ਮੋਹਾਲੀ (ਸੰਦੀਪ) : ਜ਼ਿਲ੍ਹੇ ’ਚ ਡਾਇਰੀਆ ਅਤੇ ਹੈਜੇ ਦੇ ਮਾਮਲੇ ਸਾਹਮਣੇ ਆਉਣ ਲੱਗੇ ਹਨ। ਹੁਣ ਤੱਕ ਹੈਜ਼ੇ ਦਾ ਇਕ ਅਤੇ ਡਾਇਰੀਆ ਦੇ 20 ਕੇਸ ਮਿਲ ਚੁੱਕੇ ਹਨ, ਜਿਨ੍ਹਾਂ ’ਚੋਂ 9 ਮਰੀਜ਼ ਜ਼ਿਲ੍ਹਾ ਹਸਪਤਾਲ ’ਚ ਜ਼ੇਰੇ ਇਲਾਜ ਹਨ। ਮੰਗਲਵਾਰ ਨੂੰ ਡੀ. ਸੀ. ਆਸ਼ਿਕਾ ਜੈਨ ਨੇ ਸਿਹਤ ਵਿਭਾਗ, ਨਗਰ ਨਿਗਮ ਤੇ ਜਲ ਸਪਲਾਈ ਅਤੇ ਸਵੱਛਤਾ ਵਿਭਾਗ ਦੀਆਂ ਟੀਮਾਂ ਨਾਲ ਪ੍ਰਭਾਵਿਤ ਖੇਤਰ ਕੁੰਭੜਾ ਦਾ ਦੌਰਾ ਕੀਤਾ। ਉਨ੍ਹਾਂ ਹੁਕਮ ਦਿੱਤੇ ਕਿ ਜਦੋਂ ਤੱਕ ਦੁਬਾਰਾ ਸੈਂਪਲਿੰਗ ਨਹੀਂ ਹੋ ਜਾਂਦੀ, ਉਦੋਂ ਤੱਕ ਲੋਕਾਂ ਨੂੰ ਟੈਕਰਾਂ ਰਾਹੀਂ ਪਾਣੀ ਦੀ ਪੂਰਤੀ ਕੀਤੀ ਜਾਣੀ ਚਾਹੀਦੀ ਹੈ। ਜਲ ਸਪਲਾਈ ਤੇ ਸਵੱਛਤਾ ਵਿਭਾਗ ਨੇ ਡਿਪਟੀ ਕਮਿਸ਼ਨਰ ਨੂੰ ਦੱਸਿਆ ਕਿ ਇਲਾਕੇ ’ਚ ਲੋਕਾਂ ਨੇ ਪਾਣੀ ਦੀਆਂ ਟੈਂਕੀਆਂ ਜ਼ਮੀਨਦੋਜ਼ ਬਣਾਈਆਂ ਹੋਈਆਂ ਹਨ, ਜਿਨ੍ਹਾਂ ਦੀ ਲਗਾਤਾਰ ਸਫ਼ਾਈ ਨਾ ਹੋਣ ਕਾਰਨ ਪਾਣੀ ਪ੍ਰਦੂਸ਼ਿਤ ਹੋ ਜਾਂਦਾ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਜੇਕਰ ਲੋਕ ਇਸ ਪਾਣੀ ਦੀ ਵਰਤੋਂ ਨਹਾਉਣ ਜਾਂ ਕੱਪੜੇ ਧੋਣ ਆਦਿ ਲਈ ਕਰਦੇ ਹਨ ਤਾਂ ਬਿਮਾਰੀ ਫੈਲਣ ਦਾ ਖ਼ਤਰਾ ਹੈ। ਇਸ ਲਈ ਲੋਕਾਂ ਨੂੰ ਪੀਣ ਲਈ ਵਾਟਰ ਸਪਲਾਈ ਜਾਂ ਨਗਰ ਨਿਗਮ ਵੱਲੋਂ ਮੁਹੱਈਆ ਕਰਵਾਏ ਪਾਣੀ ਦੀ ਵਰਤੋਂ ਕਰਨੀ ਚਾਹੀਦੀ ਹੈ। ਉਨ੍ਹਾਂ ਨੇ ਲੋਕਾਂ ਨੂੰ ਜ਼ਮੀਨਦੋਜ਼ ਟੈਂਕੀਆਂ ਦੀ ਸਫ਼ਾਈ ਕਰਨ ਲਈ ਵੀ ਕਿਹਾ ਤਾਂ ਜੋ ਬਿਮਾਰਿਆਂ ਤੋਂ ਬਚਾਅ ਹੋ ਸਕੇ।
ਇਹ ਵੀ ਪੜ੍ਹੋ : ਸੁਖਬੀਰ ਵਲੋਂ ਪਾਰਟੀ ਦੀ ਕੋਰ ਕਮੇਟੀ ਭੰਗ ਕਰਨ 'ਤੇ ਬੋਲੇ ਬੀਬੀ ਜਗੀਰ ਕੌਰ-Boss is Always Right (ਵੀਡੀਓ)
ਸਾਵਧਾਨੀਆਂ ਵਰਤਣ ਦੀ ਲੋੜ
ਆਸ਼ਿਕਾ ਜੈਨ ਨੇ ਲੋਕਾਂ ਨੂੰ ਪੀਣ ਵਾਲੇ ਪਾਣੀ ਨੂੰ ਉਬਾਲ ਕੇ ਜਾਂ ਕਲੋਰੀਨ ਵਾਲਾ ਪਾਣੀ ਪੀਣ ਦੀ ਅਪੀਲ ਕੀਤੀ ਹੈ। ਡੀ. ਸੀ. ਨੇ ਕਿਹਾ ਕਿ ਪ੍ਰਸ਼ਾਸਨ ਆਪਣੇ ਪੱਧਰ ’ਤੇ ਲੋਕਾਂ ਨੂੰ ਡਾਇਰੀਆ ਅਤੇ ਹੈਜੇ ਦੀ ਲਪੇਟ ’ਚ ਆਉਣ ਤੋਂ ਬਚਾਉਣ ਲਈ ਹਰ ਸੰਭਵ ਕੋਸ਼ਿਸ਼ ਕਰ ਰਿਹਾ ਹੈ। ਉੱਥੇ ਹੀ ਇਨ੍ਹਾਂ ਬਿਮਾਰੀਆਂ ’ਤੇ ਪੂਰੀ ਤਰ੍ਹਾਂ ਕਾਬੂ ਪਾਉਣ ਲਈ ਲੋਕਾਂ ਨੂੰ ਜਾਗਰੂਕ ਵੀ ਕੀਤਾ ਜਾ ਰਿਹਾ ਹੈ। ਡੀ. ਸੀ. ਨੇ ਕਿਹਾ ਕਿ ਜ਼ਿਲ੍ਹੇ ’ਚ ਹੈਜਾ ਅਤੇ ਡਾਇਰੀਆ ਦੇ ਮਾਮਲੇ ਕਾਬੂ ਹੇਠ ਹਨ ਪਰ ਫਿਰ ਵੀ ਸਾਵਧਾਨ ਰਹਿਣ ਦੀ ਲੋੜ ਹੈ। ਜਲ ਸਪਲਾਈ ਅਤੇ ਸਵੱਛਤਾ ਵਿਭਾਗ ਲਗਾਤਾਰ ਸੈਂਪਲ ਲੈ ਕੇ ਜਾਂਚ ਕਰ ਰਿਹਾ ਹੈ। ਲੋਕਾਂ ਨੂੰ ਅਪੀਲ ਕੀਤੀ ਕਿ ਬਰਸਾਤ ਦੇ ਮੌਸਮ ’ਚ ਪਾਣੀ ਨੂੰ ਉਬਾਲ ਕੇ ਪੀਓ। ਇਸ ਦੌਰਾਨ ਜਲ ਸਪਲਾਈ ਅਤੇ ਸਵੱਛਤਾ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਗਈ ਕਿ ਜਿੱਥੇ ਵੀ ਡਾਇਰੀਆ ਅਤੇ ਹੈਜੇ ਦੇ ਕੇਸ ਸਾਹਮਣੇ ਆ ਰਹੇ ਹਨ, ਉੱਥੇ ਪਾਣੀ ਦੀ ਸਪਲਾਈ ਬੰਦ ਕੀਤੀ ਜਾਵੇ ਅਤੇ ਟੈਂਕਰਾਂ ਰਾਹੀਂ ਸਾਫ਼ ਪਾਣੀ ਦੀ ਸਪਲਾਈ ਯਕੀਨੀ ਬਣਾਈ ਜਾਵੇ। ਪਾਣੀ ਦੀ ਗੰਦਗੀ ਦੇ ਕਾਰਨਾਂ ਦਾ ਪਤਾ ਲਗਾ ਕੇ ਲੋੜੀਂਦੇ ਕਦਮ ਚੁੱਕੇ ਜਾਣ, ਫਿਰ ਪਾਣੀ ਦੀ ਸਪਲਾਈ ਚਾਲੂ ਕੀਤੀ ਜਾਵੇ।
ਇਹ ਵੀ ਪੜ੍ਹੋ : ਫਾਜ਼ਿਲਕਾ ਦੇ ਬਿਜਲੀ ਦਫ਼ਤਰ 'ਚ ਅਚਾਨਕ ਵਿਧਾਇਕ ਨੇ ਮਾਰਿਆ ਛਾਪਾ, ਜੰਮ ਕੇ ਪਾਈ ਮੁਲਾਜ਼ਮਾਂ ਨੂੰ ਝਾੜ
ਬਿਮਾਰੀ ਦਾ ਕਾਰਨ
ਹੈਜਾ ਇਕ ਬੈਕਟੀਰੀਆ ਦੀ ਲਾਗ ਕਾਰਨ ਹੁੰਦਾ ਹੈ, ਜੋ ਦੂਸ਼ਿਤ ਪਾਣੀ ਰਾਹੀਂ ਫੈਲਦਾ ਹੈ। ਇਸ ਨਾਲ ਗੰਭੀਰ ਦਸਤ ਤੇ ਡੀ-ਹਾਈਡਰੇਸ਼ਨ ਹੋ ਸਕਦੀ ਹੈ। ਦੂਸ਼ਿਤ ਪਾਣੀ ਪੀਣਾ ਜਾਂ ਦੂਸ਼ਿਤ ਭੋਜਨ ਖਾਣਾ ਬੈਕਟੀਰੀਆ ਦੇ ਸੰਪਰਕ ਦੇ ਸਭ ਤੋਂ ਆਮ ਸਾਧਨ ਹਨ। ਕੱਚੇ ਫਲਾਂ ਤੇ ਸਬਜ਼ੀਆਂ ਵੀ ਹੈਜੇ ਦੇ ਆਮ ਸਰੋਤ ਹਨ।
ਲੱਛਣ
ਦਸਤ, ਉਲਟੀਆਂ ਤੇ ਮਤਲੀ, ਸੁਸਤੀ, ਡੀ-ਹਾਈਡਰੇਸ਼ਨ, ਮਾਸਪੇਸ਼ੀਆਂ ’ਚ ਕੜਵੱਲ, ਤੇਜ਼ ਨਬਜ਼, ਬਹੁਤ ਜ਼ਿਆਦਾ ਪਿਆਸ, ਖੁਸ਼ਕ ਚਮੜੀ ਤੇ ਮੂੰਹ ਸ਼ਾਮਲ ਹਨ। ਹੈਜੇ ਕਾਰਨ ਹੋਣ ਵਾਲੇ ਦਸਤ ਆਮ ਤੌਰ ’ਤੇ ਅਚਾਨਕ ਸ਼ੁਰੂ ਹੋ ਜਾਂਦੇ ਹਨ ਤੇ ਤੇਜ਼ੀ ਨਾਲ ਡੀਹਾਈਡਰੇਸ਼ਨ ਦੇ ਖ਼ਤਰਨਾਕ ਪੱਧਰਾਂ ਵੱਲ ਲੈ ਜਾਂਦੇ ਹਨ।
ਇਲਾਜ ਤੇ ਰੋਕਥਾਮ
ਕੁੱਝ ਘਰੇਲੂ ਨੁਸਖਿਆਂ ਨੂੰ ਅਪਣਾ ਕੇ ਹੈਜੇ ਤੋਂ ਬਚਿਆ ਜਾ ਸਕਦਾ ਹੈ। ਸਿਰਫ਼ ਉਬਲੇ ਹੋਏ ਪਾਣੀ ਦੀ ਵਰਤੋਂ ਕਰਕੇ ਆਪਣੀ ਅਤੇ ਪਰਿਵਾਰ ਦੀ ਰੱਖਿਆ ਕਰੋ। ਬੋਤਲਬੰਦ, ਉਬਾਲੇ ਜਾਂ ਰਸਾਇਣਕ ਤੌਰ ’ਤੇ ਰੋਗਾਣੂ ਮੁਕਤ ਪਾਣੀ ਪੀਣ, ਖਾਣਾ ਬਣਾਉਣ, ਬੁਰਸ਼ ਕਰਨ, ਚਿਹਰਾ ਤੇ ਹੱਥ ਧੋਣ, ਬਰਤਨ ਧੋਣ, ਫ਼ਲਾਂ ਅਤੇ ਸਬਜ਼ੀਆਂ ਦੀ ਸਫ਼ਾਈ ਲਈ ਵਰਤਿਆ ਜਾਣਾ ਚਾਹੀਦਾ ਹੈ। ਪਾਣੀ ਨੂੰ ਰੋਗਾਣੂ ਮੁਕਤ ਕਰਨ ਲਈ ਘੱਟ ਤੋਂ ਘੱਟ ਇਕ ਮਿੰਟ ਲਈ ਉਬਾਲੋ ਜਾਂ ਫਿਲਟਰ ਕਰੋ। ਤੁਹਾਨੂੰ ਕੱਚੇ ਭੋਜਨ ਦੀ ਵਰਤੋਂ ਕਰਨ ਤੋਂ ਵੀ ਬਚਣਾ ਚਾਹੀਦਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਕਰੋੜਾਂ ਦੀ ਹਵਾਲਾ ਰਾਸ਼ੀ ਫੜਨ ਦੇ ਮਾਮਲੇ 'ਚ ਵੱਡਾ ਖ਼ੁਲਾਸਾ, ਦੋਆਬਾ ਦੇ 7 ਫਾਰੈਕਸ ਕਾਰੋਬਾਰੀਆਂ ਦੇ ਨਾਂ ਆਏ ਸਾਹਮਣੇ
NEXT STORY