛਲੇ ਲੰਮੇ ਸਮੇਂ ਤੋਂ ਪੀਣ ਦੇ ਪਾਣੀ ਦੀ ਸਮੱਸਿਆ ਬਣੀ ਹੋਈ ਸੀ, ਜਿਸ ਕਾਰਨ ਬੱਚਿਆਂ ਨੂੰ ਬੁਖਾਰ, ਪੇਟ ਦਰਦ, ਸਿਰ ਦਰਦ ਤੇ ਅੱਖਾਂ ਵਿਚ ਦਰਦ ਜਿਹੀਆਂ ਸ਼ਿਕਾਇਤਾਂ ਹੋ ਰਹੀਆਂ ਸਨ। ਸਥਿਤੀ ਦੀ ਗੰਭੀਰਤਾ ਨੂੰ ਦੇਖਦਿਆਂ ਹੁਣ ਸਿਹਤ ਵਿਭਾਗ ਵਿਚ ਹਰਕਤ ਵਿਚ ਆ ਗਿਆ ਹੈ। ਵਿਭਾਗ ਦੀਆਂ ਵੱਖ-ਵੱਖ ਟੀਮਾਂ ਪਿੰਡ ਵਿਚ ਪਹੁੰਚ ਕੇ ਬੱਚਿਆਂ-ਬਜ਼ੁਰਗਾਂ ਦੇ ਨਾਲ-ਨਾਲ ਹੋਰ ਪਿੰਡ ਵਾਸੀਆਂ ਦੇ ਵੀ ਸੈਂਪਲ ਲੈ ਰਹੀਆਂ ਹਨ ਤੇ ਦਵਾਈਆਂ ਵੀ ਦਿੱਤੀਆਂ ਜਾ ਰਹੀਆਂ ਹਨ। ਇਸ ਦੇ ਨਾਲ ਹੀ ਪਿੰਡ ਦੀਆਂ ਦੁਕਾਨਾਂ 'ਤੇ ਵਿਕ ਰਹੀਆਂ ਖਾਣ ਵਾਲੀਆਂ ਚੀਜ਼ਾਂ ਤੇ ਪੀਣ ਦੇ ਪਾਣੀ ਦੇ ਵੀ ਸੈਂਪਲ ਲਏ ਜਾ ਰਹੇ ਹਨ।
ਮੈਡੀਕਲ ਅਫ਼ਸਰ ਰੇਖਾ ਭੱਟੀ ਨੇ ਦੱਸਿਆ ਕਿ ਪਿਛਲੇ ਸੋਮਵਾਰ ਤੋਂ ਸਿਹਤ ਵਿਭਾਗ ਦੀਆਂ ਟੀਮਾਂ ਲਗਾਤਾਰ ਪਿੰਡ ਵਿਚ ਕੰਮ ਕਰ ਰਹੀਆਂ ਹਨ। ਹੁਣ ਤਕ 15 ਲੋਕ, ਜਿਨ੍ਹਾਂ ਵਿਚ 12 ਬੱਚੇ ਸ਼ਾਮਲ ਹਨ, ਪੀਲੀਏ ਨਾਲ ਪੀੜਤ ਪਾਏ ਗਏ ਹਨ। 6 ਬੱਚਿਆਂ ਦੀ ਹਾਲਤ ਨੂੰ ਵੇਖਦਿਆਂ ਉਨ੍ਹਾਂ ਨੂੰ ਸਿਵਲ ਹਸਪਤਾਲ ਫਿਰੋਜ਼ਪੁਰ ਵਿਚ ਦਾਖ਼ਲ ਕਰਵਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਸੈਂਪਲ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਬੀਮਾਰੀ ਦੇ ਸਹੀ ਕਾਰਨਾਂ ਦਾ ਪਤਾ ਲੱਗ ਸਕੇਗਾ।
ਸਰਦੂਲਗੜ੍ਹ ਦੋਹਰਾ ਕਤਲ ਕਾਂਡ ਮਾਮਲੇ 'ਤੇ ਬੋਲੇ ਹਰਸਿਮਰਤ ਬਾਦਲ, ਪਹਿਲਾਂ ਅਜਿਹੇ ਹਾਲਾਤ ਨਹੀਂ ਦੇਖੇ
NEXT STORY